ਜੈਤੋ ਪੁਲਸ ਨੇ ਲੁੱਟਾਂ-ਖੋਹਾਂ ਕਰਨ ਦੀ ਯੋਜਨਾ ਬਣਾ ਰਹੇ ਚਾਰ ਦੋਸ਼ੀ ਹਥਿਆਰਾਂ ਸਮੇਤ ਕਾਬੂ ਕੀਤੇ
Saturday, Apr 26, 2025 - 04:57 PM (IST)

ਜੈਤੋ (ਜਿੰਦਲ) : ਜ਼ਿਲ੍ਹਾ ਫਰੀਦਕੋਟ ਦੇ ਪੁਲਸ ਕਪਤਾਨ ਡਾ.ਪ੍ਰਗਿਆ ਜੈਨ ਆਈ.ਪੀ.ਐਸ. ਦੀ ਅਗਵਾਈ ਹੇਠ ਫਰੀਦਕੋਟ ਪੁਲਸ ਵੱਲੋਂ ਲੁੱਟਾ-ਖੋਹਾਂ, ਚੋਰੀਆਂ ਅਤੇ ਨਸ਼ੇ ਦੀ ਤਸਕਰੀ ਵਿਚ ਸ਼ਾਮਲ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਜਿਸਦੇ ਤਹਿਤ ਸਬ ਡਿਵੀਜ਼ਨ ਜੈਤੋ ਦੇ ਡੀਐੱਸਪੀ ਸੁਖਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ, ਥਾਣਾ ਜੈਤੋ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਦੀ ਨਿਗਰਾਨੀ ਹੇਠ ਸ:ਥ: ਇਕਬਾਲ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸੰਬੰਧੀ ਪੁਲ ਕੱਸੀ ਬਠਿੰਡਾ ਰੋਡ ਜੈਤੋ ਪਾਸ ਮੌਜੂਦ ਸੀ।
ਇਸ ਦੌਰਾਨ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਗਗਨਦੀਪ ਸਿੰਘ ਉਰਫ ਗੱਗੂ ਪੁੱਤਰ ਮੁਨਸ਼ੀ ਸਿੰਘ ਵਾਸੀ ਕਮਰਾ ਪੱਤੀ ਜੈਤੋ, ਸਾਹਿਲ ਉਰਫ ਕੱਟਾ ਪੁੱਤਰ ਮੁਨਸ਼ੀ ਰਾਮ ਵਾਸੀ ਵਾਲਮੀਕਿ ਕਲੋਨੀ, ਜੈਤੋ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਸਾਰਜ ਸਿੰਘ ਵਾਸੀ ਰੋੜੀਕਪੂਰਾ, ਖੁਸਵਿੰਦਰ ਸਿੰਘ ਉਰਫ ਗੋਰੀ ਪੁੱਤਰ ਸਾਹਿਬ ਸਿੰਘ ਵਾਸੀ ਕਰੀਰਵਾਲੀ ਜੋ ਪਹਿਲਾਂ ਵੀ ਵਹੀਕਲ ਚੋਰੀ ਕਰਨ, ਦੁਕਾਨਾਂ ਤੇ ਚੋਰੀਆਂ ਕਰਨ ਅਤੇ ਲੁੱਟ ਖੋਹ ਕਰਨ ਦੇ ਆਦੀ ਹਨ। ਜੋ ਹੁਣ ਕਾਪੇ, ਕਿਰਪਾਨਾਂ, ਖੰਡੇ ਵਰਗੇ ਖਤਰਨਾਕ ਹਥਿਆਰਾਂ ਨਾਲ ਲੈਸ ਹੋ ਕੇ ਨੇੜੇ ਪੁਲ ਕੱਸੀ ਦਬੜੀਖਾਨਾ ਰੋਡ ਜੈਤੋ ਵਿਖੇ ਕਮਰੇ ਵਿਚ ਇਕੱਠੇ ਹੋ ਕੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ 'ਤੇ ਥਾਣਾ ਜੈਤੋ ਵਿੱਖੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਗਿਰੋਹ ਵਿਚ ਸ਼ਾਮਲ 4 ਮੈਂਬਰਾਂ ਨੂੰ 1 ਗਰਾਰੀ ਲੱਗੀ ਪਾਈਪ, 1 ਕ੍ਰਿਪਾਨ, 2 ਖੰਡੇ ਅਤੇ 1 ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ।