ਮਕਸੂਦਾਂ ਸਬਜ਼ੀ ਮੰਡੀ ’ਚ ਨਹੀਂ ਰੁਕ ਰਹੀ ਪਾਰਕਿੰਗ ਠੇਕੇਦਾਰ ਦੀ ਮਨਮਾਨੀ, ਚੰਡੀਗੜ੍ਹ ਪਹੁੰਚਿਆ ਮਾਮਲਾ

05/27/2023 5:04:00 PM

ਜਲੰਧਰ (ਜ. ਬ.)–ਮਕਸੂਦਾਂ ਸਬਜ਼ੀ ਮੰਡੀ ਵਿਚ ਪਿਛਲੇ 10 ਦਿਨਾਂ ਤੋਂ ਪਾਰਕਿੰਗ ਠੇਕੇਦਾਰ ਵੱਲੋਂ ਸਰਕਾਰੀ ਤੈਅ ਰੇਟਾਂ ਤੋਂ ਤਿੰਨ ਗੁਣਾ ਜ਼ਿਆਦਾ ਪੈਸਿਆਂ ਦੀ ਪਰਚੀ ਕੱਟਣ ਦਾ ਸਿਲਸਿਲਾ ਜਾਰੀ ਹੈ, ਹਾਲਾਂਕਿ ਮਾਰਕੀਟ ਕਮੇਟੀ ਵੱਲੋਂ 3-3 ਨੋਟਿਸ ਜਾਰੀ ਕਰਕੇ 20 ਹਜ਼ਾਰ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਪਰ ਉਸ ਦੇ ਬਾਵਜੂਦ ਵਾਹਨਾਂ ਦੀ ਪਰਚੀ ਦੇ ਰੇਟ ਸਰਕਾਰੀ ਤੈਅ ਰੇਟਾਂ ਤੋਂ ਕਾਫ਼ੀ ਜ਼ਿਆਦਾ ਵਸੂਲੇ ਜਾ ਰਹੇ ਹਨ। ਮਾਰਕੀਟ ਕਮੇਟੀ ਨੇ ਚੰਡੀਗੜ੍ਹ ਸਥਿਤ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ।

ਆੜ੍ਹਤੀ ਐਸੋਸੀਏਸ਼ਨ ਦੇ ਡਿੰਪੀ ਸਚਦੇਵਾ ਨੇ ਸ਼ੁੱਕਰਵਾਰ ਨੂੰ ਦੁਬਾਰਾ ਮਾਰਕੀਟ ਕਮੇਟੀ ਦੇ ਸੈਕਟਰੀ ਸੁਰਿੰਦਰਪਾਲ ਸਿੰਘ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਠੇਕੇਦਾਰ ਅਜੇ ਵੀ ਸੁਧਰਿਆ ਨਹੀਂ ਹੈ, ਜਿਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੰਡੀ ਵਿਚ ਸ਼ਰੇਆਮ ਗਰੀਬ ਵਾਹਨ ਚਾਲਕਾਂ ਨਾਲ ਧੱਕਾ ਹੋ ਰਿਹਾ ਹੈ, ਜੋ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੈਕਟਰੀ ਨੇ ਕੁਝ ਪਰਚੀਆਂ ਵੀ ਦਿਖਾਈਆਂ, ਜਿਹੜੀਆਂ 3 ਗੁਣਾ ਜ਼ਿਆਦਾ ਰੇਟ ਦੀਆਂ ਕੱਟੀਆਂ ਗਈਆਂ ਸਨ।

ਇਹ ਵੀ ਪੜ੍ਹੋ - ਕਪੂਰਥਲਾ ਤੋਂ ਵੱਡੀ ਖ਼ਬਰ: ਹਵਸ 'ਚ ਅੰਨ੍ਹੇ ਨੌਜਵਾਨ ਨੇ 70 ਸਾਲਾ ਬਜ਼ੁਰਗ ਔਰਤ ਨਾਲ ਕੀਤਾ ਜਬਰ-ਜ਼ਿਨਾਹ

PunjabKesari

ਦੂਜੇ ਪਾਸੇ ਸੈਕਟਰੀ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਮਾਮਲਾ ਆਪਣੇ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਹੈ, ਜਿਸ ’ਤੇ ਕਦੀ ਵੀ ਫ਼ੈਸਲਾ ਆ ਸਕਦਾ ਹੈ। ਠੇਕੇਦਾਰ ਦੀ ਮਨਮਰਜ਼ੀ ਜੇਕਰ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਠੇਕਾ ਰੱਦ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਨੇ ਨਾ ਤਾਂ ਨੋਟਿਸ ਦਾ ਜਵਾਬ ਦਿੱਤਾ ਹੈ ਅਤੇ ਨਾ ਹੀ ਜੁਰਮਾਨਾ ਭਰਿਆ ਹੈ। ਜੇਕਰ ਠੇਕੇਦਾਰ 20 ਹਜ਼ਾਰ ਰੁਪਏ ਜੁਰਮਾਨਾ ਜਮ੍ਹਾ ਨਹੀਂ ਕਰਵਾਉਂਦਾ ਹੈ ਤਾਂ ਉਸ ਵੱਲੋਂ ਜਮ੍ਹਾ ਕਰਵਾਈ ਸਕਿਓਰਿਟੀ ਦੀ ਰਾਸ਼ੀ ਵਿਚੋਂ ਕੱਟ ਲਿਆ ਜਾਵੇਗਾ। ਇਸ ਤੋਂ ਇਲਾਵਾ ਠੇਕੇਦਾਰ ਦੀ ਐੱਫ਼. ਡੀ. ਵੀ ਕਮੇਟੀ ਕੋਲ ਪਈ ਹੈ। ਆੜ੍ਹਤੀ ਡਿੰਪੀ ਸਚਦੇਵਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੰਡੀ ਵਿਚ ਸ਼ਰੇਆਮ ਹੋ ਰਹੀ ਧੱਕੇਸ਼ਾਹੀ ਨੂੰ ਹਰ ਹਾਲਤ ਵਿਚ ਬੰਦ ਕਰਵਾਇਆ ਜਾਵੇ।

ਧਰਨੇ-ਪ੍ਰਦਰਸ਼ਨ ਤੋਂ ਆੜ੍ਹਤੀ ਹੋਏ ਪ੍ਰੇਸ਼ਾਨ
ਪਿਛਲੇ ਦਿਨੀਂ ਪਾਰਕਿੰਗ ਠੇਕੇਦਾਰ ਖ਼ਿਲਾਫ਼ ਲੱਗੇ ਧਰਨੇ ਅਤੇ ਵਿਰੋਧ ਕਾਰਨ ਆੜ੍ਹਤੀ ਵੀ ਪ੍ਰੇਸ਼ਾਨ ਹਨ। ਕਾਰਨ ਇਹ ਹੈ ਕਿ ਸਬਜ਼ੀ ਅਤੇ ਫਰੂਟ ਦੀਆਂ ਗੱਡੀਆਂ ਮੰਡੀ ਦੇ ਅੰਦਰ ਦਾਖਲ ਨਹੀਂ ਹੋ ਪਾਉਂਦੀਆਂ, ਜਿਸ ਕਰ ਕੇ ਸਹੀ ਸਮੇਂ ’ਤੇ ਸਬਜ਼ੀ ਅਤੇ ਫਰੂਟ ਨਾ ਆਉਣ ਕਾਰਨ ਆੜ੍ਹਤੀਆਂ ਦਾ ਨੁਕਸਾਨ ਹੁੰਦਾ ਹੈ ਅਤੇ ਸਬਜ਼ੀਆਂ ਅਤੇ ਫਰੂਟ ਵੀ ਖਰਾਬ ਹੋਣ ਦੀ ਉਮੀਦ ਵਧ ਜਾਂਦੀ ਹੈ।

ਇਹ ਵੀ ਪੜ੍ਹੋ - 18 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਖੁੱਲ੍ਹਿਆ ਭੇਤ ਤਾਂ ਮੁੰਡੇ ਦੇ ਪੈਰਾਂ ਹੇਠਾਂ ਖਿਸਕੀ ਜ਼ਮੀਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


shivani attri

Content Editor

Related News