ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਏ ਸੁਰਿੰਦਰ ਸਿੰਘ ਸੋਢੀ ਨੇ ਜਲੰਧਰ ਕੈਂਟ ਹਲਕੇ ਤੋਂ ਬਣਾਈ ਦੂਰੀ
Monday, May 06, 2024 - 05:07 PM (IST)
ਜਲੰਧਰ (ਮਹੇਸ਼ ਖੋਸਲਾ) : ‘ਆਪ’ ਦੇ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਦੇ ਅਹੁਦੇ ਤੋਂ ਹਟਾਏ ਸਾਬਕਾ ਆਈ. ਜੀ. ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਜਲੰਧਰ ਛਾਉਣੀ ਹਲਕੇ ਤੋਂ ਆਪਣੀ ਦੂਰੀ ਬਣਾ ਰੱਖੀ ਹੈ ਅਤੇ ਉਹ ‘ਆਪ’ ਉਮੀਦਵਾਰ ਦੀ ਕਿਸੇ ਵੀ ਚੋਣ ਸਰਗਰਮੀ ’ਚ ਹਿੱਸਾ ਨਹੀਂ ਲੈ ਰਹੇ ਹਨ। ਹਾਲਾਂਕਿ ਉਨ੍ਹਾਂ ਦੇ ਸਮਰਥਕ ਅੱਜ ਵੀ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਦੂਜੇ ਪਾਸੇ ਜੇਕਰ ‘ਆਪ’ ਦੀ ਨਵ-ਨਿਯੁਕਤ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦੀ ਗੱਲ ਕਰੀਏ ਤਾਂ ਉਹ ਆਪਣੀਆਂ ਮੀਟਿੰਗਾਂ ’ਚ ‘ਆਪ’ ਵਰਕਰਾਂ ਤੇ ਆਮ ਲੋਕਾਂ ਦੀ ਭੀੜ ਇਕੱਠੀ ਨਹੀਂ ਕਰ ਪਾ ਰਹੇ ਹਨ। ‘ਆਪ’ ਦੇ ਸੀਨੀਅਰ ਆਗੂ ਤੇ ਖਾਸ ਕਰ ਕੇ ਸੋਢੀ ਦੇ ਸਮਰਥਕ ਥਿਆੜਾ ਦਾ ਸਮਰਥਨ ਨਹੀਂ ਕਰ ਰਹੇ ਹਨ। ਉਹ ਅਜੇ ਵੀ ਆਸ ਲਾਈ ਬੈਠੇ ਹਨ ਕਿ ਹੋ ਸਕਦਾ ਹੈ ਕਿ ਪਾਰਟੀ ਹਾਈਕਮਾਂਡ ਮੁੜ ਸੋਢੀ ਨੂੰ ਹਲਕੇ ਦੀ ਕਮਾਨ ਸੌਂਪ ਦੇਵੇ, ਜਦਕਿ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ, ਕਿਉਂਕਿ ਸੋਢੀ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ 2-3 ਵੱਡੀਆਂ ਮੀਟਿੰਗਾਂ ਉਨ੍ਹਾਂ ਦੀ ਰਿਹਾਇਸ਼ 'ਤੇ 'ਆਪ' ਵਰਕਰਾਂ ਦੀ ਮੀਟਿੰਗ ਹੋਈ, ਜਿਸ 'ਚ ਸੋਢੀ ਦੇ ਸਮਰਥਕਾਂ ਨੇ ਪਾਰਟੀ ਨੂੰ ਸਪੱਸ਼ਟ ਕਿਹਾ ਕਿ ਜੇਕਰ ਸੋਢੀ ਨੂੰ ਮੁੜ ਹਲਕੇ ਦੀ ਵਾਗਡੋਰ ਨਾ ਸੌਂਪੀ ਗਈ ਤਾਂ ਪਾਰਟੀ ਨੂੰ ਜਲੰਧਰ ਲੋਕ ਸਭਾ ਸੀਟ ਜਿੱਤਣ ’ਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਹਰਿਆਣਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦੀ ਜਾਂਚ ’ਤੇ ਭੜਕੇ ਸਿੱਖ, ਪ੍ਰਗਟਾਇਆ ਇਤਰਾਜ਼
ਇਸ ਸਭ ਦੇ ਬਾਵਜੂਦ ਪਾਰਟੀ ਨੇ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੋਢੀ ਨੂੰ ਮਨਾਉਣ ਲਈ ਅਜੇ ਤੱਕ ਕੋਈ ਉਪਰਾਲਾ ਨਹੀਂ ਕੀਤਾ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਹੁਣ ਸੋਢੀ ਦੀ ਥਾਂ 'ਤੇ ਥਿਆੜਾ ਨੂੰ ਨਿਸ਼ਚਿਤ ਤੌਰ 'ਤੇ ਇੰਚਾਰਜ ਲਾਇਆ ਗਿਆ ਹੈ ਤੇ ਪਾਰਟੀ ਦਾ ਉਨ੍ਹਾਂ ਨੂੰ ਬਦਲਣ ਦਾ ਕੋਈ ਪਲਾਨ ਦਿਖਾਈ ਨਹੀਂ ਦੇ ਰਿਹਾ ਹੈ। ‘ਆਪ’ ਦੇ ਲੋਕਲ ਆਗੂਆਂ ਨੇ ਪਹਿਲਾਂ ਤਾਂ ਸੋਢੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਸੋਢੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਰਹੇ। ਉਸ ਤੋਂ ਬਾਅਦ ਸੋਢੀ ਦਾ ‘ਆਪ’ ਦੀ ਸੀਨੀਅਰ ਲੀਡਰਸ਼ਿਪ ਨਾਲ ਸੰਪਰਕ ਟੁੱਟਦਾ ਰਿਹਾ। ਉਂਝ ਸੋਢੀ ਨੇ ਕੈਂਟ ਹਲਕੇ ’ਚ ਪਾਰਟੀ ਨੂੰ ਮਜ਼ਬੂਤ ਸਥਿਤੀ ’ਤੇ ਪਹੁੰਚਾ ਦਿੱਤਾ ਸੀ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਜੇਕਰ ਸੋਢੀ ਹਲਕੇ ਦੀ ਕਮਾਂਡ ਸੰਭਾਲਦੇ ਤਾਂ ਜਲੰਧਰ ਕੈਂਟ ਹਲਕੇ ਤੋਂ ਪਵਨ ਟੀਨੂੰ ਨੂੰ ਵੱਡੀ ਲੀਡ ਮਿਲ ਸਕਦੀ ਸੀ। ਉਹ ਜ਼ਮੀਨੀ ਪੱਧਰ ’ਤੇ ਦਿਨ-ਰਾਤ ਮਿਹਨਤ ਕਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਨਾਮਜ਼ਦਗੀਆਂ ਦੀ ਸ਼ੁਰੂਆਤ 7 ਮਈ ਤੋਂ, ਜਨਰਲ ਤੇ ਪੁਲਸ ਆਬਜ਼ਰਵਰ ਨਿਯੁਕਤ
ਵਿਰੋਧੀ ਪਾਰਟੀਆਂ ਦੇ ਸੀਨੀਅਰ ਆਗੂ ਸੋਢੀ ਦੇ ਸੰਪਰਕ ’ਚ
ਵਿਰੋਧੀ ਪਾਰਟੀਆਂ ਦੇ ਆਗੂ ਵੀ ਸੁਰਿੰਦਰ ਸਿੰਘ ਸੋਢੀ ਦੇ ਸੰਪਰਕ ’ਚ ਹਨ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸੋਢੀ ਨੂੰ ਉਨ੍ਹਾਂ ਦੀ ਪਾਰਟੀ ’ਚ ਸ਼ਾਮਲ ਕਰ ਕੇ ਕੈਂਟ ਹਲਕੇ ਤੋਂ ਲਾਭ ਮਿਲੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰ ਸਿੰਘ ਕੇ.ਪੀ. ਆਦਿ ਸੋਢੀ ਨੂੰ ਆਪਣੀ ਜਿੱਤ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੋਢੀ ਅਜੇ ਤੱਕ ਕਿਸੇ ਵਿਰੋਧੀ ਪਾਰਟੀ ’ਚ ਸ਼ਾਮਲ ਹੋਣ ਲਈ ਰਾਜ਼ੀ ਨਹੀਂ ਹੋਏ ਹਨ। ਉਹ ਅਜੇ ਵੀ ‘ਆਪ’ ਪਾਰਟੀ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ। ਸੋਢੀ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ’ਚ ਸ਼ਾਮਲ ਹੋਏ ਤੇ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਦੀ ਜਿੱਤ ਲਈ ਪੂਰੀ ਕੋਸ਼ਿਸ਼ ਕੀਤੀ। ਕਾਂਗਰਸ ਸਰਕਾਰ ਬਣਨ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਕੋਈ ਅਹੁਦਾ ਨਹੀਂ ਸੌਂਪਿਆ ਗਿਆ ਤਾਂ ਉਹ ਕਾਂਗਰਸ ਨੂੰ ਅਲਵਿਦਾ ਕਹਿ ਕੇ 'ਆਪ' ’ਚ ਸ਼ਾਮਲ ਹੋ ਗਏ। ਉਹ ਕਾਂਗਰਸ ’ਚ ਸ਼ਾਮਲ ਹੋਣ ਤੋਂ ਪਹਿਲਾਂ ਵੀ ‘ਆਪ’ ਵਿਚ ਸਨ। ਉਨ੍ਹਾਂ ਆਈ. ਜੀ. ਦੀ ਨੌਕਰੀ ਛੱਡੀ ਸੀ ਤੇ ਏ. ਡੀ. ਜੀ. ਪੀ. ਬਣਨ ਵਾਲੇ ਸਨ। ਉਨ੍ਹਾਂ ਦੇ ਸਮਰਥਕ ਵੀ ਉਨ੍ਹਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਕੁਝ ਸਮਾਂ ਹੋਰ ਇੰਤਜ਼ਾਰ ਕਰਨ। ਕੁਝ ਦਿਨ ਪਹਿਲਾਂ ਸੋਢੀ ਨੇ ਕਿਹਾ ਸੀ ਕਿ ਉਹ ਆਪਣੀ ਅਗਲੀ ਸਿਆਸੀ ਰਣਨੀਤੀ 4 ਜੂਨ ਤੋਂ ਬਾਅਦ ਹੀ ਤੈਅ ਕਰਨਗੇ। ਅੱਜ ਵੀ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣਾਂ : ਲੁਧਿਆਣਾ ’ਚ ਪ੍ਰਮੁੱਖ ਪਾਰਟੀਆਂ ’ਚੋਂ ਇਕੱਲੇ ਹਿੰਦੂ ਉਮੀਦਵਾਰ ਹੋਣਗੇ ‘ਆਪ’ ਦੇ ਅਸ਼ੋਕ ਪਰਾਸ਼ਰ ਪੱਪੀ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8