ਹੜਤਾਲ ਕਾਰਨ ਨਹੀਂ ਮਿਲ ਸਕਿਆ ਮਰੀਜ਼ ਨੂੰ ਇਲਾਜ, ਤੋੜਿਆ ਦਮ

06/25/2020 2:44:34 PM

ਜਲੰਧਰ (ਵਰਿਆਣਾ)— ਮੰਗਲਵਾਰ ਨੂੰ ਮੰਗਾਂ ਨੂੰ ਲੈ ਕੇ ਮਹਾਨਗਰ ਦੇ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਕੀਤੀ ਹੜਤਾਲ ਕਾਰਨ ਪਿੰਡ ਗਿੱਲਾਂ ਦੇ ਇਕ ਮਰੀਜ਼ ਨੇ ਇਲਾਜ ਨਾ ਹੋਣ ਕਰਕੇ ਦਮ ਤੋੜ ਦਿਤਾ, ਜਿਸ ਕਰਕੇ ਉਸ ਦੇ ਪਰਿਵਾਰ ਅਤੇ ਪਿੰਡ ਵਾਲਿਆਂ 'ਚ ਰੋਸ ਪੈਦਾ ਹੋ ਗਿਆ। ਬੀਤੇ ਦਿਨ ਮ੍ਰਿਤਕ ਦੇ ਸਸਕਾਰ ਸਮੇਂ ਰੋਸ ਪ੍ਰਗਟ ਕਰਦਿਆਂ ਉਸ ਦੇ ਪਰਿਵਾਰ ਗੁਰਮੀਤ ਸਿੰਘ, ਸੁਰਜੀਤ ਸਿੰਘ, ਬਲਬੀਰ ਸਿੰਘ ਆਦਿ ਨੇ ਕਿਹਾ ਕਿ ਮੰਗਲਵਾਰ ਸਵੇਰੇ ਉਨ੍ਹਾਂ ਦੇ ਭਰਾ ਅਮਰਜੀਤ ਸਿੰਘ (49) ਦੇ ਘਾਹ ਮੰਡੀ ਦੇ ਕਰੀਬ ਸੀਨੇ 'ਚ ਦਰਦ ਹੋਈ ਅਤੇ ਉਸ ਨੇ ਆਪਣੇ ਭਤੀਜੇ ਅਤੇ ਪਰਿਵਾਰ ਨੂੰ ਫੋਨ ਵੱਲੋਂ ਸੂਚਿਤ ਕੀਤਾ ਕਿ ਉਸ ਦੇ ਦਿਲ 'ਚ ਦਰਦ ਹੋ ਰਹੀ ਹੈ ਅਤੇ ਘਬਰਾਹਟ ਵੀ ਹੋ ਰਹੀ ਹੈ।

ਇਹ ਸੁਣਦਿਆਂ ਹੀ ਉਹ ਵਾਹਨ ਲੈ ਕੇ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਉਹ ਦਰਦ ਨਾਲ ਜੂਝ ਰਿਹਾ ਸੀ। ਉਨ੍ਹਾਂ ਨੇ ਉਸ ਨੂੰ ਤੁਰੰਤ ਪਹਿਲਾਂ ਕਰੀਬੀ ਹਸਪਤਾਲ 'ਚ ਦਾਖਲ ਕਰਵਾਉਣਾ ਚਾਹਿਆ ਪਰ ਹਸਪਤਾਲ ਦੇ ਪ੍ਰਬੰਧਕਾਂ ਨੇ ਹੜਤਾਲ ਹੋਣ ਦਾ ਕਹਿ ਕੇ ਇਲਾਜ ਕਰਨ ਤੋਂ ਇਨਕਾਰ ਕਰ ਦਿਤਾ, ਉਸ ਨੂੰ ਦਰਦ ਨਾਲ ਤੜਫਦਿਆਂ ਫਿਰ ਜਲੰਧਰ ਦੇ ਤਿੰਨ ਹੋਰ ਵੱਖ-ਵੱਖ ਨਾਮੀ ਹਸਪਤਾਲਾਂ 'ਚ ਲੈ ਕੇ ਗਏ, ਹਰ ਹਸਪਤਾਲ ਵਾਲੇ ਨੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿਤਾ, ਫਿਰ ਜਦੋਂ ਕਾਫੀ ਦੇਰ ਉਸ ਨੂੰ ਕਿਸੇ ਹਸਪਤਾਲ ਵਾਲੇ ਨੇ ਦਾਖਲ ਨਾ ਕੀਤਾ ਤਾਂ ਉਹ ਉਸ ਨੂੰ ਸਿਵਲ ਹਸਪਤਾਲ ਲੈ ਕੇ ਚਲੇ ਗਏ, ਜਿੱਥੇ ਪਹੁੰਚਦਿਆਂ ਉਸ ਨੇ ਦਮ ਤੋਂ ਦਿਤਾ।

ਇਹ ਵੀ ਪੜ੍ਹੋ: ਫਗਵਾੜਾ ਗੇਟ ਗੋਲੀਕਾਂਡ: ਜਲੰਧਰ 'ਚ ਹੀ ਰਹਿ ਰਿਹਾ ਸੀ ਹਰਿਆਣੇ ਦਾ ਕ੍ਰਿਮੀਨਲ, ਪੁਲਸ ਸੀ ਬੇਖਬਰ

ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਬੇਸ਼ਕ ਹਸਪਤਾਲ ਵਾਲਿਆਂ ਦੀ ਹੜਤਾਲ ਹੋਵੇਗੀ ਪਰ ਉਨ੍ਹਾਂ ਲਈ ਇਨਸਾਨੀ ਜ਼ਿੰਦਗੀ ਨੂੰ ਬਚਾਉਣਾ ਅਹਿਮ ਹੁੰਦਾ ਹੈ, ਜਿਸ ਤੋਂ ਡਾਕਟਰਾਂ ਨੇ ਕਿਨਾਰਾ ਕਰ ਲਿਆ, ਜਿਸ ਕਾਰਨ ਸਾਡੇ ਪਰਿਵਾਰ ਦਾ ਮੈਂਬਰ ਜਾਨ ਗੁਆ ਚੁਕਾ। ਉਨ੍ਹਾਂ ਦਾ ਕਹਿਣਾ ਸੀ ਕਿ ਅਮਰਜੀਤ ਸਿੰਘ ਨੂੰ ਹਾਰਟ ਅਟੈਕ ਆਇਆ ਲਗ ਰਿਹਾ ਸੀ, ਜਿਸ ਦਾ ਜੇਕਰ ਸਮੇਂ 'ਤੇ ਇਲਾਜ ਹੋ ਜਾਂਦਾ ਤਾਂ ਉਹ ਬਚ ਸਕਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਲਗਦਾ ਹਸਪਤਾਲਾਂ ਦੇ ਡਾਕਟਰਾਂ 'ਚ ਇਨਸਾਨੀਅਤ ਮਰ ਚੁਕੀ ਹੈ, ਜੋ ਇਕ ਇਨਸਾਨ ਨੂੰ ਬਿਨਾ ਇਲਾਜ ਦੇ ਮਰਨ ਲਈ ਮਜਬੂਰ ਕਰ ਦਿਤਾ।

ਪਰਿਵਾਰ ਵਾਲਿਆਂ ਨੇ ਇਕ ਵਿਅਕਤੀ 'ਤੇ ਵੀ ਇਸ ਮੌਤ ਨੂੰ ਜ਼ਿੰਮੇਵਾਰ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਅਮਰਜੀਤ ਸਿੰਘ ਇਕ ਨਿੱਜੀ ਕੰਪਨੀ ਵਿਚ ਸਕਿਊਰਟੀ ਗਾਰਡ ਲਗਾ ਹੋਇਆ ਹੈ, ਜਿਸ ਵਿਅਕਤੀ ਨੇ ਉਸ ਨੂੰ ਉਕਤ ਨੌਕਰੀ ਦਿਵਾਈ ਸੀ, ਉਹ ਉਸ ਦੇ ਪੈਸੇ ਨਹੀਂ ਦੇ ਰਿਹਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਵੀ ਅਮਰਜੀਤ ਉਕਤ ਵਿਅਕਤੀ ਕੋਲੋਂ ਪੈਸੇ ਲੈਣ ਗਿਆ ਸੀ ਪਰ ਉਹ ਪੈਸੇ ਦੇਣ ਦੀ ਬਜਾਏ ਕਥਿਤ ਤੌਰ 'ਤੇ ਧਮਕੀਆਂ ਦਿੰਦਾ ਸੀ, ਹੋ ਸਕਦਾ ਉਸ ਦਿਨ ਵੀ ਉਸ ਨੇ ਉਸ ਨਾਲ ਬੁਰਾ ਵਰਤਾਅ ਕੀਤਾ ਹੋਵੇ, ਜਿਸ ਕਰਕੇ ਦਿਲ ਦਾ ਦੌਰਾ ਪੈ ਗਿਆ। ਪਰਿਵਾਰ ਅਤੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ ਜਾਵੇਗੀ ਤਾਂ ਜੋ ਨਿਆਂ ਮਿਲ ਸਕੇ ਅਤੇ ਜਿਨ੍ਹਾਂ ਹਸਪਤਾਲਾਂ ਦੇ ਡਾਕਟਰਾਂ, ਪ੍ਰਬੰਧਕਾਂ ਨੇ ਐਮਰਜੈਂਸੀ ਦੌਰਾਨ ਇਲਾਜ ਕਰਨ ਤੋਂ ਇਨਕਾਰ ਕਰ ਦਿਤਾ ਉਨ੍ਹਾਂ ਖਿਲਾਫ ਡਿਪਟੀ ਕਮਿਸ਼ਨਰ, ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤਾਂ ਜੋ ਨਿਆਂ ਮਿਲ ਸਕੇ।
ਇਹ ਵੀ ਪੜ੍ਹੋ: ਜਲੰਧਰ 'ਚ ਮਾਰੂ ਹੋਇਆ 'ਕੋਰੋਨਾ', ਇਕ ਹੋਰ ਮਰੀਜ਼ ਦੀ ਗਈ ਜਾਨ


shivani attri

Content Editor

Related News