ਕਪੂਰਥਲਾ ਪੁਲਸ ਨੇ ਦੋਹਰੇ ਕਤਲ ਦੀ ਗੁੱਥੀ ਸੁਲਝਾਈ, ਗੁਜਰਾਤ ਦੇ ਕੱਛ ਤੋਂ ਮੁੱਖ ਦੋਸ਼ੀ ਗ੍ਰਿਫਤਾਰ
Wednesday, May 07, 2025 - 06:03 PM (IST)

ਫਗਵਾੜਾ/ਕਪੂਰਥਲਾ (ਜਲੋਟਾ, ਮਹਾਜਨ, ਭੂਸ਼ਨ) : ਜ਼ਿਲ੍ਹਾ ਕਪੂਰਥਲਾ ਪੁਲਸ ਵੱਲੋਂ ਫਗਵਾੜਾ ਨੇੜੇ ਏਜੀਆਈ ਫਲੈਟਾਂ ਵਿਚੋਂ ਦੋ ਵਿਅਕਤੀਆਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਕਈ ਰਾਜਾਂ ਵਿੱਚ ਛਾਪੇਮਾਰੀ ਕਰਕੇ ਇਹ ਮਾਮਲਾ ਸੁਲਝਾਇਆ ਗਿਆ ਅਤੇ ਮੁੱਖ ਦੋਸ਼ੀ ਨੂੰ ਗੁਜਰਾਤ ਦੇ ਕੱਛ ਤੋਂ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ 24 ਅਪ੍ਰੈਲ 2025 ਨੂੰ ਥਾਣਾ ਸਦਰ ਫਗਵਾੜਾ ਵਿੱਚ ਸੁਦੇਸ਼ ਕੁਮਾਰ ਵਲੋਂ ਸੂਚਨਾ ਮਿਲੀ ਕਿ ਉਸਦਾ ਪੁੱਤਰ ਸੰਜੀਵ ਕੁਮਾਰ ਤੇ ਉਸਦੀ ਦੋਸਤ ਅੰਜੂ ਪਾਲ, ਜੋ ਏ.ਜੀ.ਆਈ ਫਲੈਟ ਫਗਵਾੜਾ 'ਚ ਰਹਿੰਦੇ ਸਨ, ਕਈ ਦਿਨਾਂ ਤੋਂ ਗਾਇਬ ਹਨ। ਥਾਣਾ ਸਦਰ ਫਗਵਾੜਾ ਦੀ ਟੀਮ ਮੌਕੇ ’ਤੇ ਪੁੱਜੀ ਜਿੱਥੇ ਫਲੈਟਾਂ ਵਿਚ ਪਲਕਦੀਪ ਨਾਮੀ ਲੜਕੀ ਨੇ ਦੱਸਿਆ ਕਿ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸਦੀ ਮਾਂ ਅੰਜੂਪਾਲ ਅਤੇ ਸੰਜੀਵ ਕੁਮਾਰ ਨੂੰ 19/20 ਅਪ੍ਰੈਲ 2025 ਦੀ ਰਾਤ ਨੂੰ ਅਗਵਾ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਨੰਬਰ 43 ਮਿਤੀ 24.04.2025 ਅਧੀਨ ਧਾਰਾ 138,140,336(2),61(2) ਬੀ.ਐਨ.ਐਸ, 25,27 ਅਸਲਾ ਐਕਟ ਥਾਣਾ ਸਦਰ ਫਗਵਾੜਾ ਦਰਜ ਕੀਤੀ ਗਈ।
ਪ੍ਰਭਜੋਤ ਸਿੰਘ ਵਿਰਕ ਐੱਸਪੀਡੀ ਕਪੂਰਥਲਾ ਅਤੇ ਰੁਪਿੰਦਰ ਕੌਰ ਭੱਟੀ ਐੱਸਪੀ ਫਗਵਾੜਾ ਦੀ ਅਗਵਾਈ ਹੇਠ ਤੁਰੰਤ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਜਿਸ ਵਿੱਚ ਭਾਰਤ ਭੂਸ਼ਣ ਡੀ.ਐੱਸ.ਪੀ ਫਗਵਾੜਾ, ਪਰਮਿੰਦਰ ਸਿੰਘ ਡੀ.ਐੱਸ.ਪੀ. ਡਿਟੈਕਟਿਵ ਕਪੂਰਥਲਾ, ਇੰਸਪੈਕਟਰ ਜਰਨੈਲ ਸਿੰਘ ਆਈ/ਸੀ ਸੀ.ਆਈ.ਏ. ਕਪੂਰਥਲਾ, ਸਬ ਇੰਸਪੈਕਟਰ ਬਿਸਮਨ ਸਿੰਘ ਆਈ/ਸੀ ਸੀ.ਆਈ.ਏ. ਫਗਵਾੜਾ ਅਤੇ ਥਾਣਾ ਸਦਰ ਫਗਵਾੜਾ ਦੀ ਪੁਲਸ ਟੀਮ ਸ਼ਾਮਲ ਸੀ। ਪੁਲਸ ਟੀਮਾਂ ਨੇ ਮੌਕੇ ਦਾ ਦੌਰਾ ਕੀਤਾ। ਤਕਨੀਕੀ ਅਤੇ ਮਨੁੱਖੀ ਖੁਫੀਆ ਜਾਣਕਾਰੀ ਰਾਹੀਂ ਵਿਸਤ੍ਰਿਤ ਜਾਂਚ ਕੀਤੀ ਗਈ। ਸੀ.ਸੀ.ਟੀ.ਵੀ. ਫੁਟੇਜ ਵੇਖੀ ਗਈ। ਜਾਣਕਾਰੀ ਮਿਲਣ ਤੋਂ 24 ਘੰਟਿਆਂ ਦੇ ਅੰਦਰ, ਕਪੂਰਥਲਾ ਪੁਲਸ ਨੇ ਮਾਮਲੇ ਦੇ ਮੁੱਖ ਸਰਗਨੇ ਦੀ ਪਛਾਣ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ, ਜਿਸਦੀ ਪਛਾਣ ਹਰਵਿੰਦਰ ਸਿੰਘ ਉਰਫ਼ ਪਿੰਦਰ ਵਜੋਂ ਹੋਈ, ਜੋ ਹਾਲ ਹੀ ਵਿੱਚ ਪੈਰੋਲ 'ਤੇ ਆਇਆ ਸੀ ਅਤੇ ਹੁਣ ਫਰਾਰ ਸੀ।
ਜਾਂਚ ਦੌਰਾਨ, ਇਹ ਗੱਲ ਸਾਹਮਣੇ ਆਈ ਕਿ ਕੁਲਦੀਪ ਉਰਫ਼ ਬਿੱਲਾ, ਬਲਰਾਜ ਕੌਰ ਅਤੇ ਰੁਪਿੰਦਰ ਉਰਫ਼ ਪਿੰਦਰਾ ਨੇ ਮੁਲਜ਼ਮਾਂ ਨੂੰ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ ਅਤੇ ਉਨ੍ਹਾਂ ਨੂੰ ਮਿਤੀ 27.04.2025 ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਵੀ ਕੀਤਾ ਗਿਆ। ਵਿਸਥਾਰਤ ਜਾਂਚ ਕਰਦੇ ਹੋਏ, ਕਪੂਰਥਲਾ ਪੁਲਸ ਨੇ ਗੁਜਰਾਤ ਦੇ ਕੱਛ ਖੇਤਰ ਵਿੱਚ ਹਰਵਿੰਦਰ ਸਿੰਘ ਉਰਫ਼ ਬਿੰਦਰ ਦੇ ਟਿਕਾਣੇ ਨੂੰ ਘੇਰ ਲਿਆ ਅਤੇ ਗੁਜਰਾਤ ਪੁਲਸ ਨਾਲ ਨੇੜਿਓਂ ਤਾਲਮੇਲ ਕਰਕੇ ਕੰਮ ਕਰਦੇ ਹੋਏ, ਕਪੂਰਥਲਾ ਪੁਲਸ ਨੇ ਮਿਤੀ 28.04.2025 ਨੂੰ ਗੁਜਰਾਤ ਦੇ ਕੱਛ ਖੇਤਰ ਤੋਂ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਉਰਫ਼ ਬਿੰਦਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਮੁੱਖ ਦੋਸ਼ੀ ਨੂੰ ਜਾਣਕਾਰੀ ਮਿਲਣ ਦੇ 72 ਘੰਟਿਆਂ ਦੇ ਅੰਦਰ ਦੋਸ਼ੀ ਨੂੰ ਗੁਜਰਾਤ ਤੋਂ ਫਗਵਾੜਾ ਟਰਾਂਜ਼ਿਸਟ ਰਿਮਾਂਡ 'ਤੇ ਲਿਆਂਦਾ ਗਿਆ ਅਤੇ ਮਿਤੀ 01.05.2025 ਨੂੰ ਦੋਸ਼ੀ ਨੂੰ ਇਲਾਕਾ ਮੈਜਿਸਟ੍ਰੇਟ ਫਗਵਾੜਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਅਦਾਲਤ ਵੱਲੋ ਦੋਸ਼ੀ ਦਾ 08 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਗਿਆ। ਪੁਲਸ ਰਿਮਾਂਡ ਦੌਰਾਨ ਪੁੱਛਗਿੱਛ ਵਿਚ ਦੋਸ਼ੀ ਹਰਵਿੰਦਰ ਸਿੰਘ ਉਰਫ ਬਿੰਦਰ ਨੇ ਖੁਲਾਸਾ ਕੀਤਾ ਕਿ ਉਸਦਾ ਵਿਆਹ ਸਾਲ 2019 ਵਿੱਚ ਅੰਜੂ ਪਾਲ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਹ ਜਦੋਂ ਵੀ ਪੈਰੋਲ 'ਤੇ ਬਾਹਰ ਆਉਂਦਾ ਸੀ ਤਾਂ ਉਸਨੂੰ ਮਿਲਣ ਆਉਂਦਾ ਸੀ। ਹਾਲ ਹੀ ਵਿੱਚ, ਅੰਜੂ ਨੇ ਉਸਨੂੰ ਮੈਸੇਜ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਸਦੇ ਖਿਲਾਫ ਦਰਜ ਕਈ ਮਾਮਲਿਆਂ ਵਿੱਚ ਜ਼ਮਾਨਤ/ਪੈਰੋਲ ਲਈ ਕਾਨੂੰਨੀ ਲੜਾਈ ਵਿੱਚ ਉਸਦਾ ਸਮਰਥਨ ਨਹੀਂ ਕੀਤਾ ਸੀ। ਇਸ ਉਪਰੰਤ 19/20 ਅਪ੍ਰੈਲ, 2025 ਦੀ ਦਰਮਿਆਨੀ ਰਾਤ ਨੂੰ ਲਗਭਗ 01 ਵਜੇ ਹਰਵਿੰਦਰ ਸਿੰਘ ਆਪਣੇ ਸਾਥੀ ਦੋਸ਼ੀ ਮਨਜੋਤ ਸਿੰਘ ਉਰਫ ਫਰੂਟੀ ਵਾਸੀ ਲੁਧਿਆਣਾ ਅਤੇ ਇੱਕ ਹੋਰ ਦੋਸ਼ੀ ਨਾਲ ਅੰਜੂ ਪਾਲ ਦੇ ਫਲੈਟ ਵਿੱਚ ਦਾਖਲ ਹੋਏ ਅਤੇ ਏ.ਜੀ.ਆਈ. ਗਾਰਡਨਜ਼ ਫਗਵਾੜਾ ਦੇ ਇੱਕ ਫਲੈਟ ਤੋਂ ਗੰਨ ਪੁਆਇੰਟ 'ਤੇ ਉਨ੍ਹਾਂ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ ਨੂੰ ਲੁਧਿਆਣਾ ਦੇ ਇੱਕ ਖੇਤ ਵਿੱਚ ਲੈ ਗਏ, ਜਿੱਥੇ ਉਸਨੇ ਸਹਿ-ਮੁਲਜ਼ਮਾਂ ਦੀ ਮਦਦ ਨਾਲ ਦੋਵਾਂ ਪੀੜਤਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਇੱਕ ਹੋਰ ਦੋਸ਼ੀ ਜਸ਼ਨਪ੍ਰੀਤ ਸਿੰਘ ਉਰਫ ਜੱਸੂ ਵਾਸੀ ਲੁਧਿਆਣਾ ਨੂੰ ਵੀ ਮਿਤੀ 02.05.2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸਨੇ ਮੁਲਜ਼ਮਾਂ ਨੂੰ ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਉਸ ਕਾਰ ਨੂੰ ਵੀ ਨਸ਼ਟ ਕਰ ਦਿੱਤਾ ਜਿਸ ਵਿੱਚ ਮੁਲਜ਼ਮਾਂ ਨੇ ਜੋੜੇ ਨੂੰ ਅਗਵਾ ਕੀਤਾ ਸੀ। ਤਫਤੀਸ ਦੌਰਾਨ ਅੱਗੇ ਵਧਦੇ ਹੋਏ, ਅਗਵਾ ਅਤੇ ਕਤਲ ਦੇ ਮੁੱਖ ਸਹਿ-ਦੋਸ਼ੀ, ਮਨਜੋਤ ਸਿੰਘ ਉਰਫ ਫਰੂਟੀ ਵਾਸੀ ਲੁਧਿਆਣਾ ਨੂੰ ਵੀ ਮਿਤੀ 05.05.2025 ਨੂੰ ਮੋਗਾ ਦੇ ਨੇੜੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵੇਂ ਮੁਲਜ਼ਮਾਂ ਕੋਲੋਂ ਪੁੱਛ ਗਿੱਛ ਦੇ ਆਧਾਰ 'ਤੇ ਦੋਵੇਂ ਪੀੜਤਾਂ ਦੀਆਂ ਲਾਸ਼ਾਂ ਮਿਤੀ 06.05.2025 ਨੂੰ ਕਾਰਜਕਾਰੀ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਪਿੰਡ ਚਾਹੜ ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ ਦੇ ਇੱਕ ਖੇਤ ਤੋਂ ਬਰਾਮਦ ਕੀਤੀਆਂ ਗਈਆਂ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਹਰਵਿੰਦਰ ਸਿੰਘ ਉਰਫ਼ ਬਿੰਦਰ ਇੱਕ ਪੇਸ਼ੇਵਰ ਅਪਰਾਧੀ ਹੈ ਜੋਕਿ ਸਾਲ 2012 ਵਿੱਚ ਇੱਕ ਦੋਹਰਾ ਕਤਲ (ਡੀ.ਐਸ.ਪੀ.ਬਲਰਾਜ ਸਿੰਘ ਅਤੇ ਉਸਦੇ ਦੋਸਤ ਦਾ ਸਨਸਨੀਖੇਜ਼ ਕਤਲ) ਸ਼ਾਮਲ ਸੀ ਅਤੇ ਉਸੇ ਮਾਮਲੇ ਵਿੱਚ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਰਵਿੰਦਰ ਸਿੰਘ ਅਤੇ ਮਨਜੋਤ ਸਿੰਘ ਉਰਫ਼ ਫਰੂਟੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਏ ਸਨ ਜਦੋਂ ਉਸਨੇ ਦੁਬਾਰਾ ਮੌਜੂਦਾ ਅਪਰਾਧ ਕੀਤਾ। ਹਰਵਿੰਦਰ ਸਿੰਘ ਉਰਫ ਬਿੰਦਰ ਮਿਤੀ 25.02.2025 ਨੂੰ ਪੈਰੋਲ 'ਤੇ ਬਾਹਰ ਆਇਆ ਸੀ ਅਤੇ ਜਿਸ ਨੇ ਮਿਤੀ 23.04.2025 ਨੂੰ ਵਾਪਸ ਜੇਲ੍ਹ ਜਾਣਾ ਸੀ। ਇਸੇ ਤਰ੍ਹਾਂ ਮਨਜੋਤ ਉਰਫ ਫਰੂਟੀ ਵੀ ਮਿਤੀ 15.09.2023 ਨੂੰ ਪੈਰੋਲ 'ਤੇ ਬਾਹਰ ਆਇਆ ਸੀ ਅਤੇ ਵਾਪਸ ਜੇਲ੍ਹ ਨਹੀ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਕਤ ਅਗਵਾ ਅਤੇ ਕਤਲ ਦੇ ਤੀਜੇ ਮੁੱਖ ਦੋਸ਼ੀ ਦੀ ਵੀ ਪਛਾਣ ਕਰ ਲਈ ਗਈ ਹੈ ਅਤੇ ਉਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ 02 ਆਈ 20 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ, ਜਿਹਨਾਂ ਵਿਚੋ ਇਕ ਕਾਰ ਮ੍ਰਿਤਕ ਸੰਜੀਵ ਕੁਮਾਰ ਦੀ ਸੀ, ਜਿਸ ਵਿਚ ਪੀੜਤਾ ਨੂੰ ਅਗਵਾ ਕੀਤਾ ਗਿਆ ਸੀ। ਮੁਲਜ਼ਮਾਂ ਤੋਂ ਕਈ ਮੋਬਾਇਲ ਫੋਨ ਅਤੇ ਡੌਗਲ ਵੀ ਬਰਾਮਦ ਕੀਤੇ ਗਏ ਹਨ ਅਤੇ ਜਿਨ੍ਹਾਂ ਦਾ ਫੋਰੈਂਸਿਕ ਵਿਸਲੇਸ਼ਣ ਵੀ ਕੀਤਾ ਜਾ ਰਿਹਾ ਹੈ। ਹਰਵਿੰਦਰ, ਮਨਜੋਤ ਅਤੇ ਜਸ਼ਨਪ੍ਰੀਤ ਪੁਲਸ ਰਿਮਾਂਡ 'ਤੇ ਹਨ ਅਤੇ ਤਫਤੀਸ ਜਾਰੀ ਹੈ ਜਿੱਥੇ ਇਸ ਮਾਮਲੇ ਦੇ ਕਈ ਨਵੇਂ ਤੱਥ ਸਾਹਮਣੇ ਆਉਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8