ਜਾਖੜ ਤੇ ਵਿਧਾਇਕਾਂ ਸਬੰਧੀ ਮੰਤਰੀ ਕੋਲੋਂ 68 ਕਰੋੜ ਰੁਪਏ ਲੈਣ ਗਏ ਮੇਅਰ ਨਿਰਾਸ਼ ਪਰਤੇ

12/12/2019 12:11:42 PM

ਜਲੰਧਰ (ਖੁਰਾਣਾ)— ਇਨੀਂ ਦਿਨੀਂ ਜ਼ਬਰਦਸਤ ਆਰਥਿਕ ਸੰਕਟ ਨਾਲ ਜੂਝ ਰਹੇ ਨਗਰ ਨਿਗਮ ਨੂੰ ਆਉਣ ਵਾਲੇ ਕੁਝ ਹਫਤੇ ਇੰਝ ਹੀ ਗੁਜ਼ਾਰਨੇ ਪੈਣਗੇ ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸ਼ਹਿਰ ਦੇ ਚਾਰੇ ਵਿਧਾਇਕਾਂ ਨੂੰ ਚੰਡੀਗੜ੍ਹ ਲੈ ਜਾ ਕੇ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮੋਹਿੰਦਰਾ ਨੂੰ ਮਿਲਣ ਗਏ ਮੇਅਰ ਜਗਦੀਸ਼ ਰਾਜ ਰਾਜਾ ਨਿਰਾਸ਼ ਹੋ ਕੇ ਪਰਤੇ ਹਨ।

ਮੀਟਿੰਗ ਦੌਰਾਨ ਮੰਤਰੀ ਬ੍ਰਹਮ ਮੋਹਿੰਦਰਾ ਨੇ ਪੈਸਿਆਂ ਦੀ ਮੰਗ ਨੂੰ ਮੁਸਕਰਾ ਕੇ ਟਾਲ ਦਿੱਤਾ ਤੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਨਾਲ ਗੱਲ ਕੀਤੀ ਜਾਵੇਗੀ। ਮੀਟਿੰਗ ਦੌਰਾਨ ਪੰਜਾਬ ਨੂੰ ਦਰਪੇਸ਼ ਆਰਥਿਕ ਸੰਕਟ 'ਤੇ ਵੀ ਹਲਕੀ ਫੁਲਕੀ ਚਰਚਾ ਹੋਈ। ਮੀਟਿੰਗ ਦੌਰਾਨ ਮੇਅਰ ਅਤੇ ਜਾਖੜ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਰਾਜਿੰਦਰ ਬੇਰੀ ਅਤੇ ਜਗਬੀਰ ਬਰਾੜ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਜਾਖੜ ਦੇ ਪਿਛਲੇ ਦਿਨੀਂ ਜਲੰਧਰ ਦੌਰੇ ਦੌਰਾਨ ਨਗਰ ਨਿਗਮ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਸਵਾਲ ਉਠੇ ਸਨ, ਜਿਸ ਦੌਰਾਨ ਸਾਹਮਣੇ ਆਇਆ ਸੀ ਕਿ ਪੰਜਾਬ ਸਰਕਾਰ ਨੇ ਨਿਗਮ ਦੇ ਆਪਣੇ 68 ਕਰੋੜ ਰੁਪਏ ਰੋਕੇ ਹੋਏ ਹਨ ਤਾਂ ਜਾਖੜ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਤੁਸੀਂ ਚੰਡੀਗੜ੍ਹ ਜਾਵੋ ਮੈਂ ਤੁਹਾਡੀ ਮੰਤਰੀ ਨਾਲ ਮੀਟਿੰਗ ਕਰਵਾਉਂਦਾ ਹਾਂ। ਇਹ ਵੱਖਰੀ ਗੱਲ ਹੈ ਕਿ ਸ਼ਹਿਰ ਦੇ ਚਾਰੇ ਵਿਧਾਇਕਾਂ ਅਤੇ ਮੇਅਰ ਨੂੰ ਲੈ ਕੇ ਜਾਖੜ, ਮੰਤਰੀ ਬ੍ਰਹਮ ਮੋਹਿੰਦਰਾ ਕੋਲ ਪਹੁੰਚੇ ਪਰ ਪੈਸਿਆਂ ਦੇ ਮਾਮਲੇ 'ਚ ਉਨ੍ਹਾਂ ਵੀ ਹੱਥ ਖੜ੍ਹੇ ਕਰ ਦਿੱਤੇ।

ਨਾਜਾਇਜ਼ ਬਿਲਡਿੰਗਾਂ ਨੂੰ ਤੋੜਣ ਨਾਲ ਘੱਟ ਹੋ ਰਿਹਾ ਵੋਟ ਬੈਂਕ
ਮੀਟਿੰਗ ਦੌਰਾਨ ਮੇਅਰ ਜਗਦੀਸ਼ ਰਾਜਾ ਨੂੰ ਜਿੱਥੇ ਨਗਰ ਨਿਗਮ ਦੇ ਫੰਡ ਦੇ ਰੂਪ ਵਿਚ ਸਰਕਾਰ ਵੱਲ ਖੜ੍ਹੇ 68 ਕਰੋੜ ਰੁਪਿਆਂ ਦੀ ਫਿਕਰ ਸੀ, ਉਥੇ ਹੀ ਸ਼ਹਿਰ ਦੇ ਵਿਧਾਇਕਾਂ ਦਾ ਮੰਨਣਾ ਸੀ ਕਿ ਜਲੰਧਰ 'ਚ ਜਿਸ ਤਰ੍ਹਾਂ ਹਾਈਕੋਰਟ ਦੇ ਨਿਰਦੇਸ਼ਾਂ ਦੀ ਆੜ ਿਵਚ ਨਾਜਾਇਜ਼ ਬਿਲਡਿੰਗਾਂ ਨੂੰ ਤੋੜਿਆ ਅਤੇ ਸੀਲ ਕੀਤਾ ਜਾ ਰਿਹਾ ਹੈ, ਉਸ ਨਾਲ ਪਾਰਟੀ ਦਾ ਵੋਟ ਬੈਂਕ ਪ੍ਰਭਾਵਿਤ ਹੋਵੇਗਾ, ਜਿਸ 'ਤੇ ਤਤਕਾਲ ਰੋਕ ਲਾਉਣ ਦੀ ਲੋੜ ਹੈ ਅਤੇ ਇਸ ਮਾਮਲੇ ਵਿਚ ਅਦਾਲਤ ਵਿਚ ਵੀ ਮਜ਼ਬੂਤੀ ਨਾਲ ਪੱਖ ਰੱਖਿਆ ਜਾਣਾ ਚਾਹੀਦਾ ਹੈ।
ਇਨ੍ਹਾਂ ਵਿਧਾਇਕਾਂ ਤੇ ਮੇਅਰ ਨੇ ਮੰਤਰੀ ਕੋਲ ਮੰਗ ਕੀਤੀ ਕਿ ਪੂਰੇ ਪੰਜਾਬ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਜਲਦੀ ਲਿਆਂਦੀ ਜਾਵੇ ਤਾਂ ਜੋ ਨਾਜਾਇਜ਼ ਬਿਲਡਿੰਗਾਂ ਨੂੰ ਰਾਹਤ ਦਿੱਤੀ ਜਾ ਸਕੇ। ਮੰਤਰੀ ਦਾ ਕਹਿਣਾ ਸੀ ਕਿ ਇਸ ਮਾਮਲੇ 'ਚ ਨਵੇਂ ਸਿਰੇ ਤੋਂ ਕਮੇਟੀ ਬਣਾ ਕੇ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਪਾਲਿਸੀ ਨੂੰ ਲਾਗੂ ਕਰ ਦਿੱਤਾ ਜਾਵੇਗਾ।

ਜੋਨਿੰਗ ਦੇ ਪ੍ਰਸਤਾਵ ਨੂੰ ਜਲਦੀ ਮਨਜ਼ੂਰੀ ਦੇਵੇ ਸਰਕਾਰ
ਵਿਧਾਇਕਾਂ ਨੇ ਮੰਤਰੀ ਨੂੰ ਦੱਸਿਆ ਕਿ ਓ. ਟੀ. ਐੱਸ. ਦੇ ਨਾਲ-ਨਾਲ ਨਗਰ ਨਿਗਮ ਦੀ ਸਥਾਨਕ ਪੱਧਰ 'ਤੇ ਜੋਨਿੰਗ ਪ੍ਰਕਿਰਿਆ ਨੂੰ ਵੀ ਜਲਦੀ ਮਨਜ਼ੂਰੀ ਦਿੱਤੀ ਜਾਵੇ। ਇਸ ਮਾਮਲੇ ਿਵਚ ਹਾਊਸ ਦੀ ਪਿਛਲੀ ਮੀਟਿੰਗ ਦੌਰਾਨ ਤਿੰਨ ਪ੍ਰਸਤਾਵ ਪਾਸ ਕਰਕੇ ਸਰਕਾਰ ਨੂੰ ਭੇਜੇ ਗਏ ਹਨ। ਮੰਤਰੀ ਬ੍ਰਹਮ ਮੋਹਿੰਦਰਾ ਨੇ ਤੁਰੰਤ ਡਾਇਰੈਕਟਰ ਨੂੰ ਨਿਰਦੇਸ਼ ਜਾਰੀ ਕਰਕੇ ਉਨ੍ਹਾਂ ਪ੍ਰਸਤਾਵਾਂ 'ਤੇ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਹੈ।

ਜੋਨਿੰਗ ਬਾਰੇ ਹੋਮਵਰਕ ਕਰ ਕੇ ਰੱਖੇ ਨਿਗਮ : ਸੁਸ਼ੀਲ ਰਿੰਕੂ
ਇਸ ਦੌਰਾਨ ਵਿਧਾਇਕ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਬਿਲਡਿੰਗ ਬਾਇਲਾਜ਼ ਨੂੰ ਲੈ ਕੇ ਸ਼ਹਿਰ ਦੀ ਨਵੇਂ ਸਿਰੇ ਤੋਂ ਜੋ ਜੋਨਿੰਗ ਹੋਣੀ ਹੈ, ਉਸ ਦੇ ਲਈ ਨਿਗਮ ਨੂੰ ਚਾਹੀਦਾ ਹੈ ਕਿ ਉਹ ਆਪਣੇ ਪ੍ਰਸਤਾਵਾਂ ਨੂੰ ਲੈ ਕੇ ਚੰਡੀਗੜ੍ਹ ਵਿਚ ਫੀਲਡ ਵਰਕ ਕਰੇ ਤੇ ਜੇਕਰ ਉਥੇ ਕੋਈ ਆਬਜੈਕਸ਼ਨ ਜਾਂ ਇਨਕੁਆਰੀ ਮਾਰਕ ਹੁੰਦੀ ਹੈ ਤਾਂ ਤੁਰੰਤ ਉਸਨੂੰ ਦੂਰ ਕਰਨ ਲਈ ਆਪਣਾ ਹੋਮ ਵਰਕ ਪੂਰਾ ਕਰਕੇ ਰੱਖਣ।
ਰਿੰਕੂ ਨੇ ਕਿਹਾ ਕਿ ਸ਼ਹਿਰ ਵਿਚ ਜੋ ਆਬਾਦੀ ਪੁਰਾਣੀ ਬਣੀ ਹੋਈ ਹੈ ਤੇ ਿਜਥੇ 60-70 ਫੀਸਦੀ ਤੋਂ ਜ਼ਿਆਦਾ ਕਮਰਸ਼ੀਅਲ ਗਤੀਵਿਧੀਆਂ ਚੱਲ ਰਹੀਆਂ ਹਨ, ਉਥੇ ਨਵੇਂ ਸਿਰੇ ਤੋਂ ਬਿਲਡਿੰਗ ਬਾਇਲਾਜ਼ ਬਣਨੇ ਚਾਹੀਦੇ ਹਨ ਜਿਸ ਨਾਲ ਨਿਗਮ ਨੂੰ ਵੀ ਆਮਦਨ ਹੋਵੇਗੀ ਤੇ ਲੋਕਾਂ ਨੂੰ ਵੀ ਰਾਹਤ ਮਿਲੇਗੀ। ਨਾਜਾਇਜ਼ ਬਿਲਡਿੰਗਾਂ ਦਾ ਵੀ ਲਾਭ ਲੋਕਾਂ ਨੂੰ ਹੋ ਜਾਵੇਗਾ। ਸ਼੍ਰੀ ਰਿੰਕੂ ਨੇ ਦੱਸਿਆ ਕਿ ਉਨ੍ਹਾਂ ਵੈਸਟ ਹਲਕੇ ਦੀਆਂ 21 ਮੇਨ ਸੜਕਾਂ ਦੀ ਜੋਨਿੰਗ ਲਈ ਪਹਿਲਾਂ ਤੋਂ ਹੀ ਨਿਗਮ ਨੂੰ ਸੂਚਿਤ ਕੀਤਾ ਹੋਇਆ ਹੈ ਜੋ ਹੇਠ ਲਿਖੇ ਅਨੁਸਾਰ ਹੈ :
ਲਾਭ ਸਿੰਘ ਨਗਰ ਪੁਲੀ ਤੋਂ ਨਾਗਰਾ ਰੋਡ ਡ੍ਰੇਨ ਤੱਕ
ਬਾਵਾ ਖੇਲ ਨਹਿਰ ਪੁਲੀ ਤੋਂ ਲਾਭ ਗਾਖਲਾਂ ਪੁਲੀ ਤੱਕ
ਪੀਰਦਾਦ ਨਹਿਰ ਪੁਲੀ ਤੋਂ ਲੈਦਰ ਕੰਪਲੈਕਸ ਡ੍ਰੇਨ ਤੱਕ
ਰਾਜਨਗਰ ਮੋੜ ਤੋਂ ਮਧੂਬਨ ਕਾਲੋਨੀ ਮੋੜ ਤੱਕ
ਬਸਤੀ ਪੀਰਦਾਦ ਗੁਰਦੁਆਰੇ ਤੋਂ ਬਾਵਾ ਖੇਲ ਅੱਡੇ ਤੱਕ
ਪੀਰਦਾਦ ਤੋਂ ਸ਼ੇਰ ਸਿੰਘ ਕਾਲੋਨੀ ਪੁਲ ਤੱਕ
ਗੁਰਦੁਆਰਾ ਆਦਰਸ਼ ਨਗਰ ਤੋਂ ਜੇ. ਪੀ. ਨਗਰ, 120 ਫੁੱਟੀ ਰੋਡ ਤੱਕ
ਝੰਡੀਆਂ ਵਾਲਾ ਪੀਰ ਚੌਕ ਤੋਂ ਨਕੋਦਰ ਰੋਡ ਤੱਕ
ਝੰਡੀਆਂ ਵਾਲਾ ਪੀਰ ਚੌਕ ਤੋਂ ਬਸਤੀ ਮਿੱਠੂ ਨਹਿਰ ਤੱਕ
ਬਾਬੂ ਜਗਜੀਵਨ ਰਾਮ ਚੌਕ ਤੋਂ ਗਾਖਲਾਂ ਪੁਲ ਤੱਕ
ਫੁੱਟਬਾਲ ਚੌਕ ਤੋਂ ਬਾਬੂ ਜਗਜੀਵਨ ਰਾਮਾ ਚੌਕ ਤੱਕ
ਸ਼ੇਰ ਸਿੰਘ ਪੁਲੀ ਤੋਂ ਕੁਟੀਆ ਰੋਡ ਦਾਨਿਸ਼ਮੰਦਾਂ ਤੱਕ
ਈਵਨਿੰਗ ਕਾਲਜ ਤੋਂ ਬਬਰੀਕ ਚੌਕ ਤੱਕ
ਬਬਰੀਕ ਚੌਕ ਤੋਂ ਰਵਿਦਾਸ ਚੌਕ ਤੱਕ
ਘਾਹ ਮੰਡੀ ਤੋਂ ਕਾਲਾ ਸੰਘਿਆ ਰੋਡ ਧਾਲੀਵਾਲ ਪੁਲੀ ਤੱਕ
ਘਈ ਨਗਰ ਤੋਂ ਸ਼ਹਿੰਸ਼ਾਹ ਪੈਲੇਸ ਰੋਡ ਨਕੋਦਰ ਰੋਡ ਤੱਕ
ਬਸਤੀ ਸ਼ੇਖ ਅੱਡੇ ਤੋਂ ਸ਼ਹਿਨਾਈ ਪੈਲੇਸ ਚੌਕ ਤੱਕ
ਪਰਸ਼ੂਰਾਮ ਭਵਨ ਮੋੜ ਤੋਂ ਬਸਤੀ ਮਿੱਠੂ ਮੋੜ ਤੱਕ
ਰਤਨ ਬ੍ਰਦਰਜ਼ ਮੋੜ ਤੋਂ ਨਾਹਲਾਂ ਪੁਲੀ ਤੱਕ
ਘਾਹ ਮੰਡੀ ਚੁੰਗੀ ਤੋਂ ਦਸਮੇਸ਼ ਨਗਰ ਨਾਖਾਂ ਵਾਲੇ ਬਾਗ ਤੱਕ

ਬੇਰੀ ਤੇ ਬਾਵਾ ਹੈਨਰੀ ਨੇ ਵੀ ਦਿੱਤੀ ਜੋਨਿੰਗ ਪ੍ਰਪੋਜ਼ਲ
ਵਿਧਾਇਕ ਸੁਸ਼ੀਲ ਰਿੰਕੂ ਦੀ ਤਰਜ਼ 'ਤੇ ਵਿਧਾਇਕ ਰਾਜਿੰਦਰ ਬੇਰੀ ਤੇ ਬਾਵਾ ਹੈਨਰੀ ਨੇ ਵੀ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਦੀਆਂ ਮੁੱਖ ਸੜਕਾਂ ਨੂੰ ਨਵੀਂ ਜੋਨਿੰਗ ਪ੍ਰਕਿਰਿਆ ਵਿਚ ਲਿਆਉਣ ਲਈ ਪ੍ਰਪੋਜ਼ਲ ਨਿਗਮ ਦੇ ਜ਼ਰੀਏ ਸਰਕਾਰ ਕੋਲ ਭੇਜਿਆ ਹੈ।
ਸੈਂਟਰਲ ਹਲਕੇ ਦੀ ਪ੍ਰਪੋਜ਼ਲ
ਗੁੜ ਮੰਡੀ ਬਾਜ਼ਾਰ
ਰੈਣਕ ਬਾਜ਼ਾਰ
ਇਮਾਮ ਨਾਸਿਰ ਬਾਜ਼ਾਰ
ਅਟਾਰੀ ਬਾਜ਼ਾਰ
ਨਾਰਥ ਹਲਕੇ ਦੀ ਪ੍ਰਪੋਜ਼ਲ
ਵਰਕਸ਼ਾਪ ਚੌਕ ਤੋਂ ਰੇਲਵੇ ਸਟੇਸ਼ਨ
ਵਰਕਸ਼ਾਪ ਚੌਕ ਤੋਂ ਗੁਲਾਬ ਦੇਵੀ ਰੋਡ
ਅੱਡਾ ਹੁਸ਼ਿਆਰਪੁਰ ਫਾਟਕ ਤੋਂ ਲੰਮਾ ਪਿੰਡ ਚੌਕ
ਦਮੋਰੀਆ ਪੁਲ ਤੋਂ ਸੋਢਲ ਚੌਕ
ਸੋਢਲ ਚੌਕ ਤੋਂ ਕਨਾਲ ਰੋਡ
ਸੋਢਲ ਚੌਕ ਤੋਂ ਸੋਢਲ ਫਾਟਕ
ਵੇਰਕਾ ਮਿਲਕ ਪਲਾਂਟ ਤੋਂ ਗਦਈਪੁਰ
ਜੇ. ਐੱਮ. ਪੀ. ਚੌਕ ਤੋਂ ਗੁੱਜਾ ਪੀਰ ਰੋਡ
ਮਕਸੂਦਾਂ ਚੌਕ ਤੋਂ ਨੰਦਨਪੁਰ ਰੋਡ
ਮਕਸੂਦਾਂ ਚੌਕ ਤੋਂ ਨਾਗਰਾ ਰੋਡ
ਰਵਿਦਾਸ ਸਕੂਲ ਤੋਂ ਜੈਮਲ ਨਗਰ ਰੋਡ
ਭਗਤ ਸਿੰਘ ਚੌਕ ਤੋਂ ਅੱਡਾ ਹੁਸ਼ਿਆਰਪੁਰ ਰੋਡ

ਹੜਤਾਲ ਦੇ ਡਰੋਂ ਫੋਰਥ ਕਲਾਸ ਨੂੰ ਦਿੱਤੀ ਤਨਖਾਹ
10 ਦਿਨ ਬੀਤ ਜਾਣ ਤੋਂ ਬਾਅਦ ਵੀ ਜਲੰਧਰ ਨਗਰ ਨਿਗਮ ਨੇ ਆਪਣੇ ਕਰਮਚਾਰੀਆਂ ਨੂੰ ਜਦੋਂ ਤਨਖਾਹ ਨਹੀਂ ਿਦਤੀ ਤਾਂ ਨਿਗਮ ਯੂਨੀਅਨਾਂ ਨੇ ਹੜਤਾਲ ਕਰਨ ਦੀ ਧਮਕੀ ਦੇ ਦਿੱਤੀ, ਜਿਸ ਤੋਂ ਡਰ ਕੇ ਨਿਗਮ ਪ੍ਰਸ਼ਾਸਨ ਨੇ ਦੂਜੇ ਖਾਤੇ 'ਚੋਂ 4.50 ਕਰੋੜ ਰੁਪਏ ਟਰਾਂਸਫਰ ਕੀਤੇ। ਜਿਸ ਨਾਲ ਫੋਰਥ ਕਲਾਸ ਦੀ ਤਨਖਾਹ ਰਿਲੀਜ਼ ਕੀਤੀ ਗਈ ਹੈ। ਬਾਕੀ ਕਰਮਚਾਰੀਆਂ ਨੂੰ ਤਨਖਾਹ ਲਈ ਅਜੇ ਲੰਮੀ ਉਡੀਕ ਕਰਨੀ ਪਵੇਗੀ।


shivani attri

Content Editor

Related News