ਨੌਜਵਾਨ ਦੇ ਕਤਲ ਦੇ ਮਾਮਲੇ ’ਚ ਆਸ਼ੀਸ਼ ਉਰਫ ਭਵਨੇਸ਼ ਸਮੇਤ 3 ਖਿਲਾਫ ਮਾਮਲਾ ਦਰਜ
Thursday, Apr 24, 2025 - 05:25 PM (IST)

ਫਿਰੋਜ਼ਪੁਰ (ਕੁਮਾਰ, ਪਰਮਜੀਤ ਸੋਢੀ, ਖੁੱਲਰ) : ਫਿਰੋਜ਼ਪੁਰ ਸ਼ਹਿਰ ਦੇ ਮੈਗਜ਼ੀਨ ਗੇਟ ਦੇ ਅੰਦਰ ਇਲੈਕਟ੍ਰਾਨਿਕਸ ਦੀ ਇਕ ਦੁਕਾਨ ’ਤੇ ਐੱਲ. ਈ. ਡੀ. ਠੀਕ ਕਰਵਾਉਣ ਗਏ 30 ਸਾਲਾ ਨੌਜਵਾਨ ਰਿਸ਼ਵ ਦਾ, 2 ਹਥਿਆਰਬੰਦ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਆਸ਼ੀਸ਼ ਉਰਫ ਭੁਵਨੇਸ਼ ਚੋਪੜਾ ਵਾਸੀ ਬਸਤੀ ਬਲੋਚਾ ਵਾਲੀ, ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਇੱਛੇ ਵਾਲਾ ਅਤੇ ਯੁਵਰਾਜ ਉਰਫ ਯੂਵੀ ਚੋਪੜਾ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸ਼ਿਕਸ਼ਾ ਵਾਸੀ ਵੇਹੜਾ ਬਾਨੋ ਵਾਲਾ ਬਸਤੀ ਭੱਟੀਆਂ ਵਾਲੀ ਫਿਰੋਜ਼ਪੁਰ ਸ਼ਹਿਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੇ ਪਤੀ ਰਿਸ਼ਵ ਦੇ ਨਾਲ 22 ਅਪ੍ਰੈਲ 2025 ਨੂੰ ਰਾਤ ਕਰੀਬ 8.15 ਵਜੇ ਮੈਗਜ਼ੀਨ ਗੇਟ ਫਿਰੋਜ਼ਪੁਰ ਸ਼ਹਿਰ ’ਚ ਇਕ ਦੁਕਾਨ ’ਤੇ ਐੱਲ. ਸੀ. ਡੀ. ਠੀਕ ਕਰਵਾਉਣ ਗਈ ਸੀ, ਜਿਥੇ ਜਦੋਂ ਉਸ ਦਾ ਪਤੀ ਬਾਹਰ ਨਿਕਲਣ ਲੱਗਾ ਤਾਂ 2 ਲੜਕੇ ਆਏ, ਜਿਨ੍ਹਾਂ ਨੇ ਪਿਸਤੌਲ ਕੱਢ ਕੇ ਉਸ ਦੇ ਪਤੀ ਰਿਸ਼ਵ ’ਤੇ ਸਿੱਧੇ ਫਾਇਰ ਕੀਤੇ, ਜਿਸ ਨਾਲ ਉਸ ਦਾ ਪਤੀ ਉਥੇ ਡਿੱਗ ਗਿਆ ਤੇ ਗੋਲੀ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਮੁਲਜ਼ਮਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।