ਕਪੂਰਥਲਾ ਸ਼ਹਿਰ ’ਚ ਆਵਾਰਾ ਕੁੱਤਿਆਂ ਦਾ ‘ਆਤੰਕ’, ਲੋਕ ਪ੍ਰੇਸ਼ਾਨ
Monday, Feb 12, 2024 - 05:24 PM (IST)
ਕਪੂਰਥਲਾ (ਮਹਾਜਨ)-ਕਪੂਰਥਲਾ ਸ਼ਹਿਰ ’ਚ ਆਵਾਰਾ ਕੁੱਤਿਆਂ ਨੇ ਆਤੰਕ ਮਚਾਇਆ ਹੋਇਆ ਹੈ। ਦਿਨੋਂ-ਦਿਨ ਵੱਧ ਰਹੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਦਾ ਕਾਰਨ ਇਹ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਇਸ ਪ੍ਰਤੀ ਗੰਭੀਰ ਨਹੀਂ ਹਨ। ਹਰ ਰੋਜ਼ ਆਵਾਰਾ ਕੁੱਤੇ ਸ਼ਹਿਰ ਦੇ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ। ਕਪੂਰਥਲਾ ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਗਿਣਤੀ 1750 ਦੇ ਕਰੀਬ ਹੈ, ਜੋ ਹਰ ਰੋਜ਼ ਲੋਕਾਂ ਦਾ ਸ਼ਿਕਾਰ ਕਰਦੇ ਹਨ। ਇਸ ਕਰਕੇ ਹੁਣ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁੱਤੇ ਹਰ ਰੋਜ਼ ਆਮ ਲੋਕਾਂ ’ਤੇ ਹਮਲੇ ਕਰਦੇ ਰਹਿੰਦੇ ਹਨ।
ਕਪੂਰਥਲਾ ਸ਼ਹਿਰ ਦਾ ਕੋਈ ਇਲਾਕਾ ਜਾਂ ਗਲੀ ਅਜਿਹਾ ਨਹੀਂ, ਜਿੱਥੇ ਆਵਾਰਾ ਕੁੱਤੇ ਨਾ ਹੋਣ। ਸ਼ਹਿਰ ਦੀਆਂ ਸੜਕਾਂ ਤੋਂ ਲੈ ਕੇ ਛੋਟੇ ਤੋਂ ਛੋਟੇ ਗਲੀ ਮੁਹੱਲਿਆ ’ਚ ਇਨ੍ਹਾਂ ਦੀ ਦਹਿਸ਼ਤ ਚੱਲ ਰਹੀ ਹੈ, ਜੋ ਹਰ ਦਿਨ ਹਰ ਮੁਹੱਲੇ-ਗਲੀ ’ਚ ਕਿਸੇ ਨਾ ਕਿਸੇ ਨੂੰ ਕੱਟਦੇ ਜ਼ਰੂਰ ਹਨ। ਆਵਾਰਾ ਕੁੱਤਿਆਂ ਦੀ ਦਹਿਸ਼ਤ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੇ ਬਾਵਜੂਦ ਜ਼ਿੰਮੇਵਾਰ ਨਗਰ ਨਿਗਮ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਜਿਵੇਂ-ਜਿਵੇਂ ਕੁੱਤਿਆਂ ਦੇ ਕੱਟਣ ਦੇ ਮਾਮਲੇ ਵੱਧ ਰਹੇ ਹਨ, ਉਨ੍ਹਾਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ।
ਅਵਾਰਾ ਕੁੱਤਿਆਂ ਦੀ ਭਰਮਾਰ ਹਰ ਗਲੀ ਅਤੇ ਮੁਹੱਲੇ ਵਿਚ ਦੇਖੀ ਜਾ ਸਕਦੀ ਹੈ। ਕਈ ਚੌਰਾਹਿਆਂ ’ਤੇ ਕੁੱਤਿਆਂ ਦੇ ਝੁੰਡ ਹਮਲਾਵਰ ਹੁੰਦੇ ਹਨ ਅਤੇ ਬਾਈਕ ਸਵਾਰਾਂ, ਪੈਦਲ ਜਾਂ ਚਾਰ ਪਹੀਆ ਵਾਹਨਾਂ ਦੇ ਪਿੱਛੇ ਭੱਜਦੇ ਹਨ, ਜਿਸ ਕਾਰਨ ਕਈ ਵਾਰ ਉਹ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਜਲੰਧਰ ਦੇ BSF ਹੈੱਡਕੁਆਰਟਰ ਪੁੱਜੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਕਿਸਾਨ ਅੰਦੋਲਨ 'ਤੇ ਕਹੀਆਂ ਅਹਿਮ ਗੱਲਾਂ
ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿਚ ਇਹੋ ਸਥਿਤੀ ਹੈ। ਜੇਕਰ ਇਨ੍ਹਾਂ ’ਤੇ ਕਾਬੂ ਪਾਉਣ ਲਈ ਜਲਦੀ ਕਾਰਗਰ ਕਦਮ ਨਾ ਚੁੱਕੇ ਗਏ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ ਅਤੇ ਇਨ੍ਹਾਂ ਦਾ ਆਵਾਰਾ ਆਤੰਕ ਹੋਰ ਵਧ ਸਕਦਾ ਹੈ। ਇਨ੍ਹਾਂ ਝੁੰਡਾਂ ਵਿਚ ਘੱਟੋ-ਘੱਟ ਡੇਢ ਤੋਂ ਦੋ ਦਰਜਨ ਕੁੱਤੇ ਰਹਿੰਦੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਝੁੰਡਾਂ ਵਿਚ ਰਹਿਣ ਨਾਲ ਇਨ੍ਹਾਂ ਦੀ ਦਹਿਸ਼ਤ ਤੇਜ਼ੀ ਨਾਲ ਵਧ ਜਾਂਦੀ ਹੈ, ਇਨ੍ਹਾਂ ਦੇ ਝੁੰਡ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਇਨ੍ਹਾਂ ’ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ, ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ।
ਸਿਵਲ ਹਸਪਤਾਲ ’ਚ ਮੁਫ਼ਤ ਲਾਏ ਜਾਂਦੇ ਹਨ ਟੀਕੇ : ਐੱਸ. ਐੱਮ. ਓ.
ਐੱਸ. ਐੱਮ. ਓ. ਡਾ. ਸੰਦੀਪ ਧਵਨ ਦਾ ਕਹਿਣਾ ਹੈ ਕਿ ਕੁੱਤੇ ਦੇ ਕੱਟਣ ਦੀ ਸੂਰਤ ਵਿਚ ਐਂਟੀ ਰੇਬੀਜ਼ ਦੇ ਤਿੰਨ ਟੀਕੇ ਲਗਾਉਣੇ ਪੈਂਦੇ ਹਨ। ਇਸ ਤੋਂ ਪਹਿਲਾਂ ਆਵਾਰਾ ਜਾਂ ਪਾਗਲ ਕੁੱਤੇ ਦੇ ਕੱਟਣ ’ਤੇ 5 ਟੀਕੇ ਲਗਾਏ ਜਾਂਦੇ ਸਨ। ਇਹ ਟੀਕਾ ਸਿਵਲ ਹਸਪਤਾਲ ਵਿਚ ਮੁਫ਼ਤ ਲਗਾਇਆ ਜਾਂਦਾ ਹੈ। ਐਂਟੀ ਰੇਬੀਜ਼ ਟੀਕਾ ਬਾਜ਼ਾਰ ’ਚ 380 ਰੁਪਏ ’ਚ ਉਪਲਬਧ ਹੈ। ਉਨ੍ਹਾਂ ਕਿਹਾ ਕਿ ਟੀਕਾ ਨਾ ਲੱਗਵਾਉਣ ਵਾਲੇ ਮਰੀਜ਼ ਰੇਬੀਜ਼ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਨਾਲ ਮੌਤ ਹੋ ਜਾਂਦੀ ਹੈ। ਕੁੱਤੇ ਦੇ ਕੱਟਣ ਤੋਂ ਤੁਰੰਤ ਬਾਅਦ ਐਂਟੀ ਰੇਬੀਜ਼ ਟੀਕਾ ਲਗਵਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਭਾਨਾ ਸਿੱਧੂ ਜੇਲ੍ਹ 'ਚੋਂ ਹੋਇਆ ਰਿਹਾਅ
ਆਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ : ਡੀ. ਸੀ.
ਸੁਲਤਾਨਪੁਰ ਲੋਧੀ ਖੇਤਰ ਦੇ ਪਿੰਡ ਪੱਸਣ ਕਦੀਮ ਵਿਚ ਆਵਾਰਾ ਕੁੱਤਿਆਂ ਦੇ ਕੱਟਣ ਨਾਲ ਇਕ ਔਰਤ ਦੀ ਮੌਤ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਸਬੰਧਤ ਅਧਿਕਾਰੀਆਂ ਨੂੰ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਰੋਕਣ ਲਈ ਤੁਰੰਤ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੀ. ਸੀ. ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਆਵਾਰਾ ਕੁੱਤਿਆਂ ਦੀ ਸਮੱਸਿਆ ’ਤੇ ਨਜ਼ਰ ਰੱਖਣ ਲਈ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਅਮਿਤ ਪੰਚਾਲ ਨੇ ਐੱਸ. ਡੀ. ਐੱਮ., ਵੈਟਰਨਰੀ ਅਫ਼ਸਰਾਂ ਤੇ ਹੋਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਇਕ ਯੋਜਨਾ ਬਣਾਉਣ ਤਾਂ ਜੋ ਇਸ ਸਮੱਸਿਆ ਦਾ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਮਹਿਲਾ ਰਾਖਵਾਂਕਰਨ ਜਿਸ ਦਿਨ ਲਾਗੂ ਹੋ ਗਿਆ, CM ਅਹੁਦੇ ਦੀ ਸਹੁੰ ਚੁੱਕਦੀਆਂ ਦਿਸਣਗੀਆਂ ਔਰਤਾਂ: ਅਲਕਾ ਲਾਂਬਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।