ਜਲੰਧਰ ਬੱਸ ਸਟੈਂਡ ਦੇ ਨੇੜੇ ਬਣਿਆ ਸ਼ਹਿਰ ਦਾ ਪਹਿਲਾ ਸਟਰੀਟ ਵੈਂਡਿੰਗ ਜ਼ੋਨ

12/31/2019 11:56:34 AM

ਜਲੰਧਰ (ਖੁਰਾਣਾ)— ਨਗਰ ਨਿਗਮ ਜਲੰਧਰ 'ਚ ਸਟਰੀਟ ਵੈਂਡਿੰਗ ਪਾਲਿਸੀ ਕਈ ਸਾਲ ਪਹਿਲਾਂ ਲਾਗੂ ਹੋਈ ਸੀ ਪਰ ਕਈ ਸਾਲ ਇਸ ਦਾ ਸਰਵੇ ਕਰਨ 'ਚ ਲੱਗ ਗਏ। ਜਦੋਂ ਸਰਵੇ ਤਹਿਤ ਸ਼ਹਿਰ 'ਚ 12014 ਰੇਹੜੀਆਂ ਅਤੇ ਖੋਖਿਆਂ ਆਦਿ ਦਾ ਪਤਾ ਲੱਗਾ ਅਤੇ ਨਿਗਮ ਨੇ ਇਨ੍ਹਾਂ ਸਾਰੇ ਵੈਂਡਰਾਂ ਦੇ ਆਈ ਕਾਰਡ ਵੀ ਬਣਾ ਲਏ। ਚੋਣਾਂ ਅਤੇ ਨਿਗਮ ਦੀ ਲਾਪਰਵਾਹੀ ਕਾਰਨ ਇਹ ਪ੍ਰਾਜੈਕਟ ਲਟਕਦਾ ਚਲਾ ਗਿਆ, ਜਿਸ ਕਾਰਨ ਸ਼ਹਿਰ 'ਚ ਰੇਹੜੀਆਂ ਅਤੇ ਖੋਖਿਆਂ ਦੀ ਸਮੱਸਿਆ ਕਾਫੀ ਗੰਭੀਰ ਹੋ ਚੁੱਕੀ ਹੈ। ਹੁਣ ਕਈ ਸਾਲਾਂ ਬਾਅਦ ਨਗਰ ਨਿਗਮ ਨੇ ਸ਼ਹਿਰ 'ਚ ਪਹਿਲਾ ਵੈਂਡਿੰਗ ਜ਼ੋਨ ਚਾਲੂ ਕਰ ਦਿੱਤਾ ਹੈ, ਜੋ ਬੱਸ ਸਟੈਂਡ ਦੇ ਕੋਲ ਜਸਵੰਤ ਮੋਟਰਜ਼ ਸ਼ੋਅਰੂਮ ਦੇ ਸਾਹਮਣੇ ਬਣਾਇਆ ਗਿਆ ਹੈ। ਇਥੇ ਨਿਗਮ ਨੇ ਫਰਸ਼ ਪਾ ਕੇ ਅਤੇ ਗਰਿੱਲਾਂ ਲਾ ਕੇ ਰੇਹੜੀਆਂ ਲਈ ਮਾਰਕਿੰਗ ਕਰ ਦਿੱਤੀ ਸੀ। ਜਿੱਥੇ ਬੀਤੇ ਦਿਨ ਬੱਸ ਸਟੈਂਡ ਇਲਾਕੇ ਦੀਆਂ 70 ਰੇਹੜੀਆਂ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚ ਖਾਣ-ਪੀਣ, ਫਲ-ਫਰੂਟ ਅਤੇ ਚਾਹ ਆਦਿ ਨਾਲ ਸਬੰਧਤ ਸਟਾਲ ਹਨ।

ਪੂਰਾ ਬੱਸ ਸਟੈਂਡ ਰੇਹੜੀ ਫ੍ਰੀ ਜ਼ੋਨ ਬਣੇਗਾ
ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਸ਼ਹਿਰ ਦਾ ਪਹਿਲਾ ਸਟਰੀਟ ਵੈਂਡਿੰਗ ਜ਼ੋਨ ਬਣਾਉਣ ਵਾਲੇ ਤਹਿਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਇਥੇ ਫਲਾਈਓਵਰ ਦੇ ਹੇਠਾਂ ਖੜ੍ਹੀਆਂ ਹੁੰਦੀਆਂ 70 ਰੇਹੜੀਆਂ ਨੂੰ ਸ਼ਿਫਟ ਕੀਤਾ ਗਿਆ ਹੈ ਪਰ ਆਉਣ ਵਾਲੇ ਦਿਨਾਂ 'ਚ ਬੱਸ ਸਟੈਂਡ ਦੇ ਆਲੇ-ਦੁਆਲੇ ਸਾਰੀਆਂ ਰੇਹੜੀਆਂ-ਖੋਖਿਆਂ ਨੂੰ ਇਥੇ ਸ਼ਿਫਟ ਕਰ ਦਿੱਤਾ ਜਾਵੇਗਾ, ਜਿਸ ਨਾਲ ਪੂਰਾ ਬੱਸ ਸਟੈਂਡ ਰੇਹੜੀ ਫ੍ਰੀ ਜ਼ੋਨ ਬਣ ਜਾਵੇਗਾ।

PunjabKesari

8 ਬਾਏ 8 ਦੀ ਅਲਾਟ ਹੋਈ ਜਗ੍ਹਾ
ਪਹਿਲੇ ਸਟਰੀਟ ਵੈਂਡਿੰਗ ਜ਼ੋਨ 'ਚ ਹਰ ਰੇਹੜੀ ਨੂੰ ਇਕੋ ਜਿਹੀ ਭਾਵ 8 ਬਾਏ 8 ਫੁੱਟ ਦੀ ਜਗ੍ਹਾ ਅਲਾਟ ਕੀਤੀ ਗਈ ਹੈ, ਜਿਸ ਦੀਆਂ ਸਾਈਡਾਂ 'ਤੇ 2 ਫੁੱਟ ਦਾ ਰਸਤਾ ਹੈ ਅਤੇ ਅੱਗੇ ਖਾਲੀ ਜਗ੍ਹਾ ਹੈ। ਇਸ ਕਾਰਨ ਕਾਫੀ ਰੇਹੜੀਆਂ ਇਥੇ ਐਡਜਸਟ ਹੋ ਸਕਦੀਆਂ ਹਨ। ਹੁਣ ਵੇਖਣਾ ਹੈ ਕਿ ਨਿਗਮ ਕਦੋਂ ਤੱਕ ਇਸ ਪ੍ਰਾਜੈਕਟ ਨੂੰ ਸਹੀ ਢੰਗ ਨਾਲ ਚਲਾ ਪਾਉਂਦਾ ਹੈ।

ਗੜ੍ਹਾ ਰੋਡ ਦੇ ਕਬਜ਼ਾਧਾਰੀਆਂ ਨੂੰ ਵੀ ਦਿੱਤੀ ਚਿਤਾਵਨੀ
ਤਹਿਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਨੇ ਬੀਤੇ ਦਿਨ ਗੜ੍ਹਾ ਰੋਡ 'ਤੇ ਮੇਨ ਬੱਸ ਸਟੈਂਡ ਦੀ ਕੰਧ ਦੇ ਨਾਲ ਸਾਲਾਂ ਤੋਂ ਬੈਠੇ ਕਬਜ਼ਾਧਾਰੀਆਂ ਨੂੰ ਚਿਤਾਵਨੀ ਜਾਰੀ ਕੀਤੀ ਕਿ ਉਹ ਆਪਣੇ ਸਟਾਲ ਸਟਰੀਟ ਵੈਂਡਿੰਗ ਜ਼ੋਨ 'ਚ ਲੈ ਆਉਣ, ਨਹੀਂ ਤਾਂ ਇਨ੍ਹਾਂ ਕਬਜ਼ਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਕਬਜ਼ਿਆਂ ਕਾਰਨ ਪੂਰੇ ਇਲਾਕੇ ਦਾ ਟਰੈਫਿਕ ਪ੍ਰਭਾਵਿਤ ਹੁੰਦਾ ਹੈ। ਨਿਗਮ ਨੇ ਕਈ ਵਾਰ ਇਨ੍ਹਾਂ ਨੂੰ ਹਟਾਉਣ ਦਾ ਪਲਾਨ ਬਣਾਇਆ ਪਰ ਹਰ ਵਾਰ ਸਿਆਸੀ ਦਬਾਅ ਕਾਰਨ ਨਿਗਮ ਕਾਰਵਾਈ ਨਹੀਂ ਕਰ ਸਕਿਆ।


shivani attri

Content Editor

Related News