ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਇਜ਼ਰਾਇਲੀ ਡਿਪਲੋਮੈਟ ਨਾਲ ਮੁਲਾਕਾਤ

Tuesday, Dec 23, 2025 - 12:11 PM (IST)

ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਇਜ਼ਰਾਇਲੀ ਡਿਪਲੋਮੈਟ ਨਾਲ ਮੁਲਾਕਾਤ

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ): ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਇਜ਼ਰਾਈਲ ਦੇ ਮੰਤਰੀ ਤੇ ਇਜ਼ਰਾਈਲੀ ਸਫ਼ਾਰਤਖ਼ਾਨੇ ’ਚ ਮਿਸ਼ਨ ਡਿਪਟੀ ਹੈੱਡ ਫਾਰੇਸ ਸਾਏਬ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਾਣੀ ਦੀ ਸੰਭਾਲ ਅਤੇ ਸੀਵਰੇਜ ਦੇ ਪਾਣੀ ਦੀ ਮੁੜ ਵਰਤੋਂ ਵਾਲੇ ਖੇਤਰਾਂ ਖ਼ਾਸਕਰ ਰਾਜ ਦੇ ਸ਼ਹਿਰੀ ਖੇਤਰਾਂ ’ਚ ਵਰਤੋਂ ਲਈ ਉੱਨਤ ਇਜ਼ਰਾਈਲੀ ਤਕਨੀਕਾਂ ਨੂੰ ਅਪਣਾਉਣ ’ਤੇ ਵਿਸਥਾਰਤ ਚਰਚਾ ਕੀਤੀ ਗਈ।

ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਤੇ ਨਾਗਰਿਕ ਸੇਵਾਵਾਂ ਦੀ ਵਧ ਰਹੀ ਮੰਗ ਦੇ ਮੱਦੇਨਜ਼ਰ ਟਿਕਾਊ ਪਾਣੀ ਪ੍ਰਬੰਧਣ ਤੇ ਸੋਧੇ ਹੋਏ ਗੰਦੇ ਪਾਣੀ ਦੀ ਕੁਸ਼ਲ ਢੰਗ ਨਾਲ ਮੁੜ ਵਰਤੋਂ ਸੂਬਾ ਸਰਕਾਰ ਦੀਆਂ ਮੁੱਖ ਤਰਜੀਹਾਂ ਹਨ। ਉਨ੍ਹਾਂ ਨੇ ਪਾਣੀ ਦੀ ਕੁਸ਼ਲਤਾ, ਟਰੀਟਡ ਸੀਵਰੇਜ ਦੀ ਮੁੜ ਵਰਤੋਂ ਤੇ ਆਧੁਨਿਕ ਸ਼ਹਿਰੀ ਬੁਨਿਆਦੀ ਢਾਂਚੇ ਦੇ ਹੱਲਾਂ ’ਚ ਇਜ਼ਰਾਈਲ ਦੇ ਵਿਸ਼ਵ-ਪੱਧਰੀ ਮਾਨਤਾ ਪ੍ਰਾਪਤ ਅਭਿਆਸਾਂ ਬਾਰੇ ਵਿਚਾਰ ਸਾਂਝੇ ਕੀਤੇ। ਦੋਵਾਂ ਧਿਰਾਂ ਨੇ ਪੰਜਾਬ ਦੇ ਸ਼ਹਿਰਾਂ ’ਚ ਅਜਿਹੀਆਂ ਤਕਨੀਕਾਂ ਦੇ ਵਿਹਾਰਕ ਲਾਗੂ ਕਰਨ ਦੀ ਪੜਚੋਲ ਕਰਨ ਲਈ ਸੰਭਾਵੀ ਤਕਨੀਕੀ ਸਹਿਯੋਗ, ਸੂਚਨਾ ਦਾ ਆਦਾਨ-ਪ੍ਰਦਾਨ ਕਰਨ ਸਣੇ ਭਵਿੱਖੀ ਸ਼ਮੂਲੀਅਤ ’ਤੇ ਵਿਚਾਰ-ਚਰਚਾ ਕੀਤੀ। ਇਸ ਮੌਕੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਤੇ ਹੋਰ ਅਧਿਕਾਰੀ ਸ਼ਾਮਲ ਸਨ।


author

Anmol Tagra

Content Editor

Related News