ਸਿੱਖਿਆ ਤੇ ਖੇਡ ਵਿਭਾਗ ''ਚ ਤਾਲਮੇਲ ਦੀ ਘਾਟ, ਟੂਰਨਾਮੈਂਟਾਂ ਦੀਆਂ ਤਰੀਕਾਂ ''ਚ ਟਕਰਾਅ

Friday, Aug 26, 2022 - 02:07 PM (IST)

ਸਿੱਖਿਆ ਤੇ ਖੇਡ ਵਿਭਾਗ ''ਚ ਤਾਲਮੇਲ ਦੀ ਘਾਟ, ਟੂਰਨਾਮੈਂਟਾਂ ਦੀਆਂ ਤਰੀਕਾਂ ''ਚ ਟਕਰਾਅ

ਜਲੰਧਰ : ਸੂਬੇ ਨੂੰ ਖੇਡਾਂ 'ਚ ਨੰਬਰ ਇੱਕ ਬਣਾਉਣ ਲਈ ਸਿੱਖਿਆ ਤੇ ਖੇਡ ਵਿਭਾਗ ਆਪੋ-ਆਪਣੇ ਪੱਧਰ ’ਤੇ ਕੰਮ ਕਰ ਰਹੇ ਹਨ ਪਰ ਦੋਵਾਂ ਵਿਭਾਗਾਂ 'ਚ ਤਾਲਮੇਲ ਦੀ ਘਾਟ ਦਾ ਖ਼ਮਿਆਜ਼ਾ ਖਿਡਾਰੀਆਂ ਨੂੰ ਭੁਗਤਣਾ ਪਵੇਗਾ। ਦੋਵਾਂ ਵਿਭਾਗਾਂ ਵੱਲੋਂ ਟੂਰਨਾਮੈਂਟ ਕਰਵਾਏ ਜਾ ਰਹੇ ਹਨ, ਜਿਸ 'ਚ ਸਕੂਲੀ ਬੱਚੇ ਭਾਗ ਲੈਣਗੇ ਪਰ ਇਨ੍ਹਾਂ ਦੀਆਂ ਤਰੀਕਾਂ 'ਚ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਜਿੱਥੇ 29 ਅਗਸਤ ਤੋਂ 10 ਸਤੰਬਰ ਤੱਕ ਸੂਬੇ 'ਚ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ, ਉੱਥੇ ਹੀ ਖੇਡ ਵਿਭਾਗ ਵੱਲੋਂ ਵੀ 29 ਅਗਸਤ ਤੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ‘ਖੇਡਾਂ ਵਤਨ ਦੀਆਂ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਟੈਂਡਰ ਅਲਾਟਮੈਂਟ ਨੀਤੀ 'ਚ ਬਦਲਾਅ ਕਰਨ ਜਾ ਰਹੀ ਪੰਜਾਬ ਸਰਕਾਰ, ਪੜ੍ਹੋ ਕੀ ਹੋਵੇਗੀ ਨਵੀਂ ਨੀਤੀ

1 ਤੋਂ 7 ਸਤੰਬਰ ਤੱਕ ਬਲਾਕ ਪੱਧਰੀ, 12 ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਤੇ 10 ਤੋਂ 21 ਅਕਤੂਬਰ ਤੱਕ ਸੂਬਾ ਪੱਧਰੀ ਟੂਰਨਾਮੈਂਟ ਹੋਣਗੇ। ਇਸ ਤੋਂ ਪਹਿਲਾਂ ਵੀ ਕਈ ਵਾਰ ਦੋਵੇਂ ਵਿਭਾਗਾਂ ਦੇ ਟੂਰਨਾਮੈਂਟ ਇੱਕੋ ਦਿਨ ਹੋਣ ਕਾਰਨ ਖਿਡਾਰੀਆਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ। ਅਸਲ 'ਚ ਸਿੱਖਿਆ ਪੱਧਰ ਦੇ ਖੇਡ ਟੂਰਨਾਮੈਂਟ ਹੋਣ ਕਾਰਨ ਉਨ੍ਹਾਂ ਨੂੰ ਸਕੂਲੀ ਰਾਸ਼ਟਰੀ ਖੇਡਾਂ 'ਚ ਖੇਡਣ ਦਾ ਮੌਕਾ ਮਿਲਦਾ ਹੈ ਅਤੇ ਖੇਡ ਵਿਭਾਗ ਦੇ ਟੂਰਨਾਮੈਂਟ ਵੀ ਉਨ੍ਹਾਂ ਲਈ ਜ਼ਰੂਰੀ ਹੁੰਦੇ ਹਨ, ਇੱਥੋਂ ਹੀ ਉਹ ਐਸੋਸੀਏਸ਼ਨ ਰਾਹੀਂ ਰਾਸ਼ਟਰੀ ਪੱਧਰ 'ਤੇ ਭਾਗ ਲੈਂਦੇ ਹਨ।

ਡੀਪੀਈ ਤੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੀ ਲੱਗੀ ਡਿਊਟੀ
ਸਕੂਲ ਪੱਧਰ ’ਤੇ ਚੱਲ ਰਹੀਆਂ ਖੇਡਾਂ ਸਬੰਧੀ ਬਲਾਕ ਅਤੇ ਜ਼ਿਲ੍ਹਾ ਪੱਧਰੀ ਟੂਰਨਾਮੈਂਟਾਂ 'ਚ ਜ਼ਿਆਦਾਤਰ ਡੀਪੀਈ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ ਅਤੇ ਇਨ੍ਹਾਂ ਹੀ ਅਧਿਕਾਰੀਆਂ ਨੂੰ ਖੇਡ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਖੇਡਾਂ 'ਚ ਵੀ ਡਿਊਟੀ ਦੇਣ ਲਈ ਕਿਹਾ ਜਾ ਰਿਹਾ ਹੈ। ਅਜਿਹੇ 'ਚ ਖਿਡਾਰੀਆਂ ਦੇ ਨਾਲ-ਨਾਲ ਹੁਣ ਰੈਫਰੀ, ਮੈਚ ਅਧਿਕਾਰੀ, ਅੰਪਾਇਰ ਵੀ ਪਰੇਸ਼ਾਨ ਹਨ ਕਿ ਉਹ ਆਪਣੇ ਵਿਭਾਗ ਦੇ ਖੇਡ ਟੂਰਨਾਮੈਂਟ 'ਚ ਡਿਊਟੀ ਦੇਣਗੇ ਜਾਂ ਖੇਡ ਵਿਭਾਗ ਵਲੋਂ ਸ਼ੁਰੂ ਕੀਤੇ ਟੂਰਨਾਮੈਂਟ 'ਚ ਜਾਣਗੇ। ਜ਼ਿਕਰਯੋਗ ਹੈ ਕਿ ਖੇਡ ਵਿਭਾਗ ਵੱਲੋਂ ਅੰਡਰ-14, ਅੰਡਰ-17, ਅੰਡਰ-21 ਸਮੇਤ 21-40, 41-50 ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ। ਇਨ੍ਹਾਂ ਖੇਡਾਂ ਦਾ ਉਦੇਸ਼ ਖਿਡਾਰੀਆਂ ਦਾ ਪੱਧਰ ਉੱਚਾ ਚੁੱਕਣਾ ਅਤੇ ਟੈਲੇਂਟ ਸਰਚ ਕਰਨਾ ਹੈ ਪਰ ਇੱਕੋ ਜਿਹੀਆਂ ਤਰੀਕਾਂ ਹੋਣ ਨਾਲ ਵਿਦਿਆਰਥੀਆਂ ਦਾ ਨੁਕਸਾਨ ਹੋਵੇਗਾ।

ਕੀ ਕਹਿਣਾ ਹੈ ਡਿਪਟੀ ਡਾਇਰੈਕਟਰ ਸਰੀਰਕ ਸਿੱਖਿਆ ਵਿਭਾਗ ਦਾ
ਸਰੀਰਕ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਨੇ ਕਿਹਾ ਕਿ ਅਸੀਂ ਪਾਲਿਸੀ ਦੇ ਤਹਿਤ ਹੀ ਖੇਡਾਂ ਦਾ ਸ਼ਡਿਊਲ ਜਾਰੀ ਕੀਤਾ ਸੀ। ਹੁਣ ਖੇਡ ਵਿਭਾਗ ਵੱਲੋਂ ਵੀ ਇੰਨੇ ਵੱਡੇ ਪੱਧਰ ’ਤੇ ਖੇਡ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਆਪਣੇ ਟੂਰਨਾਮੈਂਟ ਦੀਆਂ ਤਰੀਕਾਂ ਵਿੱਚ ਬਦਲਾਅ ਕਰੇਗਾ।


author

Anuradha

Content Editor

Related News