ਸਾਲ ’ਚ 350 ਦਿਨ ਕੂੜੇ-ਕਰਕਟ ਨਾਲ ਭਰੀ ਰਹਿੰਦੀ ਹੈ ਜਲੰਧਰ ਸ਼ਹਿਰ ’ਚੋਂ ਨਿਕਲਣ ਵਾਲੀ ਨਹਿਰ

Thursday, Nov 21, 2024 - 02:05 PM (IST)

ਸਾਲ ’ਚ 350 ਦਿਨ ਕੂੜੇ-ਕਰਕਟ ਨਾਲ ਭਰੀ ਰਹਿੰਦੀ ਹੈ ਜਲੰਧਰ ਸ਼ਹਿਰ ’ਚੋਂ ਨਿਕਲਣ ਵਾਲੀ ਨਹਿਰ

ਜਲੰਧਰ (ਖੁਰਾਣਾ)–ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਕੁਝ ਹੀ ਹਫ਼ਤਿਆਂ ਬਾਅਦ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ਵਿਚ ਨਿਗਮ ਅਧਿਕਾਰੀਆਂ ਨੇ ਪੂਰੇ ਸ਼ਹਿਰ ਵਿਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਤਹਿਤ ਸ਼ਹਿਰ ਦੀਆਂ ਜ਼ਿਆਦਾਤਰ ਮੇਨ ਸੜਕਾਂ ਦੇ ਕਿਨਾਰਿਆਂ ਤੋਂ ਕੂੜਾ-ਕਰਕਟ ਚੁੱਕਿਆ ਜਾ ਰਿਹਾ ਹੈ, ਮਿੱਟੀ-ਮਲਬਾ ਸਾਫ਼ ਹੋ ਰਿਹਾ ਹੈ ਅਤੇ ਡਿਵਾਈਡਰਾਂ, ਫੁੱਟਪਾਥਾਂ ਦੇ ਕਿਨਾਰੇ ਉੱਗੀਆਂ ਝਾੜੀਆਂ ਅਤੇ ਪੌਦਿਆਂ ਦੀ ਕਟਿੰਗ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੇ ਬਾਵਜੂਦ ਸ਼ਹਿਰ ਦੇ ਕਈ ਇਲਾਕੇ ਅਜਿਹੇ ਹਨ, ਜਿੱਥੇ ਗੰਦਗੀ ਹੀ ਗੰਦਗੀ ਵਿਖਾਈ ਦੇ ਰਹੀ ਹੈ ਅਤੇ ਮੁਹਿੰਮ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ। ਅਜਿਹਾ ਹੀ ਇਕ ਇਲਾਕਾ ਵੈਸਟ ਵਿਧਾਨ ਸਭਾ ਇਲਾਕੇ ਤਹਿਤ ਆਉਂਦੀ ਮਾਸਟਰ ਗੁਰਬੰਤਾ ਸਿੰਘ ਰੋਡ ਹੈ, ਜੋ ਸਾਬਕਾ ਲੋਕਲ ਬਾਡੀਜ਼ ਮੰਤਰੀ ਚੌਧਰੀ ਜਗਜੀਤ ਸਿੰਘ ਦੇ ਜੱਦੀ ਘਰ ਨੂੰ ਜਾਂਦੀ ਹੈ। ਇਹ ਖ਼ਾਸ ਇਲਾਕਾ ਨਹਿਰ ਦੇ ਕਿਨਾਰੇ ਬਣਿਆ ਹੋਇਆ ਹੈ, ਜੋ ਸ਼ਹਿਰ ਵਿਚੋਂ ਨਿਕਲਦੀ ਹੈ।

ਇਹ ਵੀ ਪੜ੍ਹੋ- ਸਾਵਧਾਨ! 325 ਦੇ ਖ਼ਤਰਨਾਕ ਪੱਧਰ ’ਤੇ ਪਹੁੰਚਿਆ ਪੰਜਾਬ ਦੇ ਇਸ ਜ਼ਿਲ੍ਹੇ ਦਾ AQI, ਸਖ਼ਤ ਹੁਕਮ ਜਾਰੀ

ਹਾਲਾਤ ਇਹ ਹਨ ਕਿ ਸਾਲ ਵਿਚ 350 ਦਿਨ ਇਹ ਨਹਿਰ ਕੂੜੇ-ਕਰਕਟ ਨਾਲ ਭਰੀ ਰਹਿੰਦੀ ਹੈ ਅਤੇ ਸਿਰਫ਼ 15 ਦਿਨ ਹੀ ਇਸ ਨਹਿਰ ਵਿਚ ਪਾਣੀ ਆਉਂਦਾ ਹੈ। ਅੱਜਕਲ੍ਹ ਵੀ ਇਸ ਨਹਿਰ ਵਿਚ ਕੂੜਾ ਹੀ ਕੂੜਾ ਭਰਿਆ ਹੋਇਆ ਹੈ। 2 ਦਿਨ ਪਹਿਲਾਂ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਐੱਮ. ਐੱਸ. ਫਾਰਮ ਰੋਡ ਤੋਂ ਆਉਂਦੇ ਸਮੇਂ ਜਦੋਂ ਨਹਿਰ ਦੀ ਦੁਰਦਸ਼ਾ ਵੇਖੀ ਤਾਂ ਉਨ੍ਹਾਂ ਨੇ ਸਬੰਧਤ ਨਿਗਮ ਅਧਿਕਾਰੀਆਂ ਨੂੰ ਨਹਿਰ ਦੀ ਸਫ਼ਾਈ ਸਬੰਧੀ ਹੁਕਮ ਦਿੱਤੇ ਪਰ ਹਾਲੇ ਤਕ ਇਸ ਮਾਮਲੇ ਵਿਚ ਕੁਝ ਨਹੀਂ ਕੀਤਾ ਗਿਆ। ਹਾਲਾਤ ਇਸ ਕਦਰ ਖਰਾਬ ਹਨ ਕਿ ਐੱਮ. ਐੱਸ. ਫਾਰਮ ਰੋਡ ਵਾਲੀ ਪੁਲੀ ਤੋਂ ਲੈ ਕੇ ਪਿੰਡ ਨਾਹਲਾਂ ਤਕ ਜਾਂਦੀ ਸੜਕ ਦੇ ਕਿਨਾਰੇ ਵੀ ਕੂੜਾ ਹੀ ਕੂੜਾ ਪਿਆ ਹੋਇਆ ਹੈ। ਇਸ ਜਗ੍ਹਾ ’ਤੇ ਵੈਸਟ ਵਿਧਾਨ ਸਭਾ ਹਲਕੇ ਦੀ ਉਪ ਚੋਣ ਦੌਰਾਨ ਸਫਾਈ ਹੋਈ ਸੀ ਪਰ ਉਸਦੇ ਬਾਅਦ ਕਿਸੇ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।

ਸਵੇਰੇ ਸੈਰ ਕਰਨ ਵਾਲਿਆਂ ਨੂੰ ਹਰ ਰੋਜ਼ ਕੂੜੇ ਦੇ ਦਰਸ਼ਨ ਹੁੰਦੇ ਹਨ
ਮਾਸਟਰ ਗੁਰਬੰਤਾ ਸਿੰਘ ਰੋਡ ’ਤੇ ਨਹਿਰ ਦੇ ਕਿਨਾਰੇ ਸਨਸਿਟੀ ਕਾਲੋਨੀ ਬਣੀ ਹੋਈ ਹੈ, ਜਿਥੇ ਨਹਿਰ ’ਤੇ ਇਕ ਪੁਲੀ ਵੀ ਪੈਂਦੀ ਹੈ। ਕੁਝ ਮਹੀਨੇ ਪਹਿਲਾਂ ਜਦੋਂ ਛੱਠ ਪੂਜਾ ਦਾ ਤਿਉਹਾਰ ਸੀ, ਉਦੋਂ ਨਹਿਰ ਵਿਚੋਂ ਕੂੜਾ-ਕਰਕਟ ਇਕੱਠਾ ਕਰ ਕੇ ਕਿਨਾਰਿਆਂ ’ਤੇ ਢੇਰ ਲਗਾ ਦਿੱਤੇ ਗਏ ਸਨ। ਅੱਜ ਛੱਠ ਪੂਜਾ ਨੂੰ ਖਤਮ ਹੋਇਆਂ ਹਫ਼ਤੇ ਬੀਤ ਚੁੱਕੇ ਹਨ ਪਰ ਕੂੜੇ ਦੇ ਉਨ੍ਹਾਂ ਢੇਰਾਂ ਨੂੰ ਚੁੱਕਿਆ ਨਹੀਂ ਗਿਆ।

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਬੱਚੇ ਤੇ ਸਵਾਰੀਆਂ ਨਾਲ ਭਰੀ ਸਕੂਲ ਬੱਸ ਪਲਟੀ

ਆਸ-ਪਾਸ ਦੇ ਇਲਾਕੇ ਦੇ ਲੋਕ ਜਦੋਂ ਨਹਿਰ ਦੀ ਪੱਟੜੀ ’ਤੇ ਸੈਰ ਕਰਨ ਆਉਂਦੇ ਹਨ ਤਾਂ ਉਨ੍ਹਾਂ ਨੂੰ ਨਹਿਰ ਵਿਚ ਪਈ ਗੰਦਗੀ ਤੋਂ ਇਲਾਵਾ ਪੁਲੀ ਅਤੇ ਆਸ-ਪਾਸ ਲੱਗੇ ਕੂੜੇ ਦੇ ਢੇਰਾਂ ਦੇ ਹੀ ਦਰਸ਼ਨ ਹੁੰਦੇ ਹਨ। ਇਸ ਕਾਰਨ ਪੂਰਾ ਇਲਾਕਾ ਬਦਬੂ ਨਾਲ ਭਰਿਆ ਹੋਇਆ ਹੈ। ਰੋਜ਼ਾਨਾ ਇਥੇ ਸੈਰ ਕਰਨ ਵਾਲੇ ਲੋਕਾਂ ਦੀ ਮੰਗ ਹੈ ਕਿ ਨਗਰ ਨਿਗਮ ਸਫ਼ਾਈ ਮੁਹਿੰਮ ਇਸ ਇਲਾਕੇ ਵਿਚ ਵੀ ਚਲਾਵੇ ਅਤੇ ਇਸਨੂੰ ਸਾਫ਼-ਸੁਥਰਾ ਬਣਾਇਆ ਜਾਵੇ।

ਬਸਤੀ ਮਿੱਠੂ ਗੁਰਦੁਆਰੇ ਵਾਲਿਆਂ ਨੂੰ ਵੀ ਗੰਦਗੀ ਤੋਂ ਪ੍ਰੇਸ਼ਾਨੀ
ਵੈਸਟ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤਾਂ ਬਸਤੀ ਮਿੱਠੂ ਵਿਚ ਲੱਗੇ ਪੈਟਰੋਲ ਪੰਪ ਤੋਂ ਜੋ ਮੇਨ ਸੜਕ ਨਹਿਰ ਅਤੇ ਬਸਤੀ ਬਾਵਾ ਖੇਲ ਪੁਲੀ ਵੱਲ ਜਾਂਦੀ ਹੈ, ਉਥੇ ਗੁਰਦੁਆਰੇ ਦੇ ਨੇੜੇ ਹੀ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ, ਜਿਸ ਕਾਰਨ ਗੁਰਦੁਆਰਾ ਆਉਣ ਵਾਲੀ ਸੰਗਤ ਅਤੇ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਇਥੋਂ ਕੂੜਾ ਕਈ-ਕਈ ਦਿਨ ਚੁੱਕਿਆ ਨਹੀਂ ਜਾਂਦਾ ਅਤੇ ਆਸ-ਪਾਸ ਦੇ ਵਾਰਡਾਂ ਵਿਚੋਂ ਗੰਦਗੀ ਲਿਆ ਕੇ ਇਥੇ ਸੁੱਟ ਦਿੱਤੀ ਜਾਂਦੀ ਹੈ। ਬਰਸਾਤ ਦੇ ਦਿਨਾਂ ਵਿਚ ਇਥੇ ਅਕਸਰ ਪਾਣੀ ਭਰ ਜਾਂਦਾ ਹੈ ਅਤੇ ਸਾਰਾ ਕੂੜਾ-ਕਰਕਟ ਆ ਕੇ ਗੁਰਦੁਆਰੇ ਦੇ ਨੇੜੇ ਜਮ੍ਹਾ ਹੋ ਜਾਂਦਾ ਹੈ। ਕਿਸੇ ਵੀ ਪਾਰਟੀ ਦਾ ਨੇਤਾ ਇਸ ਗੰਦਗੀ ਵੱਲ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਜਿਥੇ ਬਸਤੀ ਮਿੱਠੂ ਨਿਵਾਸੀਆਂ ਵਿਚ ਕਾਫੀ ਗੁੱਸਾ ਹੈ, ਉਥੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਈ ਵਾਰ ਨਿਗਮ ਕੋਲ ਇਤਰਾਜ਼ ਕਰ ਚੁੱਕੀ ਹੈ। ਹੁਣ ਜਾ ਕੇ ਨਿਗਮ ਨੇ ਉਥੋਂ ਕੂੜਾ ਚੁੱਕਣਾ ਸ਼ੁਰੂ ਕੀਤਾ ਹੈ। ਉਥੇ ਸੀਵਰੇਜ ਜਾਮ ਦੀ ਸਮੱਸਿਆ ਨੂੰ ਦੂਰ ਨਹੀਂ ਕੀਤਾ ਜਾ ਰਿਹਾ।
ਛੱਠ ਪੂਜਾ ਤੋਂ ਕੁਝ ਦਿਨ ਪਹਿਲਾਂ ਨਹਿਰੀ ਵਿਭਾਗ ਨੇ ਨਹਿਰ ਦੀ ਸਫ਼ਾਈ ਕਰਦੇ ਸਮੇਂ ਸਾਰਾ ਕੂੜਾ ਕਿਨਾਰਿਆਂ ’ਤੇ ਢੇਰ ਲਗਾ ਕੇ ਰੱਖ ਦਿੱਤਾ ਸੀ ਪਰ ਅੱਜ ਤਕ ਉਨ੍ਹਾਂ ਢੇਰਾਂ ਨੂੰ ਚੁੱਕਿਆ ਨਹੀਂ ਗਿਆ। ਇਸ ਸਬੰਧੀ 3 ਦਿਨ ਪਹਿਲਾਂ ਨਹਿਰੀ ਵਿਭਾਗ ਦੇ ਐਕਸੀਅਨ ਦਵਿੰਦਰ ਜੈਨ ਨਾਲ ਗੱਲ ਕੀਤੀ ਗਈ ਸੀ ਅਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਮੋਬਾਈਲ ’ਤੇ ਵ੍ਹਟਸਐਪ ਵੀ ਭੇਜਿਆ ਗਿਆ ਸੀ, ਇਸਦੇ ਬਾਵਜੂਦ ਕੂੜੇ ਦੇ ਢੇਰ ਉਥੇ ਹੀ ਲੱਗੇ ਹੋਏ ਹਨ ਅਤੇ ਨਹਿਰ ਵੀ ਪੂਰੀ ਤਰ੍ਹਾਂ ਕੂੜੇ ਨਾਲ ਭਰੀ ਹੋਈ ਹੈ। -ਅਸ਼ਵਨੀ ਜੰਗਰਾਲ, ਕਾਂਗਰਸੀ ਨੇਤਾ (ਵੈਸਟ ਵਿਧਾਨ ਸਭਾ ਹਲਕਾ)

ਇਹ ਵੀ ਪੜ੍ਹੋ- ਹੋ ਜਾਓ ਸਾਵਧਾਨ! ਮਰਨ ਤੋਂ ਬਾਅਦ ਵੀ ਨਹੀਂ ਮਿੱਟਦੇ ਸਮੋਕਿੰਗ ਦੇ ਨਿਸ਼ਾਨ, ਹੈਰਾਨ ਕਰੇਗੀ ਪੂਰੀ ਰਿਪੋਰਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News