ਕਲਯੁੱਗੀ ਮਾਂ ਦੀ ਕਰਤੂਤ, ਨਵਜੰਮੀ ਬੱਚੀ ਨੂੰ ਝਾੜੀਆਂ ''ਚ ਸੁੱਟਿਆ

01/10/2020 11:05:49 PM

ਹੁਸ਼ਿਆਰਪੁਰ,(ਅਮਰਿੰਦਰ)- ਥਾਣਾ ਚੱਬੇਵਾਲ ਅਧੀਨ ਪਿੰਡ ਕੋਠੀ ਵਿਚ ਝਾੜੀਆਂ 'ਚੋਂ ਨਵਜੰਮੀ ਬੱਚੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਕੁਝ ਦੇਰ ਲਈ ਸਨਸਨੀ ਫੈਲ ਗਈ।  ਮਨੁੱਖਤਾ ਅਤੇ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰਨ ਵਾਲੀ ਸਾਹਮਣੇ ਆਈ ਉਕਤ ਕਲਯੁੱਗੀ ਮਾਂ ਦੀ ਕਰਤੂਤ ਦੀ ਸੂਚਨਾ ਮਿਲਦੇ ਹੀ ਜੇਜੋਂ ਪੁਲਸ ਚੌਕੀ ਵਿਚ ਤਾਇਨਾਤ ਏ. ਐੱਸ. ਆਈ. ਇੰਦਰਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਸੂਚਨਾ ਥਾਣਾ ਚੱਬੇਵਾਲ ਵਿਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਨੂੰ ਦਿੱਤੀ। ਪਛਾਣ ਨਾ ਹੋਣ 'ਤੇ ਪੁਲਸ ਨੇ ਨਵਜੰਮੀ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਕੋਠੀ ਪਿੰਡ ਦੇ ਪੰਚਾਇਤ ਮੈਂਬਰ ਮੰਗਤ ਰਾਮ ਨੇ ਪਿੰਡ ਦੀ ਸਰਪੰਚ ਦੇ ਪਤੀ ਚੰਨਣ ਸਿੰਘ ਨੂੰ ਸੂਚਨਾ ਦਿੱਤੀ ਕਿ ਝਾੜੀਆਂ ਵਿਚ ਇਕ ਨਵਜੰਮੀ ਬੱਚੀ ਦੀ ਲਾਸ਼ ਪਈ ਹੈ। ਮੌਕੇ 'ਤੇ ਭਾਰੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਨਵਜੰਮੀ ਬੱਚੀ ਨੂੰ ਝਾੜੀਆਂ ਵਿਚ ਸੁੱਟਣ ਵਾਲੀ ਕਲਯੁੱਗੀ ਮਾਂ ਜਾਂ ਲੋਕਾਂ ਦੀ ਪਛਾਣ ਕਰਵਾਉਣ ਦੀ ਪਰ ਸਫਲਤਾ ਨਹੀਂ ਮਿਲੀ। ਲੋਕਾਂ ਅਨੁਸਾਰ ਨਵਜੰਮੀ ਬੱਚੀ ਦਾ ਜਨਮ ਰਾਤ ਨੂੰ ਹੀ ਹੋਇਆ ਹੋਵੇਗਾ। ਮੌਕੇ 'ਤੇ ਮੌਜੂਦ ਔਰਤਾਂ ਅਤੇ ਲੋਕ ਕਹਿ ਰਹੇ ਸਨ ਕਿ ਸ਼ਾਇਦ ਧੀ ਦੇ ਜਨਮ ਲੈਣ ਕਾਰਣ ਹੀ ਕਿਸੇ ਬੇਰਹਿਮ ਮਾਂ ਨੇ ਆਪਣੇ ਜਿਗਰ ਦੇ ਟੋਟੇ ਨੂੰ ਕੜਾਕੇ ਦੀ ਠੰਡ ਵਿਚ ਮਰਨ ਲਈ ਝਾੜੀਆਂ ਵਿਚ ਸੁੱਟ ਦਿੱਤਾ ਹੋਵੇਗਾ।

'ਅਣਪਛਾਤਿਆਂ ਖਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ'
ਜਦੋਂ ਇਸ ਸਬੰਧ ਵਿਚ ਥਾਣਾ ਚੱਬੇਵਾਲ ਵਿਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਤੋਂ ਦੇਰ ਸ਼ਾਮ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਨੇ ਨਵਜੰਮੀ ਬੱਚੀ ਨੂੰ ਝਾੜੀਆਂ ਵਿਚ ਸੁੱਟਣ ਵਾਲਿਆਂ ਦੀ ਪਛਾਣ ਕਰਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ। ਅਜਿਹੇ ਮਾਮਲਿਆਂ ਵਿਚ ਦੋਸ਼ੀਆਂ ਦੀ ਪਛਾਣ ਲਈ ਡੀ. ਐੱਨ. ਏ. ਦੀ ਰਿਪੋਰਟ ਬਹੁਤ ਜ਼ਰੂਰੀ ਹੁੰਦੀ ਹੈ, ਇਸ ਲਈ ਸ਼ਨੀਵਾਰ ਨੂੰ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਕਰਵਾਇਆ ਜਾਵੇਗਾ। ਇਸ ਸਬੰਧ 'ਚ ਪੁਲਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ਼ ਧਾਰਾ 315 ਅਤੇ 316 ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News