ਸਿਲੰਡਰ ਫਟਣ ਕਾਰਨ ਲੱਗੀ ਅੱਗ, 4 ਸਾਲਾ ਬੱਚੀ ਦੀ ਦਮ ਘੁੱਟਣ ਨਾਲ ਮੌਤ
Monday, Apr 15, 2024 - 04:33 PM (IST)
ਲੁਧਿਆਣਾ (ਜ. ਬ.) : ਥਾਣਾ ਸਦਰ ਅਧੀਨ ਪੈਂਦੇ ਪਿੰਡ ਪੱਖੋਵਾਲ ਰੋਡ ’ਤੇ ਸਥਿਤ ਪਿੰਡ ਦਾਦ ਦੀ ਗ੍ਰੀਨ ਐਵੇਨਿਊ ਕਾਲੋਨੀ ’ਚ ਇਕ ਘਰ ਨੂੰ ਗੈਸ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ ਅਤੇ ਕਮਰੇ ’ਚ ਸੌਂ ਰਹੀ 4 ਸਾਲਾ ਬੱਚੀ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਬੱਚੀ ਕਮਰੇ ’ਚ ਇਕੱਲੀ ਸੀ ਅਤੇ ਉਸ ਦੇ ਮਾਤਾ-ਪਿਤਾ ਕੰਮ ’ਤੇ ਗਏ ਹੋਏ ਸਨ। ਆਂਢ-ਗੁਆਂਢ ਦੇ ਲੋਕਾਂ ਨੇ ਕਮਰੇ ’ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ ਅਤੇ ਕਮਰੇ ’ਚ ਰਹਿ ਰਹੇ ਪਰਿਵਾਰ ਨੂੰ ਸੂਚਨਾ ਦਿੱਤੀ।
ਲੋਕਾਂ ਨੇ ਦੱਸਿਆ ਕਿ ਬਚਾਅ ਕਾਰਜ ਕਰਦੇ ਹੋਏ ਉਨ੍ਹਾਂ ਨੇ ਬੱਚੀ ਨੂੰ ਬਚਾਇਆ ਅਤੇ ਨੇੜੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੀ ਸੂਚਨਾ ਬੱਚੀ ਦੇ ਮਾਪਿਆਂ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਥਾਣਾ ਸਦਰ ਦੀ ਪੁਲਸ ਨੇ ਘਟਨਾ ਸਥਾਨ ਦਾ ਮੁਆਇਨਾ ਕਰਨ ਤੋਂ ਬਾਅਦ ਲੜਕੀ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਸ ਦੀ ਪਛਾਣ ਨੀਤੂ ਵਜੋਂ ਹੋਈ ਹੈ, ਜੋ ਪਹਿਲੀ ਜਮਾਤ ’ਚ ਪੜ੍ਹਦੀ ਸੀ। ਪੁਲਸ ਅਨੁਸਾਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਰਪਾਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਇਕ ਐੱਨ. ਆਰ. ਆਈ. ਦੇ ਘਰ ’ਚ ਕੇਅਰਟੇਕਰ ਵਜੋਂ ਰਹਿੰਦਾ ਹੈ, ਜਿਸ ਨੇ ਉਸ ਨੂੰ ਪਹਿਲੀ ਮੰਜ਼ਿਲ ’ਤੇ ਇਕ ਕਮਰਾ ਦਿੱਤਾ ਹੋਇਆ ਹੈ।
ਇਸ ਦੇ ਨਾਲ ਹੀ ਉਹ ਘਰ ’ਚ ਮਾਲੀ ਦਾ ਕੰਮ ਵੀ ਕਰਦਾ ਹੈ ਅਤੇ ਉਸ ਦੀ ਪਤਨੀ ਘਰ ’ਚ ਸਫਾਈ ਦਾ ਕੰਮ ਕਰਦੀ ਹੈ। ਦੋਵੇਂ ਜਲਦੀ ਘਰੋਂ ਨਿਕਲ ਜਾਂਦੇ ਹਨ ਅਤੇ ਆਪਣੀ ਧੀ ਨੂੰ ਕਮਰੇ ’ਚ ਛੱਡ ਦਿੰਦੇ ਹਨ। 10 ਵਜੇ ਦੇ ਕਰੀਬ ਵਾਪਸ ਆ ਕੇ ਉਸ ਨੂੰ ਖਾਣਾ ਦਿੰਦੇ ਹਨ ਘਰ ’ਚ ਅੱਗ ਲੱਗਣ ਦੀ ਸੂਚਨਾ ਲੋਕਾਂ ਨੇ ਉਸ ਨੂੰ ਦਿੱਤੀ ਅਤੇ ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਦੇਖਿਆ ਕਿ ਕਮਰੇ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਇੰਸਪੈਕਟਰ ਹਰਸ਼ਵੀਰ ਨੇ ਦੱਸਿਆ ਕਿ ਫਿਲਹਾਲ ਧਾਰਾ-174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।