ਮਾਮਲਾ ਕੌਂਸਲਰ ਦੇ ਭਤੀਜੇ ਵੱਲੋਂ ਪ੍ਰੇਮ ਵਿਆਹ ਦਾ, ਪਤਵੰਤਿਆਂ ਨੇ ਬਾਈਕਾਟ ਦਾ ਫ਼ੈਸਲਾ ਕਰਾਇਆ ਖ਼ਤਮ

05/19/2022 3:37:54 PM

ਗੋਰਾਇਆ (ਜ. ਬ.)-ਕੁਝ ਮਹੀਨੇ ਪਹਿਲਾਂ ਕਾਂਗਰਸੀ ਕੌਂਸਲਰ ਦੇ ਭਤੀਜੇ ਵੱਲੋਂ ਆਪਣੇ ਹੀ ਮੁਹੱਲੇ ਦੀ ਰਹਿਣ ਵਾਲੀ ਲੜਕੀ ਨਾਲ ਪ੍ਰੇਮ ਵਿਆਹ (ਲਵ ਮੈਰਿਜ) ਕਰਵਾ ਲਿਆ ਗਿਆ ਸੀ, ਜਿਸ ਤੋਂ ਬਾਅਦ ਮਾਮਲਾ ਕਾਫੀ ਭਆ ਤੇ ਕੌਂਸਲਰ ਦੇ ਬਾਈਕਾਟ ਦਾ ਵੀ ਲੜਕੀ ਦੇ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਤੇ ਮਾਮਲਾ ਥਾਣੇ ਤੱਕ ਜਾ ਪੁੱਜਾ ਸੀ। ਹੁਣ ਨੰਬੜਦਾਰ ਹੈਪੀ ਮਾਹੀ ਅਤੇ ਕਾਂਗਰਸੀ ਕੌਂਸਲਰ ਬਲਜਿੰਦਰ ਕੁਮਾਰ ਪਾਹਵਾ ਦੇ ਵਿਸ਼ੇਸ਼ ਉੱਦਮਾਂ ਸਦਕਾ ਦੋਵੇਂ ਹੀ ਪਰਿਵਾਰਾਂ ’ਚ ਨੇੜਤਾ ਕਰਵਾ ਕੇ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਹੈ।

ਇਸ ਸਬੰਧੀ ਨੰਬੜਦਾਰ ਹੈਪੀ ਮਾਹੀ ਤੇ ਕੌਂਸਲਰ ਬਲਜਿੰਦਰ ਕਾਲਾ ਨੇ ਦੱਸਿਆ ਕਿ ਨਵੰਬਰ ’ਚ ਇਥੋਂ ਦੇ ਹੀ ਮੁਹੱਲੇ ਦੀ ਇਕ ਲੜਕੀ ਨੇ ਕੌਂਸਲਰ ਦੇ ਭਤੀਜੇ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ, ਜਿਸ ਤੋਂ ਬਾਅਦ ਦੋਵੇਂ ਪਰਿਵਾਰਾਂ ’ਚ ਮਾਮਲਾ ਕਾਫੀ ਵਧ ਗਿਆ ਸੀ, ਜਿਸ ਨੂੰ ਹੁਣ ਮੁਹੱਲੇ ਦੇ ਮੋਹਤਵਰਾਂ ਅਤੇ ਮੁਹੱਲਾ ਵਾਸੀਆਂ ਨੇ ਵਿਚ ਪੈ ਕੇ ਖ਼ਤਮ ਕਰਵਾ ਦਿੱਤਾ ਹੈ ਅਤੇ ਹੁਣ ਦੋਵੇਂ ਹੀ ਪਰਿਵਾਰ ਪਿਆਰ ਅਤੇ ਸਹਿਮਤੀ ਨਾਲ ਰਹਿਣਗੇ ਅਤੇ ਕੋਈ ਵੀ ਟਸਲਬਾਜ਼ੀ ਨਹੀਂ ਰੱਖੀ ਜਾਵੇਗੀ ਤੇ ਨਾ ਹੀ ਹੁਣ ਕਿਸੇ ਵੱਲੋਂ ਕਿਸੇ ਦਾ ਬਾਈਕਾਟ ਕੀਤਾ ਜਾਵੇਗਾ। ਕੋਈ ਵੀ ਇਸ ਮਾਮਲੇ ’ਚ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਏਗਾ। ਇਸ ਮੌਕੇ ਕੌਂਸਲਰ ਸੁਖਰਾਜ ਕੌਰ, ਕੌਂਸਲਰ ਹਰਮੇਸ਼ ਲਾਲ, ਕੌਂਸਲਰ ਰਾਜੀਵ ਪੁੰਜ ਬਿੱਟੂ, ਕਾਂਗਰਸ ਸਿਟੀ ਪ੍ਰਧਾਨ ਅਨਿਲ ਜੋਸ਼ੀ, ਸੰਨੀ, ਬਲਬੀਰ ਕੁਮਾਰ, ਲੜਕੀ ਦੇ ਪਰਿਵਾਰਕ ਮੈਂਬਰ, ਲੜਕੇ ਦੇ ਰਿਸ਼ਤੇਦਾਰ ਅਤੇ ਮੁਹੱਲਾ ਵਾਸੀ ਹਾਜ਼ਰ ਸਨ।
 


Manoj

Content Editor

Related News