ਆਦਮਪੁਰ ਆਈ. ਟੀ. ਆਈ. ''ਚ ਸਟਾਫ ਦੀ ਰੜਕ ਰਹੀ ਹੈ ਘਾਟ

09/23/2019 12:43:22 PM

ਆਦਮਪੁਰ (ਤਰਨਜੋਤ)— ਬੇਰੋਜ਼ਗਾਰ ਲੜਕੇ-ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਪੰਜਾਬ ਸਮਾਲ ਸਕੇਲ ਇੰਡਸਟਰੀਅਲ ਅਤੇ ਐਕਸਪੋਰਟ ਕਾਰਪੋਰੇਸ਼ਨ ਵਲੋਂ ਕਰੋੜਾਂ ਰੁਪਏ ਲਾ ਕੇ ਆਦਮਪੁਰ ਵਿਖੇ ਬਣਾਈ ਆਈ. ਟੀ. ਆਈ. ਅਤੇ ਉਸ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਭਵਿੱਖ ਹਨੇਰੇ 'ਚ ਅਲੋਪ ਹੁੰਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਪਵਨ ਟੀਨੂੰ ਵਲੋਂ 21 ਦਸੰਬਰ 2016 ਨੂੰ ਤਕਰੀਬਨ 4 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਆਈ. ਟੀ. ਆਈ. ਦਾ ਉਦਘਾਟਨ ਕੀਤਾ ਗਿਆ ਸੀ, ਜਿਸ ਦੇ ਸ਼ੁਰੂਆਤੀ ਦੌਰ 'ਚ ਤਿੰਨ ਟਰੇਡ ਸ਼ੁਰੂ ਕੀਤੇ ਗਏ। ਸਾਲ 2017 'ਚ ਕੈਪਟਨ ਸਰਕਾਰ ਦੇ ਸੱਤਾ 'ਚ ਆਉਣ 'ਤੇ ਇਸ ਆਈ. ਟੀ. ਆਈ. ਨੂੰ ਬੰਦ ਕਰ ਦਿੱਤਾ ਗਿਆ। ਲਗਭਗ 2 ਸਾਲ ਬੰਦ ਰਹਿਣ ਤੋਂ ਬਾਅਦ ਹੁਣ ਜਦੋਂ ਆਈ. ਟੀ. ਆਈ. ਦੁਬਾਰਾ ਸ਼ੁਰੂ ਹੋਈ ਹੈ ਤਾਂ ਇਸ ਵਿਸ਼ਾਲ ਇਮਾਰਤ ਦੀ ਦੇਖਭਾਲ, ਸਫਾਈ, ਚੌਗਿਰਦੇ ਦੀ ਸੰਭਾਲ ਤੋਂ ਇਲਾਵਾ ਦਫਤਰੀ ਅਮਲੇ ਅਤੇ ਅਧਿਆਪਕਾਂ ਦੀ ਘਾਟ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ।

ਨਵੇਂ ਵਿੱਦਿਅਕ ਸੈਸ਼ਨ 'ਚ 60 ਸੀਟਾਂ 'ਚੋਂ 40 ਦੇ ਕਰੀਬ ਭਰ ਚੁੱਕੀਆਂ ਹਨ ਪਰ ਸਟਾਫ ਦੀ ਘਾਟ ਹੋਣ ਕਰ ਕੇ ਅਤੇ ਲੰਬਾ ਸਮਾਂ ਬੰਦ ਰਹਿਣ ਕਰਕੇ ਇਮਾਰਤ ਦੀ ਖਸਤਾ ਹਾਲਤ ਦੇ ਨਾਲ-ਨਾਲ ਗੰਦਗੀ ਨਾਲ ਜੂਝ ਰਹੇ ਸਟਾਫ ਅਤੇ ਵਿਦਿਆਰਥੀਆਂ ਨੂੰ ਖੁਦ ਇਮਾਰਤ ਦੀ ਸਫਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਲਦ ਇਸ ਆਈ. ਟੀ. ਆਈ. ਨੂੰ ਹਰ ਪੱਖੋਂ ਪੂਰਾ ਕੀਤਾ ਜਾਵੇ ਤਾਂ ਜੋ ਸਾਡੇ ਨੌਜਵਾਨ ਲੜਕੇ-ਲੜਕੀਆਂ ਇਥੋਂ ਹੱਥੀਂ ਕੰਮ ਸਿੱਖ ਕੇ ਆਤਮ ਨਿਰਭਰ ਬਣ ਸਕਣ।

PunjabKesari

ਵਿਦਿਆਰਥੀਆਂ ਦੀ ਪੜ੍ਹਾਈ 'ਤੇ ਕੋਈ ਅਸਰ ਨਹੀਂ ਪਵੇਗਾ : ਪ੍ਰਿੰਸੀਪਲ
ਕਾਰਜਕਾਰੀ ਪ੍ਰਿੰ. ਸ਼ਕਤੀ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਜਾਣੂ ਕਰਵਾਇਆ ਹੋਇਆ ਹੈ ਪਰ ਫਿਰ ਵੀ ਅਸੀਂ ਵਿਦਿਆਰਥੀਆਂ ਨੂੰ ਪੜ੍ਹਨ 'ਚ ਕੋਈ ਕਮੀ ਨਹੀਂ ਆਉਣ ਦਿਆਂਗੇ।

ਆਪਣੀ ਸਰਕਾਰ ਆਉਣ 'ਤੇ ਸੁਚਾਰੂ ਢੰਗ ਨਾਲ ਚਲਾਵਾਂਗੇ : ਟੀਨੂੰ
ਇਸ ਬਾਰੇ ਵਿਧਾਇਕ ਪਵਨ ਟੀਨੂੰ ਨੇ ਕਿਹਾ ਕਿ ਮੈਂ ਆਪਣੀ ਸਰਕਾਰ ਵੇਲੇ ਬੜੇ ਯਤਨਾਂ ਨਾਲ ਇਸ ਆਈ. ਟੀ. ਆਈ. ਨੂੰ ਬਣਵਾਇਆ ਸੀ ਤੇ ਹੁਣ ਵੀ ਮੈਂ ਵਾਰ-ਵਾਰ ਵਿਧਾਨ ਸਭਾ 'ਚ ਰੌਲਾ ਪਾ ਕੇ ਇਸ ਆਈ. ਟੀ. ਆਈ. ਨੂੰ ਦੁਬਾਰਾ ਸ਼ੁਰੂ ਤਾਂ ਕਰਵਾ ਲਿਆ ਹੈ ਪਰ ਅਜੇ ਵੀ ਇਹ ਅੱਧੀ-ਪਚੱਧੀ ਹੀ ਸ਼ੁਰੂ ਹੋਈ ਹੈ ਤੇ ਆਪਣੀ ਸਰਕਾਰ ਆਉਣ 'ਤੇ ਅਸੀਂ ਇਸ ਨੂੰ ਸੁਚਾਰੂ ਢੰਗ ਨਾਲ ਚਲਾਵਾਂਗੇ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਦੇ 2 ਸਾਲ ਬੰਦ ਰਹਿਣ ਕਰ ਕੇ ਲੱਖਾਂ ਰੁਪਏ ਦੇ ਬਿਜਲੀ ਉਪਕਰਣ ਚੋਰੀ ਹੋ ਗਏ, ਜਿਸ ਦੀ ਪੁਲਸ ਨੂੰ ਇਤਲਾਹ ਅਤੇ ਮੌਕੇ 'ਤੇ ਚੋਰ ਫੜਾਉਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣਾ ਵੀ ਕਾਂਗਰਸ ਸਰਕਾਰ ਦੇ ਰਾਜ 'ਚ ਪੁਲਸ ਦੀ ਕਾਰਵਾਈ 'ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ।

PunjabKesari

ਸਾਰੀਆਂ ਪੋਸਟਾਂ ਪੂਰੀਆਂ ਕਰ ਲਈਆਂ ਹਨ, ਲੋਕਾਂ ਨੂੰ ਫਾਇਦਾ ਹੋਵੇਗਾ : ਕੇ. ਪੀ.
ਕਾਂਗਰਸ ਦੇ ਹਲਕਾ ਇੰਚਾਰਜ ਮਹਿੰਦਰ ਸਿੰਘ ਕੇ. ਪੀ. ਨਾਲ ਜਦ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਈ. ਟੀ. ਆਈ. 'ਚ ਜਲਦ ਹੀ ਸਾਰੀਆਂ ਪੋਸਟਾਂ ਨੂੰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਅਕਾਲੀ ਰਾਜ 'ਚ ਬਣੀ ਆਈ. ਟੀ. ਆਈ. 'ਤੇ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਿਰਫ ਇਮਾਰਤਾਂ ਬਣਾਉਣ ਨਾਲ ਕੋਈ ਕੰਮ ਪੂਰਾ ਨਹੀਂ ਹੁੰਦਾ, ਉਥੇ ਸਟਾਫ ਵੀ ਪੱਕਾ ਮੁਹੱਈਆ ਹੋਣਾ ਚਾਹੀਦਾ ਸੀ, ਜੋ ਉਸ ਵੇਲੇ ਨਹੀਂ ਹੋਇਆ ਤੇ ਅਸੀਂ ਸਾਰੀਆਂ ਪੋਸਟਾਂ ਪੂਰੀਆਂ ਕਰ ਲਈਆਂ ਹਨ, ਜਿਸ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ।

2 ਸਾਲ ਆਈ. ਟੀ. ਆਈ. ਬੰਦ ਰਹਿਣ 'ਤੇ ਹੋਇਆ ਨੁਕਸਾਨ
ਮਿਲੀ ਜਾਣਕਾਰੀ ਅਨੁਸਾਰ 142 ਪੱਖੇ, 260 ਟਿਊਬਾਂ, 47 ਐਗਜ਼ਾਸਟ ਫ਼ੈਨ, 2 ਸਬਮਰਸੀਬਲ ਤੋਂ ਇਲਾਵਾ ਸਾਰਾ ਰਿਕਾਰਡ ਹੀ ਚੋਰਾਂ ਨੇ ਗਾਇਬ ਕਰ ਦਿੱਤਾ। ਚੋਰਾਂ ਨੇ ਆਈ. ਟੀ. ਆਈ. ਦਾ ਲਾਗ ਬੋਰਡ ਵੀ ਨਹੀਂ ਛੱਡਿਆ। ਨਵੇਂ ਸੈਸ਼ਨ ਦੀਆਂ ਸ਼ੁਰੂਆਤੀ ਕਲਾਸਾਂ ਇਮਾਰਤ ਤੋਂ ਬਾਹਰ ਚੌਗਿਰਦੇ 'ਚ ਉੱਗੀ ਘਾਹ-ਬੂਟੀ ਅਤੇ ਦਰੱਖਤਾਂ ਦੀ ਛਾਂ ਹੇਠ ਹੀ ਸ਼ੁਰੂ ਹੋ ਗਈਆਂ ਹਨ।


shivani attri

Content Editor

Related News