ਕੌਂਸਲਰ ਟਿੱਕਾ ਤੇ ਦੇਸ ਰਾਜ ਜੱਸਲ ਨੇ ਨਿਗਮ ਦੀਆਂ ਐਡਹਾਕ ਕਮੇਟੀਆਂ ਤੋਂ ਦਿੱਤੇ ਅਸਤੀਫੇ

02/06/2020 11:47:40 AM

ਜਲੰਧਰ (ਖੁਰਾਣਾ)— ਦੋ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਮੇਅਰ ਜਗਦੀਸ਼ ਰਾਜਾ ਨੇ ਕੁਝ ਦਿਨ ਪਹਿਲਾਂ ਨਗਰ ਨਿਗਮ ਦੀਆਂ ਐਡਹਾਕ ਕਮੇਟੀਆਂ ਦਾ ਗਠਨ ਕੀਤਾ ਸੀ ਪਰ ਹੁਣ ਇਨ੍ਹਾਂ ਕਮੇਟੀਆਂ ਨੂੰ ਲੈ ਕੇ ਕਾਂਗਰਸ ਦੀ ਆਪਸੀ ਰਾਜਨੀਤੀ 'ਚ ਵੱਡੀ ਫੁੱਟ ਪੈ ਗਈ ਹੈ। ਨਾਰਥ ਹਲਕੇ ਦੇ ਸੀਨੀਅਰ ਕਾਂਗਰਸੀ ਕੌਂਸਲਰ ਦੇਸ ਰਾਜ ਜੱਸਲ ਅਤੇ ਵੈਸਟ ਹਲਕੇ ਦੇ ਬੜਬੋਲੇ ਕਾਂਗਰਸੀ ਕੌਂਸਲਰ ਰਾਜੀਵ ਓਂਕਾਰ ਿਟੱਕਾ ਨੇ ਐਡਹਾਕ ਕਮੇਟੀਆਂ 'ਚ ਮਿਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕਰਦਿਆਂ ਸਪੱਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਮੇਅਰ ਨੇ ਕਮੇਟੀਆਂ ਦਾ ਗਠਨ ਬਿਨ੍ਹਾਂ ਕਿਸੇ ਨਾਲ ਸਲਾਹ ਕੀਤੇ ਆਪਣੇ ਪੱਧਰ 'ਤੇ ਕਰ ਦਿੱਤਾ ਹੈ। ਇਨ੍ਹਾਂ ਕਮੇਟੀਆਂ 'ਚ ਮੇਅਰ ਨੇ ਸਿਰਫ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੀ ਹੀ ਕੋਸ਼ਿਸ਼ ਕੀਤੀ ਹੈ, ਸੀਨੀਅਰ, ਜੂਨੀਅਰ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ।

PunjabKesari

ਕੌਂਸਲਰ ਦੇਸ ਰਾਜ ਜੱਸਲ ਨੇ ਤਾਂ ਬੀਤੇ ਦਿਨ ਨਿਗਮ ਦੀ ਸੈਨੀਟੇਸ਼ਨ ਐਡਹਾਕ ਕਮੇਟੀ ਦੀ ਮੀਟਿੰਗ ਦਾ ਵੀ ਬਾਈਕਾਟ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ 'ਚ ਕਈ ਅਜਿਹੇ ਕੌਂਸਲਰਾਂ ਨੂੰ ਚੇਅਰਮੈਨ ਬਣਾਇਆ ਗਿਆ ਹੈ, ਜੋ ਕਾਫੀ ਜੂਨੀਅਰ ਹਨ ਜਦਕਿ ਕਈ ਸੀਨੀਅਰ ਕੌਂਸਲਰਾਂ ਨੂੰ ਮੈਂਬਰ ਬਣਾਇਆ ਗਿਆ ਹੈ, ਜੋ ਸਹੀ ਨਹੀਂ ਹੈ।

PunjabKesari

ਕੌਂਸਲਰ ਰਾਜੀਵ ਓਂਕਾਰ ਟਿੱਕਾ ਨੇ ਕਿਹਾ ਕਿ ਮੇਅਰ ਨੇ ਕਮੇਟੀਆਂ ਬਣਾਉਂਦੇ ਸਮੇਂ ਸਿਰਫ ਤੇ ਸਿਰਫ ਸੈਂਟਰਲ ਹਲਕੇ ਦਾ ਹੀ ਧਿਆਨ ਰੱਖਿਆ। ਨਿਗਮ 'ਚ ਕਈ ਅਜਿਹੇ ਸੀਨੀਅਰ ਕੌਂਸਲਰ ਸਨ, ਜਿਨ੍ਹਾਂ ਦੇ ਤਜਰਬੇ ਦਾ ਫਾਇਦਾ ਉਨ੍ਹਾਂ ਨੂੰ ਚੇਅਰਮੈਨ ਬਣਾ ਕੇ ਲਿਆ ਜਾ ਸਕਦਾ ਸੀ ਪਰ ਵੈਸਟ ਹਲਕੇ ਨੂੰ ਬਿਲਕੁਲ ਇਗਨੋਰ ਕੀਤਾ ਗਿਆ। ਸਿਰਫ ਭਾਰਗੋ ਕੈਂਪ ਤੋਂ ਹੀ ਦੋ ਚੇਅਰਮੈਨ ਬਣਾਏ ਗਏ। ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨਾਲ ਵੀ ਮੇਅਰ ਨੇ ਇਸ ਮਾਮਲੇ 'ਚ ਕੋਈ ਸਲਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੌਂਸਲਰਾਂ ਨੇ ਕਦੀ ਹਾਊਸ ਦੀ ਮੀਟਿੰਗ 'ਚ ਆਪਣੇ ਵਾਰਡ ਨਾਲ ਸਬੰਧਤ ਮੁੱਦੇ ਤੱਕ ਨਹੀਂ ਰੱਖੇ ਤੇ ਬੋਲੇ ਤੱਕ ਨਹੀਂ ਉਨ੍ਹਾਂ ਨੂੰ ਵੀ ਚੇਅਰਮੈਨ ਬਣਾ ਕੇ ਨੇੜਤਾ ਦਾ ਇਨਾਮ ਦਿੱਤਾ ਗਿਆ।

ਕੀ ਸਫਾਈ ਕਰਮਚਾਰੀਆਂ ਦੀ ਬਰਾਬਰ-ਬਰਾਬਰ ਵੰਡ ਕਰ ਸਕੇਗੀ ਸੈਨੀਟੇਸ਼ਨ ਕਮੇਟੀ
ਸਾਬਕਾ ਮੇਅਰ ਸੁਨੀਲ ਜੋਤੀ ਦੇ ਸਮੇਂ ਇਹ ਕਵਾਇਦ ਸ਼ੁਰੂ ਹੋਈ ਸੀ ਕਿ ਜਲੰਧਰ ਨਿਗਮ 'ਚ ਤਾਇਨਾਤ ਸਾਰੇ ਸਫਾਈ ਕਰਮਚਾਰੀਆਂ ਨੂੰ ਸਾਰੇ ਵਾਰਡਾਂ 'ਚ ਬਰਾਬਰ-ਬਰਾਬਰ ਵੰਡ ਦਿੱਤਾ ਜਾਵੇ ਪਰ ਉਨ੍ਹਾਂ ਕੋਲੋਂ ਇਹ ਕੰਮ ਨਹੀਂ ਹੋਇਆ। ਉਸ ਤੋਂ ਬਾਅਦ ਕਾਂਗਰਸੀ ਮੇਅਰ ਦੇ ਤੌਰ 'ਤੇ ਜਗਦੀਸ਼ ਰਾਜਾ ਨੇ ਚਾਰਜ ਸੰਭਾਲ ਕੇ ਇਸ ਦਿਸ਼ਾ 'ਚ ਕੋਸ਼ਿਸ਼ ਕੀਤੀ ਪਰ ਜਦੋਂ ਨਵੇਂ ਸਿਰੇ ਤੋਂ ਸਫਾਈ ਸੇਵਕਾਂ ਦੀ ਵੰਡ ਕੀਤੀ ਗਈ ਤਾਂ ਕਿਸੇ ਵਾਰਡ 'ਚ 8 ਅਤੇ ਕਿਸੇ 'ਚ 40 ਸਫਾਈ ਸੇਵਕ ਵੰਡ ਦਿੱਤੇ ਗਏ। ਮੇਅਰ ਕੋਲੋਂ ਵਾਰ-ਵਾਰ ਮੰਗ ਕੀਤੀ ਗਈ ਕਿ ਹਰ ਵਾਰਡ 'ਚ ਬਰਾਬਰ-ਬਰਾਬਰ ਸਫਾਈ ਸੇਵਕ ਵੰਡੇ ਜਾਣ ਪਰ ਉਨ੍ਹਾਂ ਕੋਲੋਂ ਇਹ ਕੰਮ ਨਹੀਂ ਹੋ ਸਕਿਆ।

ਹੁਣ ਮੇਅਰ ਵੱਲੋਂ ਬਣਾਈ ਗਈ ਸੈਨੀਟੇਸ਼ਨ ਐਡਹਾਕ ਕਮੇਟੀ ਨੇ ਫਿਰ ਇਸ ਮੁੱਦੇ ਨੂੰ ਉਠਾਇਆ ਹੈ। ਇਸ ਕਮੇਟੀ ਦੀ ਇਕ ਮੀਟਿੰਗ ਬੀਤੇ ਦਿਨ ਕੌਂਸਲਰ ਬਲਰਾਜ ਠਾਕੁਰ ਦੀ ਚੇਅਰਮੈਨਸ਼ਿਪ 'ਚ ਹੋਈ, ਜਿਸ ਦੌਰਾਨ ਕੌਂਸਲਰ ਅਵਤਾਰ ਸਿੰਘ, ਰੋਹਨ ਸਹਿਗਲ, ਸ਼ਮਸ਼ੇਰ ਖਹਿਰਾ, ਜਗਦੀਸ਼ ਸਮਰਾਏ ਅਤੇ ਸੁੱਚਾ ਸਿੰਘ ਆਦਿ ਮੌਜੂਦ ਸਨ। ਨਿਗਮ ਵੱਲੋਂ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ, ਹੈਲਥ ਆਫੀਸਰ ਡਾ. ਕ੍ਰਿਸ਼ਨ ਸ਼ਰਮਾ ਅਤੇ ਡਾ. ਰਾਜਕਮਲ ਆਦਿ ਮੌਜੂਦ ਸਨ। ਐਡਹਾਕ ਕਮੇਟੀ ਨੇ ਨਿਗਮ ਅਧਿਕਾਰੀਆਂ ਕੋਲੋਂ ਸਾਰੇ ਵਾਰਡਾਂ 'ਚ ਤਾਇਨਾਤ ਸਫਾਈ ਕਰਮਚਾਰੀਆਂ ਦੀ ਸੂਚੀ ਮੰਗੀ ਹੈ ਤਾਂ ਜੋ ਉਨ੍ਹਾਂ ਨੂੰ ਬਰਾਬਰ-ਬਰਾਬਰ ਵੰਡਿਆ ਜਾ ਸਕੇ। ਇਸ ਤੋਂ ਇਲਾਵਾ ਨਵੇਂ ਰੱਖੇ ਜਾਣ ਵਾਲੇ ਸਫਾਈ ਕਰਮਚਾਰੀਆਂ ਦੀ ਡੀ. ਸੀ. ਰੇਟ 'ਤੇ ਭਰਤੀ ਲਈ ਮੰਤਰੀ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਿਗਆ। ਟਿੱਪਰਾਂ ਅਤੇ ਟਰਾਲੀਆਂ 'ਤੇ ਚਰਚਾ ਤੋਂ ਇਲਾਵਾ ਬਾਕੀ ਮਸ਼ੀਨਰੀ ਦੀ ਡਿਟੇਲ ਤਲਬ ਕੀਤੀ ਗਈ। ਮੀਟਿੰਗ ਦੌਰਾਨ ਕੁੱਤਿਆਂ ਦੀ ਵੱਧਦੀ ਸਮੱਸਿਆ ਅਤੇ ਡੌਗ ਕੰਪਾਊਂਡ ਬਣਾ ਕੇ ਸਮੱਸਿਆ ਨੂੰ ਹੱਲ ਕਰਨ ਦੇ ਤਰੀਕਿਆਂ 'ਤੇ ਚਰਚਾ ਹੋਈ। 10 ਦਿਨਾਂ ਬਾਅਦ ਦੋਬਾਰਾ ਕਮੇਟੀ ਦੀ ਮੀਟਿੰਗ ਹੋਵੇਗੀ।


shivani attri

Content Editor

Related News