ਬਣੇ ਨਵੇਂ ਰੂਲਸ, ਹੁਣ 60 ਸਾਲ ਦੀ ਔਰਤ ਲੇਡੀਜ਼ ਜਿਮਖਾਨਾ ਕਲੱਬ ਦੀ ਨਾ ਤਾਂ ਮੈਂਬਰ ਬਣੇਗੀ ਤੇ ਨਾ ਹੀ ਚੋਣ ਲੜੇਗੀ

Monday, Apr 04, 2022 - 03:46 PM (IST)

ਬਣੇ ਨਵੇਂ ਰੂਲਸ, ਹੁਣ 60 ਸਾਲ ਦੀ ਔਰਤ ਲੇਡੀਜ਼ ਜਿਮਖਾਨਾ ਕਲੱਬ ਦੀ ਨਾ ਤਾਂ ਮੈਂਬਰ ਬਣੇਗੀ ਤੇ ਨਾ ਹੀ ਚੋਣ ਲੜੇਗੀ

ਜਲੰਧਰ (ਖੁਰਾਣਾ)- ਸ਼ਹਿਰ ਦੇ 4300 ਪਰਿਵਾਰਾਂ ’ਤੇ ਆਧਾਰਿਤ ਜਲੰਧਰ ਜਿਮਖਾਨਾ ਕਲੱਬ ਤਾਂ ਅਕਸਰ ਵਿਵਾਦਾਂ ’ਚ ਰਹਿੰਦਾ ਹੀ ਹੈ ਅਤੇ ਇਸ ਕਲੱਬ ਨਾਲ ਸਬੰਧਤ ਕਈ ਵਿਵਾਦ ਅਦਾਲਤਾਂ ’ਚ ਜਾ ਚੁੱਕੇ ਹਨ ਅਤੇ ਕਈ ਅਜੇ ਵੀ ਵਿਚਾਰ ਅਧੀਨ ਹਨ ਪਰ ਹੁਣ ਲੇਡੀਜ਼ ਜਿਮਖਾਨਾ ਕਲੱਬ ’ਤੇ ਵੀ ਅਦਾਲਤੀ ਫ਼ੈਸਲਿਆਂ ਦਾ ਪਰਛਾਵਾਂ ਪੈਣ ਲੱਗਾ ਹੈ। ਹਾਲ ਹੀ ’ਚ ਲੇਡੀਜ਼ ਜਿਮਖਾਨਾ ਦੀ 55 ਸਾਲ ਤੋਂ ਮੈਂਬਰ ਚਲੀ ਆ ਰਹੀ ਮਨੋਰਮਾ ਮਾਯਰ (ਜੋ ਤਿੰਨ ਵਾਰ ਕਲੱਬ ਦੀ ਸੈਕਟਰੀ ਤੱਕ ਰਹਿ ਚੁੱਕੀ ਹੈ) ਨੇ ਇਕ ਮਹੀਨੇ ਲਈ ਆਪਣੀ ਬੇਦਖ਼ਲੀ ਨੂੰ ਸਥਾਨਕ ਅਦਾਲਤ ’ਚ ਚੁਣੌਤੀ ਦਿੱਤੀ ਜਿਸ ’ਤੇ ਅਦਾਲਤ ਨੇ ਸਟੇਅ ਆਰਡਰ ਜਾਰੀ ਕਰ ਦਿੱਤਾ ਅਤੇ ਹੁਣ ਸੋਮਵਾਰ ਨੂੰ ਹੋਣ ਜਾ ਰਹੀ ਕਲੱਬ ਦੀ ਬੈਠਕ ’ਚ ਮਨੋਰਮਾ ਮਾਯਰ ਦੇ ਸ਼ਾਮਲ ਹੋਣ ਦੀ ਪੂਰੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਅਦਾਲਤੀ ਫ਼ੈਸਲੇ ਦੇ ਆਉਣ ’ਚ ਦੇਰੀ ਕਾਰਨ ਲੇਡੀਜ਼ ਜਿਮਖਾਨਾ ਦੀਆਂ ਪਿਛਲੀਆਂ ਦੋ ਬੈਠਕਾਂ ’ਚ ਸ਼੍ਰੀਮਤੀ ਮਾਯਰ ਸ਼ਾਮਲ ਨਹੀਂ ਹੋ ਸਕੀ। ਮਨੋਰਮਾ ਮਾਯਰ ਨਾਲ ਸਬੰਧਤ ਮਾਮਲੇ ਦੀ ਜਿਥੇ ਪੂਰੇ ਲੇਡੀਜ਼ ਜਿਮਖਾਨਾ ਕਲੱਬ ’ਚ ਚਰਚਾ ਹੈ, ਉਥੇ ਹੁਣ ਨਵੇਂ ਰੂਲਜ਼ ਐਂਡ ਰੈਗੂਲੇਸ਼ਨਜ਼ ਨੂੰ ਲੈ ਕੇ ਲੇਡੀਜ਼ ਕਲੱਬ ਦੇ ਅੰਦਰ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਨਵੇਂ ਰੂਲਜ਼ ਐਂਡ ਰੈਗੂਲੇਸ਼ਨਜ਼ ਤਹਿਤ ਫ਼ੈਸਲਾ ਲਿਆ ਗਿਆ ਹੈ ਕਿ 60 ਸਾਲ ਉਮਰ ਤੋਂ ਵੱਧ ਦੀ ਔਰਤ ਹੁਣ ਨਾ ਤਾਂ ਲੇਡੀਜ਼ ਜਿਮਖਾਨਾ ਕਲੱਬ ਦੀ ਨਵੀਂ ਮੈਂਬਰ ਬਣ ਸਕੇਗੀ ਅਤੇ ਨਾ ਹੀ ਇਸ ਦੀ ਚੋਣ ਲੜ ਸਕੇਗੀ। ਇਸ ਦੇ ਪਿੱਛੇ ਤਰਕ ਦਿੱਤਾ ਗਿਆ ਹੈ ਕਿ ਨਵੇਂ ਚਿਹਰੇ ਸਾਹਮਣੇ ਲਿਆਉਣ ਲਈ ਅਜਿਹਾ ਨਿਯਮ ਬਣਾਉਣਾ ਜ਼ਰੂਰੀ ਸੀ।

ਇਹ ਵੀ ਪੜ੍ਹੋ:  ਚੰਡੀਗੜ੍ਹ ਦੇ ਮੁੱਦੇ ’ਤੇ ਨਵਜੋਤ ਸਿੰਘ ਸਿੱਧੂ ਦਾ ਧਮਾਕੇਦਾਰ ਟਵੀਟ

ਨਵੇਂ ਨਿਯਮਾਂ ਮੁਤਾਬਕ ਕਲੱਬ ਨਾਲ ਸਬੰਧਤ ਹੋਰ ਵੀ ਕਈ ਫ਼ੈਸਲੇ ਲਏ ਗਏ ਹਨ ਜਿਨ੍ਹਾਂ ਨੂੰ ਲਾਗੂ ਕੀਤਾ ਜਾ ਚੁੱਕਾ ਹੈ ਜਾਂ ਨਹੀਂ, ਇਸ ਬਾਰੇ ਤਾਂ ਪਤਾ ਨਹੀਂ ਚੱਲ ਸਕਿਆ ਪਰ ਕਲੱਬ ਦੀ ਨਵੀਂ ਟੀਮ ਦਾ ਕਹਿਣਾ ਹੈ ਕਿ ਨਵੇਂ ਨਿਯਮ ਬਣਾਉਣ ਦਾ ਕੰਮ ਇਕ ਕਮੇਟੀ ਨੇ ਕੀਤਾ ਹੈ ਜਿਸ ਵਿਚ ਕਲੱਬ ਦੀ ਪ੍ਰੈਜ਼ੀਡੈਂਟ ਕ੍ਰਿਸ਼ਨਾ ਮੀਣਾ, ਵਾਈਸ ਪ੍ਰੈਜ਼ੀਡੈਂਟ ਸ਼੍ਰੀਮਤੀ ਗਗਨ ਕੁੰਦਰਾ ਥੋਰੀ ਅਤੇ ਜੁਆਇੰਟ ਵਾਈਸ ਪ੍ਰੈਜ਼ੀਡੈਂਟ ਸ਼੍ਰੀਮਤੀ ਉਪਾਸਨਾ ਵਰਮਾ ਤੋਂ ਇਲਾਵਾ ਸੈਕਟਰੀ, ਜੁਆਇੰਟ ਸੈਕਟਰੀ, ਪਰਮਿੰਦਰ ਬੇਰੀ, ਸੀਮਾ ਮਿਗਲਾਨੀ, ਨੀਨਾ ਚੱਢਾ ਆਦਿ ਸ਼ਾਮਲ ਰਹੇ।

ਦੂਜੇ ਪਾਸੇ ਨਵੇਂ ਨਿਯਮਾਂ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਵੀ ਜੀਵਨ ’ਚ ਮਨੋਰੰਜਨ ਦੀ ਲੋੜ ਮਹਿਸੂਸ ਹੁੰਦੀ ਹੈ। ਅਜਿਹੇ ’ਚ ਉਨ੍ਹਾਂ ਨੂੰ ਕਲੱਬ ਦੀ ਮੈਂਬਰਸ਼ਿਪ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ। ਚੋਣ ਲੜਨ ਲਈ ਉਮਰ ਸੀਮਾ ਨਿਰਧਾਰਿਤ ਕਰਨਾ ਵੀ ਉਚਿਤ ਨਹੀਂ ਦਿਸ ਰਿਹਾ ਕਿਉਂਕਿ ਅਜਿਹੇ ਫ਼ੈਸਲਿਆਂ ਨਾਲ ਕਲੱਬ ਤਜਰਬੇ ਤੋਂ ਵਾਂਝਾ ਰਹਿ ਸਕਦਾ ਹੈ। ਚਰਚਾ ਤਾਂ ਇਹ ਵੀ ਹੈ ਕਿ ਕਲੱਬ ਦੇ ਨਵੇਂ ਰੂਲਜ਼ ਐਂਡ ਰੈਗੂਲੇਸ਼ਨਜ਼ ਵੀ ਅਦਾਲਤ ’ਚ ਚੈਂਲੇਜ ਕੀਤੇ ਜਾ ਸਕਦੇ ਹਨ ਪਰ ਇਨ੍ਹਾਂ ਸਾਰੀਆਂ ਗੱਲਾਂ ਦਾ ਖੁਲਾਸਾ ਆਉਣ ਵਾਲੇ ਸਮੇਂ ’ਚ ਹੀ ਹੋਵੇਗਾ।

ਇਹ ਵੀ ਪੜ੍ਹੋ:  ਗੋਰੀ ਮੇਮ ਨੇ ਪੱਟਿਆ ਪੰਜਾਬੀ ਮੁੰਡਾ, ਫੇਸਬੁੱਕ 'ਤੇ ਹੋਈ ਦੋਸਤੀ ਇੰਝ ਵਿਆਹ ਤੱਕ ਪੁੱਜੀ, ਅਮਰੀਕਾ ਤੋਂ ਆ ਕੇ ਲਈਆਂ ਲਾਵਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News