ਕਿਰਤਪਾਲ ਖੁਦਕੁਸ਼ੀ ਮਾਮਲੇ ''ਚ ਪੁਲਸ ਵੱਲੋਂ ਵੱਖ-ਵੱਖ ਪਹਿਲੂਆਂ ''ਤੇ ਜਾਂਚ ਜਾਰੀ

02/03/2020 6:42:39 PM

ਕਰਤਾਰਪੁਰ (ਸਾਹਨੀ)— ਥਾਣਾ ਕਰਤਾਰਪੁਰ ਅਧੀਨ ਆਉਂਦੇ ਪਿੰਡ ਰਹੀਮਪੁਰ ਦੇ ਇਕ 30 ਸਾਲਾ ਨੌਜਵਾਨ ਕਿਰਤਪਾਲ ਸਿੰਘ ਟਿਵਾਣਾ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ। ਪੁਲਸ ਵੱਲੋਂ ਬੀਤੇ ਦਿਨਕਿਰਤਪਾਲ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ, ਜਿਸ ਦਾ ਪਿੰਡ ਦੇ ਲੋਕਾਂ ਨੇ ਨਮ ਅੱਖਾਂ ਨਾਲ ਸਸਕਾਰ ਕਰ ਦਿੱਤਾ। ਇਸ ਸਬੰਧੀ ਥਾਣਾ ਮੁਖੀ ਪੁਸ਼ਪ ਬਾਲੀ ਨੇ ਦਸਿਆ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਿਰਤਪਾਲ ਸਿੰਘ ਨੇ ਆਪਣੇ ਤਾਇਆ ਸੌਦਾਗਰ ਸਿੰਘ ਦੇ ਕਮਰੇ 'ਚ ਜਾ ਕੇ ਉਸ ਦੇ ਬੈੱਡ ਦੀ ਢੋਅ ਵਿਚ ਪਈ ਲਾਇਸੈਂਸੀ 32 ਬੋਰ ਦੀ ਰਿਵਾਲਵਰ ਨਾਲ ਆਪਣੀ ਕਨਪਟੀ 'ਤੇ ਖੁਦ ਨੂੰ ਗੋਲੀ ਮਾਰ ਲਈ।

ਥਾਣਾ ਮੁਖੀ ਅਨੁਸਾਰ ਰਿਵਾਲਵਰ ਅਤੇ ਲਾਇਸੈਂਸ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ। ਰਿਵਾਲਵਰ 'ਚ ਇਕ ਹੀ ਗੋਲੀ ਸੀ। ਮੁਢਲੀ ਜਾਂਚ ਵਿਚ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਰਤਪਾਲ ਸਿੰਘ ਕਿਰਤਾ ਕਾਫੀ ਸਮੇਂ ਤੋਂ ਮਾਨਸਿਕ ਤਣਾਅ ਵਿਚ ਰਹਿੰਦਾ ਸੀ। 12 ਸਾਲ ਪਹਿਲਾਂ ਉਸ ਦੇ ਪਿਤਾ ਉਂਕਾਰ ਸਿੰਘ ਦੀ ਮੌਤ ਹੋ ਗਈ, ਫਿਰ ਹਮ-ਉਮਰ ਚਾਚਾ ਅਮਰਵੀਰ ਸਿੰਘ ਦੀ ਕਰੀਬ 3 ਸਾਲ ਪਹਿਲਾਂ ਮੌਤ ਹੋ ਗਈ ਅਤੇ ਕੁਝ ਮਹੀਨੇ ਪਹਿਲਾਂ ਉਸ ਦੇ ਦੌਲਤਪੁਰ ਦੇ ਇਕ ਜਿਗਰੀ ਯਾਰ ਟੀਨੂੰ ਦੀ ਅਮਰੀਕਾ ਵਿਖੇ ਮੌਤ ਹੋ ਗਈ ਸੀ, ਜਿਸ ਕਾਰਨ ਉਹ ਡਿਪਰੈਸ਼ਨ 'ਚ ਸੀ।

ਉਨ੍ਹਾਂ ਦੱਸਿਆ ਕਿ ਕਿਰਤਪਾਲ ਸਿੰਘ ਦਾ ਅੰਤਿਮ ਸੰਸਕਾਰ ਹੋ ਗਿਆ ਹੈ ਅਤੇ ਹੁਣ ਇਸ ਮਾਮਲੇ ਦੇ ਵੱਖ-ਵੱਖ ਪਹਿਲੂਆਂ ਤੋਂ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਲਈ ਕਿਰਤਪਾਲ ਦਾ ਮੋਬਾਇਲ ਫੋਨ, ਜਿਸ ਨੂੰ ਲਾਕ ਲੱਗਾ ਹੈ, ਨੂੰ ਵੀ ਕਬਜ਼ੇ 'ਚ ਲੈ ਲਿਆ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫਿੰਗਰ ਪ੍ਰਿੰਟ ਅਤੇ ਫਾਰੈਂਸਿੰਕ ਟੀਮ ਨੂੰ ਵੀ ਸੂਚਿਤ ਕੀਤਾ ਗਿਆ ਹੈ। ਕਿਰਤਪਾਲ ਸਿੰਘ ਟਿਵਾਣਾ ਪੁੱਤਰ ਉਂਕਾਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਉਸ ਦੀ ਵੱਡੀ ਭੈਣ ਵਿਆਹੀ ਹੈ, ਜੋ ਕਿ ਕੈਨੇਡਾ ਵਿਚ ਹੈ। ਬੀਤੀ ਸ਼ਾਮ ਹਾਦਸੇ ਸਮੇਂ ਉਸ ਦੀ ਮਾਂ ਅਤੇ ਛੋਟੀ ਭੈਣ ਪਿੰਡ ਵਿਚ ਨਹੀਂ ਸਨ ਅਤੇ ਘਰ ਵਿਚ ਬਜ਼ੁਰਗ ਦਾਦੀ ਉੱਦਮ ਕੌਰ (90), ਉਨ੍ਹਾਂ ਦੀ ਨੂੰਹ ਸੁਖਬੀਰ ਕੌਰ, ਉਸ ਦੀ ਨੂੰਹ ਹਰਪਿੰਦਰ ਕੌਰ ਅਤੇ ਛੋਟੀ ਬੱਚੀ ਹੀ ਘਰ ਸਨ। ਪੁਲਸ ਨੇ ਦੱਸਿਆ ਕਿ ਖੁਦ ਨੂੰ ਗੋਲੀ ਮਾਰਨ ਦੇ ਕਈ ਕਾਰਨ ਹੋ ਸਕਦੇ ਹਨ, ਜਿਸ 'ਤੇ ਪੁਲਸ ਬਾਰੀਕੀ ਨਾਲ ਜਾਂਚ ਕਰੇਗੀ। ਕਿਰਤਪਾਲ ਸਿੰਘ ਯੂਥ ਕਾਂਗਰਸ ਦਾ ਆਗੂ ਸੀ। ਮੌਕੇ 'ਤੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੀ ਪੁੱਜੇ ਸਨ।


shivani attri

Content Editor

Related News