ਹੋਟਲੀਅਰ ਗੌਰਵ ਚੋਪੜਾ ਤੇ ਵਾਸਲ ਮਾਲ ਦੇ ਮਾਲਕ ਸਮੇਤ ਪਤਨੀ ਪੁਲਸ ਦੀ ਪਹੁੰਚ ਤੋਂ ਦੂਰ

11/06/2021 1:31:03 PM

ਜਲੰਧਰ (ਜ.ਬ)– ਥਾਣਾ ਪਤਾਰਾ ਵਿਚ ਕੱਟੀ ਗਈ ਨਾਜਾਇਜ਼ ਕਾਲੋਨੀ ਦੀ ਦੋਬਾਰਾ ਹੋਰ ਲੋਕਾਂ ਦੇ ਨਾਂ ’ਤੇ ਰਜਿਸਟਰੀ ਕਰਵਾ ਕੇ ਲੋਕਾਂ ਨਾਲ ਧੋਖਾਦੇਹੀ ਕਰਨ ਦੇ ਮਾਮਲੇ ਵਿਚ ਆਈ. ਪੀ. ਐੱਸ. ਅਧਿਕਾਰੀ ਅਜੈ ਗਾਂਧੀ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਬਹੁ-ਚਰਚਿਤ ਕਾਰੋਬਾਰੀ ਹੋਟਲੀਅਰ ਅਤੇ ਰਾਗਾ ਮੋਟਰਸ ਦੇ ਮਾਲਕ ਗੌਰਵ ਚੋਪੜਾ ਅਤੇ ਵਾਸਲ ਮਾਲ ਦੇ ਮਾਲਕ ਰਾਮ ਪ੍ਰਕਾਸ਼ ਵਾਸਲ, ਉਨ੍ਹਾਂ ਦੀ ਪਤਨੀ ਰਾਜ ਵਾਸਲ ਅਤੇ ਬੇਟਾ ਮਹੇਸ਼ ਵਾਸਲ ਨਿਵਾਸੀ ਦਸੂਹਾ (ਹੁਸ਼ਿਆਰਪੁਰ) ਖ਼ਿਲਾਫ਼ ਕੇਸ ਦਰਜ ਹੋਣ ਦੇ 24 ਘੰਟਿਆਂ ਬਾਅਦ ਵੀ ਉਹ ਪੁਲਸ ਦੀ ਪਹੁੰਚ ਤੋਂ ਦੂਰ ਹਨ। ਜਦੋਂ ਤੋਂ ਕੇਸ ਦਰਜ ਹੋਇਆ ਹੈ, ਉਦੋਂ ਤੋਂ ਪੁਲਸ ਇਸ ਮਾਮਲੇ ਨੂੰ ਦਬਾਉਣ ਵਿਚ ਲੱਗੀ ਹੋਈ ਹੈ। ਹੁਣ ਇਸ ਦੇ ਪਿੱਛੇ ਕਾਰਨ ਸਿਆਸੀ ਦਬਾਅ ਦੱਸਿਆ ਜਾ ਰਿਹਾ ਹੈ ਕਿ ਕਿਉਂਕਿ ਸਾਰੇ ਮੁਲਜ਼ਮ ਹੁਣ ਸਿਆਸਤਦਾਨਾਂ ਨੂੰ ਅਪਰੋਚ ਕਰ ਕੇ ਇਸ ਮਾਮਲੇ ਨੂੰ ਰਫਾ-ਦਫਾ ਕਰਨ ਵਿਚ ਲੱਗੇ ਹੋਏ ਹਨ। ਇੰਨੀ ਵੱਡੀ ਠੱਗੀ ਵੱਜਣ ਦੇ ਬਾਵਜੂਦ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਈ ਸਵਾਲ ਖੜ੍ਹੇ ਕਰ ਰਹੀ ਹੈ।

ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ ਵਿਚ ਹੁਣ ਵੱਡੇ ਪੱਧਰ ਦੇ ਅਧਿਕਾਰੀਆਂ ਨਾਲ ਮੁਲਜ਼ਮ ਸੈਟਿੰਗ ਕਰਨ ਵਿਚ ਲੱਗੇ ਹੋਏ ਹਨ। ਅਧਿਕਾਰੀਆਂ ਦੇ ਖ਼ਾਸਮ-ਖ਼ਾਸ ਲੋਕਾਂ ਤੱਕ ਅਪਰੋਚ ਕੀਤੀ ਜਾ ਰਹੀ ਹੈ ਕਿਉਂਕਿ ਇਸ ਕੇਸ ਨੂੰ ਰੱਦ ਕਰਵਾਇਆ ਜਾ ਸਕੇ। ਐੱਸ. ਐੱਸ. ਪੀ. ਦਫਤਰ ਵਿਚ ਚਰਚਾ ਹੈ ਕਿ ਸ਼ਹਿਰ ਦੀ ਇਕ ਵੱਡੀ ਲਾਬੀ ਮੁਲਜ਼ਮਾਂ ਨੂੰ ਸ਼ੈਲਟਰ ਦੇਣ ਵਿਚ ਲੱਗੀ ਹੋਈ ਹੈ, ਜਿਨ੍ਹਾਂ ਵਿਚ ਕਈ ਸਿਆਸਤਦਾਨਾਂ ਸਮੇਤ ਪਾਵਰਫੁੱਲ ਬਿਜ਼ਨੈੱਸਮੈਨ ਵੀ ਸ਼ਾਮਲ ਹਨ। ਦੂਜੇ ਪਾਸੇ ਗੌਰਵ ਚੋਪੜਾ ਅਤੇ ਰਾਮ ਪ੍ਰਕਾਸ਼ ਵਾਸਲ ਖ਼ਿਲਾਫ਼ ਸ਼ਹਿਰ ਦੀ ਇਕ ਲਾਬੀ ਇਕ ਵੱਡੀ ਪਾਰਟੀ ਦੇ ਆਗੂ ’ਤੇ ਦਬਾਅ ਬਣਾਉਣ ਵਿਚ ਲੱਗੀ ਹੋਈ ਹੈ ਕਿ ਨਾਮਜ਼ਦ ਮੁਲਜ਼ਮਾਂ ਦੀ ਜਲਦ ਤੋਂ ਜਲਦ ਗ੍ਰਿਫ਼ਤਾਰੀ ਕਰਵਾਈ ਜਾਵੇ, ਹਾਲਾਂਕਿ ਉਕਤ ਆਗੂ ਜਿਸ ਪਾਰਟੀ ਨਾਲ ਸਬੰਧ ਰੱਖਦਾ ਹੈ, ਉਸੇ ਪਾਰਟੀ ਨੇ ਹਾਲ ਹੀ ਵਿਚ ਉਸ ਨੂੰ ਨਜ਼ਰਅੰਦਾਜ਼ ਕਰਦਿਆਂ ਘਰ ਬਿਠਾਇਆ ਹੋਇਆ ਹੈ।

ਇਹ ਵੀ ਪੜ੍ਹੋ: ਕਪੂਰਥਲਾ: ਪਤਨੀ ਦੇ ਪ੍ਰੇਮ-ਸੰਬੰਧਾਂ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਪਤੀ ਨੇ ਲਾਇਆ ਮੌਤ ਨੂੰ ਗਲੇ

ਜ਼ਿਕਰਯੋਗ ਹੈ ਕਿ ਥਾਣਾ ਪਤਾਰਾ ਵਿਚ ਇਕ ਐੱਫ. ਆਈ. ਆਰ. ਨੰਬਰ 18 ਤਹਿਤ 420, 427 ਅਤੇ ਪੁੱਡਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਪੀੜਤ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਕਤ ਮੁਲਜ਼ਮਾਂ ’ਤੇ ਨਾਜਾਇਜ਼ ਕਾਲੋਨੀ ਕੱਟਣ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਉਕਤ ਲੋਕ ਕਾਲੋਨੀ ਵਿਚ ਪਲਾਟ ਵੇਚਣ ਦੇ ਨਾਂ ’ਤੇ ਠੱਗੀ ਕਰ ਰਹੇ ਸਨ। ਇਸ ਸ਼ਿਕਾਇਤ ਦੀ ਜਾਂਚ ਜਦੋਂ ਡੀ. ਐੱਸ. ਪੀ. ਆਦਮਪੁਰ ਆਈ. ਪੀ. ਐੱਸ. ਅਜੈ ਗਾਂਧੀ ਕੋਲ ਪਹੁੰਚੀ ਤਾਂ ਪਤਾ ਲੱਗਾ ਕਿ ਉਕਤ ਜ਼ਮੀਨ ਦਾ ਸੌਦਾ ਪਹਿਲਾਂ ਸੰਯੋਗਿਤਾ ਦੇਵੀ ਨਾਲ ਕੀਤਾ ਗਿਆ ਸੀ। ਉਸ ਤੋਂ ਬਾਅਦ ਇਸ ਪ੍ਰਾਪਰਟੀ ਦੀ ਰਜਿਸਟਰੀ ਰਾਮ ਪ੍ਰਕਾਸ਼ ਵਾਸਲ, ਉਨ੍ਹਾਂ ਦੀ ਪਤਨੀ ਰਾਜ ਵਾਸਲ ਅਤੇ ਬੇਟੇ ਮਹੇਸ਼ ਵਾਸਲ ਦੇ ਨਾਂ ’ਤੇ ਕਰਵਾ ਦਿੱਤੀ ਗਈ। 8 ਕਨਾਲ ਰਕਬੇ ਵਿਚ ਕੱਟੀ ਇਸ ਕਾਲੋਨੀ ਵਿਚ ਰਾਮ ਪ੍ਰਕਾਸ਼ ਵਾਸਲ ਵੱਲੋਂ ਨਕਸ਼ੇ ਮੁਤਾਬਕ ਕੱਢੀ ਗਈ ਸੜਕ ਨੂੰ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਮਾਮਲੇ ਵਿਚ 18 ਫਰਵਰੀ ਨੂੰ ਥਾਣਾ ਪਤਾਰਾ ਵਿਚ ਦਰਜ ਐੱਫ.ਆਈ. ਆਰ. ਮੁਤਾਬਕ ਇਸ ਨਾਜਾਇਜ਼ ਕਾਲੋਨੀ ਦੇ ਮਾਮਲੇ ਵਿਚ ਵੀਰਨ ਕੁਮਾਰ, ਰਾਜ ਕੁਮਾਰ, ਹਰਵਿੰਦਰ ਸਿੰਘ ਕੋਹਲੀ ਅਤੇ ਪਰਮਿੰਦਰ ਸਿੰਘ ’ਤੇ ਮਾਮਲਾ ਦਰਜ ਹੋਇਆ ਸੀ।

ਇਹ ਵੀ ਪੜ੍ਹੋ: ਟਾਂਡਾ ਦਾ ਨੌਜਵਾਨ ਅਮਰੀਕਾ 'ਚ ਬਣਿਆ ਪੁਲਸ ਅਫ਼ਸਰ, ਚਮਕਾਇਆ ਮਾਪਿਆਂ ਦਾ ਨਾਂ

ਨਿਰਪੱਖ ਜਾਂਚ ਹੋਈ ਤਾਂ ਕਈ ਅਧਿਕਾਰੀਆਂ ਦੇ ਨਾਂ ਵੀ ਆਉਣਗੇ ਸਾਹਮਣੇ
ਸ਼ਹਿਰ ਦੇ ਕਾਰੋਬਾਰੀਆਂ ਵਿਚ ਚਰਚਾ ਹੈ ਕਿ ਜੇਕਰ ਇਸ ਕੇਸ ਦੀ ਨਿਰਪੱਖ ਜਾਂਚ ਹੋਈ ਤਾਂ ਕਈ ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਆਉਣਗੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਕਾਲੋਨੀ ਵਿਚ ਵੱਡੇ-ਵੱਡੇ ਅਧਿਕਾਰੀਆਂ ਦੇ ਪੈਸੇ ਵੀ ਇਨਵੈਸਟ ਕੀਤੇ ਗਏ ਹਨ ਤਾਂ ਕਿ ਉਹ ਵੀ ਮੋਟਾ ਮੁਨਾਫਾ ਕਮਾ ਸਕਣ। ਹੁਣ ਇਹ ਐੱਸ. ਐੱਸ. ਪੀ. ਦਿਹਾਤੀ ’ਤੇ ਨਿਰਭਰ ਕਰਦਾ ਹੈ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਿਵੇਂ ਕਰਵਾਉਂਦੇ ਹਨ?

ਆਈ. ਪੀ. ਐੱਸ. ਅਜੈ ਗਾਂਧੀ ਨੂੰ ਰਹੀ ਫੋਨ ਕੱਟਣ ਦੀ ਜਲਦੀ
ਦੂਜੇ ਪਾਸੇ ਇਸ ਮਾਮਲੇ ਵਿਚ ਜਦੋਂ ਕੇਸ ਦੀ ਜਾਂਚ ਕਰਨ ਵਾਲੇ ਡੀ. ਐੱਸ. ਪੀ. ਅਜੈ ਗਾਂਧੀ (ਆਈ. ਪੀ. ਐੱਸ.) ਨਾਲ ਗੱਲ ਕੀਤੀ ਤਾਂ ਉਨ੍ਹਾਂ ਰਟਿਆ-ਰਟਾਇਆ ਜਵਾਬ ਦਿੰਦਿਆਂ ਕਿਹਾ ਕਿ ਪੁਖ਼ਤਾ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇੰਨਾ ਕਹਿੰਦਿਆਂ ਹੀ ਉਨ੍ਹਾਂ ਫੋਨ ਕੱਟ ਦਿੱਤਾ। ਜਦੋਂ ਉਨ੍ਹਾਂ ਨੂੰ ਦੁਬਾਰਾ ਫੋਨ ਕਰ ਕੇ ਪੁੱਛਿਆ ਕਿ ਗ੍ਰਿਫ਼ਤਾਰੀ ਹੁਣ ਤੱਕ ਨਾ ਹੋਣ ਪਿੱਛੇ ਕੀ ਕਾਰਨ ਹਨ ਤਾਂ ਉਨ੍ਹਾਂ ਦੋਬਾਰਾ ਫੋਨ ਕੱਟ ਦਿੱਤਾ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਡਿਊਟੀ ਦੌਰਾਨ ਏ. ਐੱਸ. ਆਈ. ਦੀ ਗੋਲ਼ੀ ਲੱਗਣ ਨਾਲ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News