ਧੋਖਾਦੇਹੀ ਦੇ 3 ਮਾਮਲਿਆਂ ''ਚ ਭਗੌੜਾ ਗ੍ਰਿਫਤਾਰ

07/20/2017 6:40:07 AM

ਨਵਾਂਸ਼ਹਿਰ,  (ਤ੍ਰਿਪਾਠੀ)-  ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਵਰਕ ਪਰਮਿਟ 'ਤੇ ਇਟਲੀ ਭੇਜਣ ਦੇ ਨਾਂ 'ਤੇ 3 ਵੱਖ-ਵੱਖ ਮਾਮਲਿਆਂ 'ਚ ਧੋਖਾਦੇਹੀ ਕਰਨ ਵਾਲੇ ਭਗੌੜੇ ਨੂੰ ਗ੍ਰਿਫਤਾਰ ਕੀਤਾ ਹੈ।
ਐੱਸ. ਐੱਚ. ਓ. ਰਾਜਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਤਰਸੇਮ ਲਾਲ ਪੁੱਤਰ ਬਾਬੂ ਰਾਮ ਵਾਸੀ ਚੰਦਿਆਣੀ ਖੁਰਦ ਨੇ ਦੱਸਿਆ ਸੀ ਕਿ ਉਸ ਨੇ ਆਪਣੇ ਲੜਕੇ ਨੂੰ ਇਟਲੀ ਭੇਜਣ ਦਾ ਸੌਦਾ ਰਾਜੀਵ ਕੁਮਾਰ ਪੁੱਤਰ ਦਿਲਬਾਗ ਰਾਏ ਵਾਸੀ ਦਿਆਲਾ ਥਾਣਾ ਪੋਜੇਵਾਲ ਨਾਲ ਕੀਤਾ ਸੀ, ਜਿਸ ਨੇ ਆਪਣੇ ਸਾਥੀ ਮਹੇਸ਼ ਚੰਦ ਪੁੱਤਰ ਸੁਰਜੀਤ ਸਿੰਘ ਵਾਸੀ ਬਰਮਪੁਰ ਥਾਣਾ ਨੰਗਲ ਨਾਲ ਮਿਲ ਕੇ 3.75 ਲੱਖ ਰੁਪਏ ਲੈਣ ਦੇ ਬਾਵਜੂਦ ਲੜਕੇ ਨੂੰ ਵਿਦੇਸ਼ ਨਹੀਂ ਭੇਜਿਆ। ਇਸੇ ਤਰ੍ਹਾਂ ਰਾਜੀਵ ਕੁਮਾਰ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਨਵਾਂਸ਼ਹਿਰ ਦੇ ਦਰਸ਼ਨ ਸਿੰਘ ਦੇ ਲੜਕੇ ਤੇ ਇਕ ਹੋਰ ਨੌਜਵਾਨ ਬਲਜਿੰਦਰ ਸਿੰਘ ਨਾਲ ਵੀ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕੀਤੀ ਸੀ।
ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਦੇ ਅਦਾਲਤ ਤੋਂ ਗੈਰ-ਹਾਜ਼ਰ ਹੋਣ ਕਰਕੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਐੱਸ.ਐੱਚ.ਓ. ਨੇ ਦੱਸਿਆ ਕਿ ਏ.ਐੱਸ.ਆਈ. ਬਲਵੇਗ ਸਿੰਘ ਦੀ ਪੁਲਸ ਪਾਰਟੀ ਨੇ ਇਕ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਉਸ ਦੇ ਗੁਪਤ ਟਿਕਾਣੇ ਤੋਂ ਗ੍ਰਿਫਤਾਰ ਕੀਤਾ ਹੈ।


Related News