ਕਿਸਾਨਾਂ ਦੇ ਚੱਕਾ ਜਾਮ ਕਾਰਨ ਪੰਜਾਬ ’ਚ 40 ਫ਼ੀਸਦੀ ਘੱਟ ਚੱਲੀਆਂ ਬੱਸਾਂ

02/07/2021 6:16:20 PM

ਜਲੰਧਰ (ਪੁਨੀਤ)– ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦੇਸ਼ ਭਰ ਵਿਚ ਕੀਤੇ ਗਏ ਚੱਕਾ ਜਾਮ ਨਾਲ ਬੱਸਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਿਸ ਕਾਰਨ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਨੀਵਾਰ ਪੰਜਾਬ ਤੋਂ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ 60 ਫ਼ੀਸਦੀ ਬੱਸਾਂ ਨੂੰ ਰੱਦ ਕਰਨਾ ਪਿਆ, ਉਥੇ ਹੀ ਪੰਜਾਬ ਵਿਚ 40 ਫ਼ੀਸਦੀ ਬੱਸਾਂ ਘੱਟ ਚੱਲੀਆਂ।
ਦੁਪਹਿਰ 12 ਤੋਂ ਲੈ ਕੇ 3 ਵਜੇ ਤੱਕ ਬੱਸ ਅੱਡੇ ਤੋਂ ਕਿਸੇ ਵੀ ਰੂਟ ਦੀਆਂ ਬੱਸਾਂ ਨੂੰ ਰਵਾਨਾ ਨਹੀਂ ਕੀਤਾ ਗਿਆ। ਸਵੇਰੇ ਬੱਸਾਂ ਦੀ ਆਵਾਜਾਈ ਆਮ ਵਾਂਗ ਸ਼ੁਰੂ ਹੋਈ ਪਰ ਰੁਟੀਨ ਦੇ ਮੁਕਾਬਲੇ ਬੱਸਾਂ ਵਿਚ ਸਵਾਰੀਆਂ ਬਹੁਤ ਘੱਟ ਵੇਖੀਆਂ ਗਈਆਂ, ਜਿਸ ਕਾਰਨ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਆਰਥਿਕ ਤੌਰ ’ਤੇ ਨੁਕਸਾਨ ਸਹਿਣਾ ਪਿਆ।

ਸਵੇਰੇ ਦਿੱਲੀ ਲਈ ਬੱਸਾਂ ਰਵਾਨਾ ਨਹੀਂ ਹੋਈਆਂ, ਜਦੋਂ ਕਿ ਹਰਿਆਣਾ ਲਈ ਜਿਹੜੀਆਂ ਬੱਸਾਂ ਚਲਾਈਆਂ ਗਈਆਂ ਸਨ, ਉਨ੍ਹਾਂ ਨੂੰ ਅੰਬਾਲਾ ਤੱਕ ਜਾਣ ਦੇ ਨਿਰਦੇਸ਼ ਦਿੱਤੇ ਗਏ ਸਨ। ਜਿਹੜੀਆਂ ਬੱਸਾਂ 11 ਵਜੇ ਤੱਕ ਅੰਬਾਲਾ ਪਹੁੰਚ ਰਹੀਆਂ ਸਨ, ਉਨ੍ਹਾਂ ਨੂੰ ਪਾਨੀਪਤ ਤੱਕ ਜਾਣ ਦੀ ਛੋਟ ਦਿੱਤੀ ਗਈ। ਸਵੇਰੇ 10 ਵਜੇ ਦੇ ਕਰੀਬ ਜੈਪੁਰ ਜਾਣ ਵਾਲੀ ਬੱਸ ਨੂੰ ਰੱਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਨੈਨੀਤਾਲ ਦੇ ਹਲਦਵਾਨੀ ਲਈ ਬੱਸ ਨੂੰ ਨਹੀਂ ਭੇਜਿਆ ਗਿਆ। ਹਰਿਦੁਆਰ ਲਈ ਜਾਣ ਵਾਲੀਆਂ ਵਧੇਰੇ ਬੱਸਾਂ ਵੀ ਰੱਦ ਰਹੀਆਂ। ਯੂ. ਪੀ. ਲਈ ਵੀ ਸਿਰਫ 10 ਫ਼ੀਸਦੀ ਬੱਸਾਂ ਹੀ ਚਲਾਈਆਂ ਗਈਆਂ।

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

PunjabKesari

ਅਧਿਕਾਰੀਆਂ ਨੇ ਕਿਹਾ ਕਿ ਦੂਜੇ ਸੂਬਿਆਂ ਦੇ ਕਈ ਰੂਟਾਂ ’ਤੇ 3 ਵਜੇ ਤੋਂ ਬਾਅਦ ਵੀ ਬੱਸਾਂ ਨਹੀਂ ਭੇਜੀਆਂ ਗਈਆਂ, ਜਿਸ ਕਾਰਣ 60 ਫ਼ੀਸਦੀ ਦੇ ਕਰੀਬ ਬੱਸਾਂ ਨੂੰ ਰੱਦ ਕਰਨਾ ਪਿਆ। ਦੁਪਹਿਰ ਬਾਅਦ ਦਿੱਲੀ ਲਈ ਜਿਹੜੀਆਂ ਬੱਸਾਂ ਭੇਜੀਆਂ ਗਈਆਂ, ਉਨ੍ਹਾਂ ਨੂੰ ਨਾਮਾਤਰ ਹੀ ਸਵਾਰੀਆਂ ਮਿਲੀਆਂ, ਜਿਸ ਕਾਰਨ ਦਿੱਲੀ ਲਈ ਵੀ ਅੱਜ ਕੁਝ ਬੱਸਾਂ ਹੀ ਜਾਂਦੀਆਂ ਦੇਖੀਆਂ ਗਈਆਂ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਸਵੇਰੇ ਦਿੱਲੀ ਸਮੇਤ ਸਾਰੇ ਰੂਟਾਂ ’ਤੇ ਬੱਸਾਂ ਭੇਜੀਆਂ ਜਾਣਗੀਆਂ। ਇਸੇ ਤਰ੍ਹਾਂ ਹਰਿਦੁਆਰ ਲਈ ਬੱਸਾਂ ਜ਼ਿਆਦਾ ਭੇਜੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਐਤਵਾਰ ਨੂੰ ਗੰਗਾ ਇਸ਼ਨਾਨ ਕਰਨ ਜਾਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਉਥੇ ਧਾਰਮਿਕ ਸਥਾਨਾਂ ਲਈ ਜਿਹੜੀਆਂ ਬੱਸਾਂ ਚਲਾਈਆਂ ਗਈਆਂ, ਉਨ੍ਹਾਂ ਵਿਚ ਵੀ ਸਵਾਰੀਆਂ ਦੀ ਗਿਣਤੀ ਉਮੀਦ ਨਾਲੋਂ ਬਹੁਤ ਘੱਟ ਰਹੀ। ਵਾਪਸੀ ’ਤੇ ਵੀ ਬੱਸਾਂ ਨੂੰ ਬਹੁਤ ਘੱਟ ਸਵਾਰੀਆਂ ਮਿਲੀਆਂ, ਜਿਸ ਕਾਰਨ ਅੱਜ ਹਿਮਾਚਲ ਦਾ ਰੂਟ ਆਰਥਿਕ ਤੌਰ ’ਤੇ ਨੁਕਸਾਨ ਵਾਲਾ ਰਿਹਾ।

ਇਹ ਵੀ ਪੜ੍ਹੋ : ਮੋਦੀ ਸਰਕਾਰ ਖੇਤੀ ਕਾਨੂੰਨਾਂ ’ਤੇ ਜਲਦ ਫੈਸਲਾ ਲੈਂਦੀ ਹੈ ਤਾਂ ਰਾਕੇਸ਼ ਟਿਕੈਤ ਨਹੀਂ, ਸਗੋਂ ਯੂ. ਪੀ. ਕਾਰਨ ਹੋਵੇਗਾ : ਜਾਖੜ

ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕੁਲ ਮਿਲਾ ਕੇ 40 ਫ਼ੀਸਦੀ ਬੱਸਾਂ ਘੱਟ ਚੱਲੀਆਂ। ਸਵੇਰੇ 9-10 ਵਜੇ ਦੇ ਕਰੀਬ ਚੱਲਣ ਵਾਲੀਆਂ ਬੱਸਾਂ ਵਿਚ ਵੀ ਸਵਾਰੀਆਂ ਘੱਟ ਦੇਖੀਆਂ ਗਈਆਂ। ਦੁਪਹਿਰ 3 ਵਜੇ ਬੱਸਾਂ ਦੀ ਆਵਾਜਾਈ ਸ਼ੁਰੂ ਹੋਣ ਤੋਂ ਬਾਅਦ ਵੀ ਜਿਹੜੀਆਂ ਬੱਸਾਂ ਰਵਾਨਾ ਕੀਤੀਆਂ ਗਈਆਂ, ਉਨ੍ਹਾਂ ਵਿਚੋਂ ਕੁਝ ਰੂਟਾਂ ’ਤੇ ਸਵਾਰੀਆਂ ਬਹੁਤ ਜ਼ਿਆਦਾ ਰਹੀਆਂ, ਜਦੋਂ ਕਿ ਕੁਝ ਰੂਟ ਖਾਲੀ ਰਹੇ।

ਇਹ ਵੀ ਪੜ੍ਹੋ :  ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਨੋਖੀ ਪਹਿਲ, ਧੀ ਦੇ ਜਨਮ ’ਤੇ ਘਰ ਜਾ ਕੇ ਕਿੰਨਰ ਦੇਣਗੇ ਇਹ ਤੋਹਫ਼ਾ

ਜਾਣਕਾਰੀ ਦੀ ਘਾਟ ਕਾਰਣ 3 ਘੰਟੇ ਬੱਸ ਅੱਡੇ ’ਚ ਬੈਠੇ ਰਹੇ ਲੋਕ
ਜਿਹੜੇ ਲੋਕਾਂ ਨੂੰ ਕਿਸਾਨਾਂ ਦੇ ਚੱਕਾ ਜਾਮ ਬਾਰੇ ਜਾਣਕਾਰੀ ਨਹੀਂ ਸੀ, ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੇਖਣ ਵਿਚ ਆਇਆ ਕਿ 12 ਵਜੇ ਦੇ ਕਰੀਬ ਜਿਹੜੀਆਂ ਬੱਸਾਂ ਜਲੰਧਰ ਬੱਸ ਅੱਡੇ ਵਿਚ ਪਹੁੰਚੀਆਂ, ਉਨ੍ਹਾਂ 3 ਘੰਟੇ ਇਥੇ ਹੀ ਬਿਤਾਏ, ਜਿਸ ਕਾਰਣ ਦੂਰ-ਦੁਰਾਡਿਓਂ ਆਏ ਲੋਕ ਤਿੰਨ ਘੰਟੇ ਬੱਸ ਅੱਡੇ ਵਿਚ ਬਿਤਾਉਣ ਨੂੰ ਮਜਬੂਰ ਹੋਏ। ਸਿਰਫ ਜਲੰਧਰ ਹੀ ਨਹੀਂ, ਸਗੋਂ ਦੂਜੇ ਸਟੇਸ਼ਨਾਂ ’ਤੇ ਵੀ ਲੋਕਾਂ ਨੂੰ ਬੱਸਾਂ ਚੱਲਣ ਦੀ ਉਡੀਕ ਕਰਨੀ ਪਈ।

ਇਹ ਵੀ ਪੜ੍ਹੋ : ਵਿਆਹ ਦੇ ਇਕ ਸਾਲ ’ਚ ਸਹੁਰਿਆਂ ਨੇ ਵਿਖਾਏ ਆਪਣੇ ਅਸਲੀ ਰੰਗ, ਨੂੰਹ ਨੂੰ ਦਿੱਤੀ ਦਰਦਨਾਕ ਮੌਤ

ਦੂਜੇ ਸੂਬਿਆਂ ਤੋਂ ਪੰਜਾਬ ਬਹੁਤ ਘੱਟ ਆਈਆਂ ਬੱਸਾਂ
ਜਿਥੇ ਇਕ ਪਾਸੇ ਪੰਜਾਬ ਤੋਂ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ 60 ਫੀਸਦੀ ਬੱਸਾਂ ਰੱਦ ਕਰਨੀਆਂ ਪਈਆਂ, ਉਥੇ ਹੀ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਦੀ ਗਿਣਤੀ ਵਿਚ 80 ਫੀਸਦੀ ਤੱਕ ਕਮੀ ਦਰਜ ਕੀਤੀ ਗਈ। ਰਾਜਸਥਾਨ ਦੀ ਕੋਈ ਵੀ ਬੱਸ ਜਲੰਧਰ ਬੱਸ ਅੱਡੇ ’ਤੇ ਵੇਖਣ ਨੂੰ ਨਹੀਂ ਮਿਲੀ। ਹਰਿਆਣਾ ਦੀਆਂ ਬੱਸਾਂ ਵੀ ਨਾਮਾਤਰ ਹੀ ਪਹੁੰਚੀਆਂ। ਉਤਰਾਖੰਡ ਡਿਪੂ ਦੀਆਂ ਬੱਸਾਂ ਵੀ ਪੰਜਾਬ ਵਿਚੋਂ ਗਾਇਬ ਰਹੀਆਂ। ਗੁਆਂਢੀ ਸੂਬੇ ਹਿਮਾਚਲ ਦੀਆਂ 1-2 ਬੱਸਾਂ ਹੀ ਜਲੰਧਰ ਨੇੜੇ ਵੇਖੀਆਂ ਗਈਆਂ।


shivani attri

Content Editor

Related News