ਫ੍ਰੀ ਡਿਲਿਵਰੀ ਦੇ ਨਾਂ ''ਤੇ ਬਣਿਆ ਮਜ਼ਾਕ, ਸਿਵਲ ਹਸਪਤਾਲ ''ਚ ਤੜਫਦੀ ਰਹੀ ਗਰਭਵਤੀ ਔਰਤ

02/04/2020 1:59:03 PM

ਜਲੰਧਰ (ਸ਼ੋਰੀ)— ਸਿਵਲ ਹਸਪਤਾਲ 'ਚ ਫ੍ਰੀ ਡਿਲਿਵਰੀ ਦੇ ਨਾਂ 'ਤੇ ਗਰਭਵਤੀ ਔਰਤਾਂ ਨਾਲ ਮਜ਼ਾਕ ਹੋ ਰਿਹਾ ਹੈ। ਹਸਪਤਾਲ 'ਚ ਹਾਲਾਤ ਅਜਿਹੇ ਹੋ ਚੁੱਕੇ ਹਨ ਕਿ ਦੇਸ਼ ਦਾ ਰਾਜਾ ਦੇਸ਼ 'ਤੇ ਧਿਆਨ ਨਹੀਂ ਦਿੰਦਾ ਤਾਂ ਦੇਸ਼ ਦੇ ਹਾਲਾਤ ਖਰਾਬ ਹੋਣ ਲੱਗਦੇ ਹਨ। ਇਸੇ ਤਰ੍ਹਾਂ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਹਸਪਤਾਲ ਕੰਪਲੈਕਸ 'ਚ ਬਣੇ ਜੱਚਾ-ਬੱਚਾ ਹਸਪਤਾਲ 'ਚ ਮਰੀਜ਼ਾਂ ਨੂੰ ਪ੍ਰੇਸ਼ਾਨ ਕਰਨ ਦਾ ਸਿਲਸਿਲਾ ਜਾਰੀ ਹੈ। ਇਸੇ ਲਾਪਰਵਾਹੀ ਕਾਰਨ ਲੇਬਰ ਰੂਮ ਨੇੜੇ ਹੰਗਾਮਾ ਦੇਖਣ ਨੂੰ ਮਿਲਿਆ। ਗਰਭਵਤੀ ਔਰਤ ਦਾ ਇਲਾਜ ਅਤੇ ਉਸ ਨਾਲ ਗਲਤ ਤਰੀਕੇ ਨਾਲ ਸਟਾਫ ਵੱਲੋਂ ਗੱਲ ਕਰਨ 'ਤੇ ਪਰਿਵਾਰ ਵਾਲੇ ਭੜਕ ਗਏ ਅਤੇ ਉਕਤ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲ ਲਿਜਾਣ ਲੱਗੇ।

ਜਾਣਕਾਰੀ ਦਿੰਦੇ ਹੋਏ ਬੱਬੂ ਪਤਨੀ ਲੁਬਾਇਆ ਵਾਸੀ ਗੁਰੂ ਨਾਨਕ ਕਾਲੋਨੀ ਨੇ ਦੱਸਿਆ ਕਿ ਉਸ ਦੀ ਦਰਾਣੀ ਸੁਨੀਤਾ ਪਤਨੀ ਸਤਨਾਮ ਵਾਸੀ ਚਿੱਟੀ ਲਾਂਬੜਾ ਜੋ ਕਿ ਗਰਭਵਤੀ ਹੈ, ਉਹ ਉਨ੍ਹਾਂ ਕੋਲ ਆਈ ਹੋਈ ਸੀ। ਸੁਨੀਤਾ ਦੀ ਪੀੜ ਵਧੀ ਤਾਂ ਉਸ ਨੂੰ ਨਕੋਦਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੋਂ ਉਸ ਨੂੰ ਜਲੰਧਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਕਰੀਬ 3 ਵਜੇ ਉਹ ਜੱਚਾ-ਬੱਚਾ ਹਸਪਤਾਲ ਪਹੁੰਚੇ ਤਾਂ ਸਟਾਫ ਨੇ ਉਨ੍ਹਾਂ ਨੂੰ ਉਡੀਕ ਕਰਨ ਲਈ ਕਿਹਾ। ਸੁਨੀਤਾ ਦਾ ਦਰਦ ਵਧਦਾ ਗਿਆ ਅਤੇ ਦਰਦ ਬਰਦਾਸ਼ਤ ਨਾ ਕਰਨ ਕਾਰਨ ਉਹ ਰੋਣ ਲੱਗੀ।
ਬੱਬੂ ਨੇ ਦੱਸਿਆ ਕਿ ਉਹ ਸਟਾਫ ਕੋਲ ਗਈ ਅਤੇ ਮਿੰਨਤਾਂ ਕੀਤੀਆਂ ਕਿ ਸੁਨੀਤਾ ਨੂੰ ਚੈੱਕ ਕੀਤਾ ਜਾਵੇ, ਸਟਾਫ ਨੇ ਉਨ੍ਹਾਂ ਨਾਲ ਬਦਤਮੀਜ਼ੀ ਕਰਨ ਦੇ ਨਾਲ ਗਲਤ ਗੱਲਾਂ ਵੀ ਕਹੀਆਂ। ਬੱਬੂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਜੇਕਰ ਫ੍ਰੀ ਇਲਾਜ ਇਸੇ ਤਰ੍ਹਾਂ ਹਸਪਤਾਲ 'ਚ ਹੋਣਾ ਹੈ ਤਾਂ ਅਜਿਹੇ ਹਸਪਤਾਲਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

ਵਧਾਈ ਮੰਗਣ ਸਬੰਧੀ ਵੀ ਚਰਚਾ 'ਚ ਰਿਹਾ ਹਸਪਤਾਲ
ਜ਼ਿਕਰਯੋਗ ਹੈ ਕਿ ਜੱਚਾ-ਬੱਚਾ ਹਸਪਤਾਲ ਵਧਾਈ ਮੰਗਣ ਸਬੰਧੀ ਵੀ ਕਾਫੀ ਚਰਚਾ 'ਚ ਰਿਹਾ ਹੈ ਅਤੇ ਹਾਲ ਹੀ 'ਚ 'ਜਗ ਬਾਣੀ' ਨੇ ਇਸ ਸਬੰਧੀ ਖਬਰ ਵੀ ਪ੍ਰਕਾਸ਼ਿਤ ਕੀਤੀ ਸੀ ਤਾਂ ਕਿ ਵਧਾਈ ਰੋਕੀ ਜਾ ਸਕੇ। ਇਸ ਹਸਪਤਾਲ 'ਚ ਆਪਣੇ ਵੱਖਰੇ ਰੂਲਜ਼ ਹੀ ਚੱਲ ਰਹੇ ਹਨ। ਹਸਪਤਾਲ ਦੇ ਸੂਤਰਾਂ ਦੀ ਮੰਨੀਏ ਤਾਂ ਇਥੇ ਲੋਕਾਂ ਨੂੰ ਪ੍ਰੇਸ਼ਾਨ ਇਸ ਲਈ ਕੀਤਾ ਜਾਂਦਾ ਹੈ ਕਿ ਉਹ ਪ੍ਰਾਈਵੇਟ ਹਸਪਤਾਲ ਵੱਲ ਰੁਖ ਕਰ ਲੈਣ ਅਤੇ ਕੁਝ ਭ੍ਰਿਸ਼ਟ ਸਟਾਫ ਵੱਲੋਂ ਗਰਭਵਤੀ ਔਰਤਾਂ ਨੂੰ ਤੁਰੰਤ ਐਂਬੂਲੈਂਸ ਮੰਗਵਾ ਕੇ ਪ੍ਰਾਈਵੇਟ ਹਸਪਤਾਲ ਇਹ ਕਹਿ ਕੇ ਭੇਜ ਦਿੱਤਾ ਜਾਂਦਾ ਹੈ ਕਿ ਉਥੇ ਘੱਟ ਪੈਸਿਆਂ 'ਚ ਵਧੀਆ ਇਲਾਜ ਹੋ ਸਕਦਾ ਹੈ।

ਆਸ਼ਾ ਵਰਕਰ ਕਰਦੀ ਹੈ ਇਹ ਕੰਮ
ਉਥੇ ਹੀ ਹਸਪਤਾਲ 'ਚ ਤਾਇਨਾਤ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਟਾਫ ਨੂੰ ਸਖਤ ਹੁਕਮ ਦਿੱਤੇ ਹਨ ਕਿ ਮਰੀਜ਼ਾਂ ਨਾਲ ਠੀਕ ਤਰੀਕੇ ਨਾਲ ਗੱਲ ਅਤੇ ਉਨ੍ਹਾਂ ਦਾ ਇਲਾਜ ਸਹੀ ਤਰੀਕੇ ਨਾਲ ਹੋਵੇ। ਰਹੀ ਗੱਲ ਵਧਾਈ ਮੰਗਣ ਦੀ ਤਾਂ ਇਹ ਕੰਮ ਸਟਾਫ ਨਹੀਂ ਸਗੋਂ ਕੁਝ ਆਸ਼ਾ ਵਰਕਰਾਂ ਕਰ ਰਹੀਆਂ ਹਨ। ਡਾ. ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਕੁਝ ਆਸ਼ਾ ਵਰਕਰਾਂ ਪ੍ਰਾਈਵੇਟ ਹਸਪਤਾਲਾਂ 'ਚ ਸਰਕਾਰੀ ਹਸਪਤਾਲਾਂ 'ਚੋਂ ਮਰੀਜ਼ਾਂ ਨੂੰ ਲੈ ਜਾਂਦੀਆਂ ਹਨ, ਜਿਨ੍ਹਾਂ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ।


shivani attri

Content Editor

Related News