ਈ-ਵੇ ਬਿੱਲ ਦੀ ਹੱਦ ਛੇਤੀ ਹੀ ਮੁੜ 1 ਲੱਖ ਰੁਪਏ ਹੋਵੇਗੀ

Monday, Sep 16, 2019 - 12:02 PM (IST)

ਈ-ਵੇ ਬਿੱਲ ਦੀ ਹੱਦ ਛੇਤੀ ਹੀ ਮੁੜ 1 ਲੱਖ ਰੁਪਏ ਹੋਵੇਗੀ

ਜਲੰਧਰ (ਖੁਰਾਣਾ)— ਵਪਾਰ ਅਤੇ ਉਦਯੋਗ ਵਰਗ ਦੇ ਇਕ ਵਫਦ ਨੇ ਬੀਤੇ ਦਿਨ ਰਵਿੰਦਰ ਧੀਰ, ਬਲਜੀਤ ਸਿੰਘ ਆਹਲੂਵਾਲੀਆ, ਅਮਿਤ ਸਹਿਗਲ, ਅਰੁਣ ਬਜਾਜ, ਸੁਰੇਸ਼ ਗੁਪਤਾ, ਰਾਕੇਸ਼ ਗੁਪਤਾ, ਵਿਪਨ ਪਰੀਂਜਾ ਅਤੇ ਵਿਜੇ ਧੀਰ ਦੀ ਅਗਵਾਈ 'ਚ ਸੰਸਦ ਮੈਂਬਰ ਚੌ. ਸੰਤੋਖ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਸਾਹਮਣੇ ਈ-ਵੇ ਬਿੱਲ ਦੀ ਹੱਦ ਦਾ ਮਾਮਲਾ ਰੱਖਿਆ।

ਜ਼ਿਕਰਯੋਗ ਹੈ ਕਿ ਇੰਟਰ ਸਟੇਟ ਈ-ਵੇ ਬਿੱਲ ਦੀ ਹੱਦ 13 ਸਤੰਬਰ ਤੱਕ 1 ਲੱਖ ਰੁਪਏ ਸੀ ਪਰ ਇਸ ਤੋਂ ਬਾਅਦ ਦੁਬਾਰਾ 50 ਹਜ਼ਾਰ ਰੁਪਏ ਹੱਦ ਤੋਂ ਬਾਅਦ ਈ-ਵੇ ਬਿੱਲ ਲਾਗੂ ਹੋ ਰਿਹਾ ਸੀ। ਵਪਾਰੀ ਇਸ ਤੋਂ ਪ੍ਰੇਸ਼ਾਨ ਸਨ। ਵਪਾਰੀਆਂ ਦੀ ਮੰਗ 'ਤੇ ਸੰਸਦ ਮੈਂਬਰ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਫੋਨ ਕਰਕੇ 1 ਲੱਖ ਦੀ ਹੱਦ ਅਗਲੇ ਇਕ ਸਾਲ ਤੱਕ ਮੁੜ ਕਰਨ ਦੀ ਮੰਗ ਰੱਖੀ, ਜਿਸ ਨੂੰ ਮਨਪ੍ਰੀਤ ਬਾਦਲ ਨੇ ਸਵੀਕਾਰ ਕਰ ਲਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਇਕ-ਦੋ ਦਿਨ 'ਚ ਇਸ ਦਾ ਨੋਟੀਫਿਕੇਸ਼ਨ ਆ ਜਾਏਗਾ ਅਤੇ 1 ਲੱਖ ਦੀ ਹੱਦ ਅਗਲੇ 6 ਮਹੀਨੇ ਤਕ ਵਧ ਸਕਦੀ ਹੈ। ਵਪਾਰ ਵਰਗ ਦੀਆਂ ਹੋਰ ਸਮੱਸਿਆਵਾਂ ਨੂੰ ਲੈ ਕੇ ਵੀ ਬੈਠਕ ਦੌਰਾਨ ਚਰਚਾ ਹੋਈ ਅਤੇ ਫੈਸਲਾ ਹੋਇਆ ਕਿ ਛੇਤੀ ਹੀ ਵਿੱਤ ਮੰਤਰੀ ਨਾਲ ਕਾਰੋਬਾਰੀਆਂ ਦੀ ਬੈਠਕ ਕਰਵਾਈ ਜਾਏਗੀ।

ਬੈਠਕ ਦੌਰਾਨ ਪਟੇਲ ਹਸਪਤਾਲ ਵਿਵਾਦ ਦੇ ਨਾ ਸੁਲਝਣ 'ਤੇ ਵੀ ਚਿੰਤਾ ਪ੍ਰਗਟ ਕੀਤੀ ਗਈ। ਵਫਦ 'ਚ ਪ੍ਰੇਮ ਉੱਪਲ, ਸੰਦੀਪ ਗਾਂਧੀ, ਨੰਦ ਕਿਸ਼ੋਰ ਸਭਰਵਾਲ, ਅਮਰਦੀਪ ਸੱਗੂ, ਪੁਨੀਸ਼ ਮਦਾਨ, ਮੁਨੀਸ਼ ਚੋਪੜਾ, ਅਮਨਪ੍ਰੀਤ ਸਿੰਘ, ਗੌਰਵ ਸਲਗੋਤਰਾ, ਨਿਤਿਨ ਪੁਰੀ, ਗਿਰੀਸ਼ ਭੱਲਾ, ਲਲਿਤ ਸਾਹਨੀ, ਬਾਲ ਕ੍ਰਿਸ਼ਣ ਤੇ ਵਿਵੇਕ ਆਦਿ ਹਾਜ਼ਰ ਸਨ।
ਬੰਦ ਦੌਰਾਨ ਪ੍ਰਸ਼ਾਸਨ ਦੀ ਨਾਕਾਮੀ ਨੂੰ ਕੋਸਿਆ
ਪਿਛਲੇ ਦਿਨੀਂ ਹੋਏ ਬੰਦ ਦੌਰਾਨ ਜਿਸ ਤਰ੍ਹਾਂ ਹਿੰਸਾ ਹੋਈ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ, ਉਸ ਨੂੰ ਲੈ ਕੇ ਵਪਾਰੀਆਂ ਨੇ ਸੰਸਦ ਸਾਹਮਣੇ ਚਿੰਤਾ ਜ਼ਾਹਿਰ ਕੀਤੀ। ਵਪਾਰੀ ਆਗੂਆਂ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਉਹ ਠੀਕ ਮੁੱਦਿਆਂ 'ਤੇ ਬੰਦ ਦਾ ਸਮਰਥਨ ਕਰਨਗੇ ਪਰ ਜੇਕਰ ਕਿਸੇ ਨੇ ਹਿੰਸਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਜ਼ਾਰ ਖੁੱਲ੍ਹਵਾ ਦਿੱਤੇ ਜਾਣਗੇ। ਉਸ ਤੋਂ ਬਾਅਦ ਕੋਈ ਵੀ ਘਟਨਾ ਦਾ ਜ਼ਿੰਮੇਦਾਰ ਪ੍ਰਸ਼ਾਸਨ ਹੀ ਹੋਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੋਏ ਬੰਦ ਦੌਰਾਨ ਸ਼ਰਾਰਤੀ ਅਨਸਰਾਂ ਨੇ ਤੇਜ਼ਧਾਰ ਹਥਿਆਰ ਲੈ ਕੇ ਜੋਤੀ ਚੌਕ ਨੇੜੇ ਸਬਜ਼ੀ ਮੰਡੀ ਨੂੰ ਤਹਿਸ-ਨਹਿਸ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਬੰਦ ਦੌਰਾਨ ਕਿਸੇ ਸ਼ਰਾਰਤੀ ਨੇ ਫਗਵਾੜਾ ਗੇਟ ਦੀ ਇਕ ਦੁਕਾਨ 'ਤੇ ਪੱਥਰ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਫਗਵਾੜਾ ਗੇਟ ਦੇ ਦੁਕਾਨਦਾਰਾਂ ਨੇ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ ਖੁੱਲ੍ਹਵਾ ਕੇ ਬੰਦ ਕਰਵਾਉਣ ਵਾਲਿਆਂ ਨੂੰ ਸਖਤ ਸੁਨੇਹਾ ਦਿੱਤਾ ਸੀ।


author

shivani attri

Content Editor

Related News