ਸਿਵਲ ਹਸਪਤਾਲ ਆਉਣਾ ਹੈ ਤਾਂ ਠੰਡਾ ਪਾਣੀ ਘਰੋਂ ਲਿਆਓ

Tuesday, May 14, 2019 - 03:13 PM (IST)

ਜਲੰਧਰ (ਸ਼ੋਰੀ)— ਪੂਰੀ ਦੁਨੀਆ ਇਸ ਗੱਲ ਨੂੰ ਜਾਣਦੀ ਹੈ ਕਿ ਪੰਜਾਬ ਦੇ ਲੋਕ ਲੰਗਰ ਲਾਉਣ ਤੋਂ ਪਿੱਛੇ ਨਹੀਂ ਹਟਦੇ, ਖਾਸ ਤੌਰ 'ਤੇ ਗਰਮੀਆਂ ਦੇ ਦਿਨਾਂ 'ਚ ਠੰਡੀਆਂ ਛਬੀਲਾਂ ਪੰਜਾਬ ਵਿਚ ਲੱਗਦੀਆਂ ਹਨ। ਪੰਜਾਬੀ ਲੋਕ ਨੇਕ ਦਿਲ ਅਤੇ ਲੋਕਾਂ ਦੀ ਭਲਾਈ ਵਿਚ ਅੱਗੇ ਰਹਿੰਦੇ ਹਨ ਪਰ ਸ਼ਾਇਦ ਇਹ ਗੱਲ ਸਿਵਲ ਹਸਪਤਾਲ ਦੇ ਅਧਿਕਾਰੀ ਭੁੱਲ ਚੁੱਕੇ ਹਨ ਅਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਗਰਮੀਆਂ ਵਿਚ ਠੰਡਾ ਪਾਣੀ ਪਿਲਾਉਣਾ ਉਨ੍ਹਾਂ ਦਾ ਫਰਜ਼ ਹੈ।
ਸਿਵਲ ਹਸਪਤਾਲ 'ਚ ਇਨ੍ਹੀਂ ਦਿਨੀਂ ਗਰਮੀਆਂ ਵਿਚ ਲੋਕ ਪਾਣੀ ਪੀਣ ਲਈ ਤਰਸ ਰਹੇ ਹਨ। ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ। ਹਸਪਤਾਲ ਦੇ ਗਰਾਊਂਡ ਫਲੋਰ ਤੋਂ ਲੈ ਕੇ ਤੀਜੀ ਮੰਜ਼ਿਲ, ਹੱਡੀਆਂ ਵਾਲੇ ਵਾਰਡ, ਟੀ. ਬੀ. ਵਾਰਡ, ਟਰੋਮਾ ਵਾਰਡ ਸ਼ਾਇਦ ਹੀ ਕੋਈ ਅਜਿਹੀ ਜਗ੍ਹਾ ਹੋਵੇਗੀ, ਜਿੱਥੇ ਪਾਣੀ ਵਾਲੇ ਕੂਲਰ ਲੱਗੇ ਨਾ ਦਿਸਣ ਪਰ ਕੂਲਰ ਸ਼ੋਅਪੀਸ ਹੀ ਬਣ ਕੇ ਰਹਿ ਚੁੱਕੇ ਹਨ, ਸਿਰਫ 1 ਜਾਂ 2 ਕੂਲਰਾਂ ਤੋਂ ਪਾਣੀ ਪੀਣ ਨੂੰ ਮਿਲਦਾ ਹੈ। ਲੋਕ ਜਾਂ ਤਾਂ ਕੰਟੀਨ ਤੋਂ ਪੈਸੇ ਖਰਚ ਕਰ ਕੇ ਪਾਣੀ ਪੀਣ ਨੂੰ ਮਜਬੂਰ ਹੋ ਰਹੇ ਹਨ ਜਾਂ ਫਿਰ ਇਧਰ-ਉਧਰ ਪਾਣੀ ਦੀਆਂ ਬੋਤਲਾਂ ਲੈ ਕੇ ਘੁੰਮਦੇ ਦੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਮੈਡੀਕਲ ਸੁਪਰਡੈਂਟ ਆਫਿਸ ਵਿਚ ਠੰਡੇ ਪਾਣੀ ਦਾ ਪੂਰਾ ਪ੍ਰਬੰਧ ਹੈ ਅਤੇ ਨਾਲ ਹੀ ਆਰ. ਓ. ਲਗਾ ਹੋਇਆ ਹੈ।

PunjabKesari
ਪਾਣੀ ਵਾਲੇ ਕੂਲਰ ਬਣੇ ਪੰਛੀਆਂ ਲਈ ਸਵਿਮਿੰਗ ਪੂਲ
ਸਿਵਲ ਹਸਪਤਾਲ ਨੂੰ ਸਮਾਜ ਸੇਵੀ ਸੰਸਥਾਵਾਂ ਨੇ ਵਧੀਆ ਪਾਣੀ ਵਾਲੇ ਕੂਲਰ ਡੋਨੇਟ ਕੀਤੇ ਸਨ ਤਾਂ ਜੋ ਆਮ ਜਨਤਾ ਠੰਡਾ ਪਾਣੀ ਪੀ ਸਕੇ, ਸੰਸਥਾਵਾਂ ਨੇ ਨਾਲ ਹੀ ਪਾਣੀ ਵਾਲੇ ਫਿਲਟਰ ਵੀ ਅਟੈਚ ਕਰਵਾ ਕੇ ਦਿੱਤੇ ਸਨ ਪਰ ਹਸਪਤਾਲ ਪ੍ਰਬੰਧਕਾਂ ਦੀ ਨਾਲਾਇਕੀ ਦੇ ਕਾਰਨ ਹਾਲਾਤ ਇਹ ਹੋ ਚੁੱਕੇ ਹਨ ਕਿ ਐਮਰਜੈਂਸੀ ਵਾਰਡ ਦੇ ਬਾਹਰ ਲੱਗਾ ਕੂਲਰ ਗਰਮ ਪਾਣੀ ਦੇ ਰਿਹਾ ਹੈ, ਨਾਲ ਲਗਾ ਫਿਲਟਰ ਖਰਾਬ ਹੋ ਚੁੱਕਾ ਹੈ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਕੂਲਰ ਦਾ ਢੱਕਣ ਬੰਦ ਕਰਨ ਲਈ ਕੋਈ ਤਾਲਾ ਨਹੀਂ ਲੱਗਾ ਦਿਸ ਰਿਹਾ ਸੀ ਅਤੇ ਪੰਛੀ ਕੂਲਰ ਦੇ ਅੰਦਰ ਨਹਾ-ਧੋ ਕੇ ਬਾਹਰ ਨਿਕਲ ਰਹੇ ਦਿਸ ਰਹੇ ਸੀ, ਜਿਵੇਂ ਉਨ੍ਹਾਂ ਲਈ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਸਵਿਮਿੰਗ ਪੂਲ ਤਿਆਰ ਕੀਤਾ ਹੋਵੇ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਲੋਕ ਅਜਿਹਾ ਪਾਣੀ ਪੀ ਕੇ ਕੀ ਬੀਮਾਰ ਨਹੀਂ ਹੋਣਗੇ?
ਅਜਿਹੀ ਹੀ ਹਾਲਤ ਟੀ. ਬੀ. ਵਾਰਡ 'ਚ ਦਿਸੀ
ਟੀ. ਬੀ. ਵਾਰਡ ਦੇ ਬਾਹਰ ਵੀ ਸਮਾਜ ਸੇਵੀ ਸੰਸਥਾ ਵੱਲੋਂ ਦਿੱਤੇ ਗਏ ਪਾਣੀ ਵਾਲੇ ਕੂਲਰ ਦੀ ਕਦਰ ਹਸਪਤਾਲ ਪ੍ਰਬੰਧਕਾਂ ਵੱਲੋਂ ਨਹੀਂ ਕੀਤੀ ਗਈ। ਉਸ ਨੂੰ ਪਾਣੀ ਵਾਲੇ ਪਾਈਪਾਂ ਨਾਲ ਕਈ ਸਾਲਾਂ ਤੱਕ ਜੋੜਨਾ ਸ਼ਾਇਦ ਹਸਪਤਾਲ ਦੇ ਪ੍ਰਬੰਧਕ ਭੁੱਲ ਹੀ ਗਏ। ਇੰਨਾ ਹੀ ਨਹੀਂ, ਟੀ. ਬੀ. ਵਾਰਡ ਦੇ ਪਖਾਨਿਆਂ ਦੀ ਹਾਲਤ ਇੰਨੀ ਖਰਾਬ ਹੈ ਜੇਕਰ ਕੋਈ ਉਥੇ 10 ਸਕਿੰਟ ਲਈ ਵੀ ਜਾਵੇ ਤਾਂ ਬੇਹੋਸ਼ ਹੋ ਕੇ ਡਿੱਗ ਜਾਵੇ। ਅਜਿਹਾ ਹੀ ਹਾਲ ਹੱਡੀਆਂ ਵਾਲੇ ਵਾਰਡ 'ਚ ਦਿਸਿਆ। ਇਸ ਸਬੰਧੀ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਜਸਮੀਤ ਬਾਵਾ ਨੂੰ ਹਸਪਤਾਲ 'ਚ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਨ ਲਈ ਕਾਲ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਫੋਨ ਨਹੀਂ ਚੁੱਕਿਆ।


shivani attri

Content Editor

Related News