15 ਸਾਲ ਪੁਰਾਣੇ ਆਟੋ ਚੱਲੇ ਤਾਂ ਹੋਣਗੇ ਇੰਪਾਊਂਡ

01/24/2020 5:58:32 PM

ਜਲੰਧਰ (ਵਰੁਣ) : ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਟਰੈਫਿਕ ਪੁਲਸ ਨੇ ਆਟੋ ਯੂਨੀਅਨ ਨਾਲ ਮੀਟਿੰਗ ਕਰ ਕੇ 15 ਸਾਲ ਪੁਰਾਣੇ ਆਟੋਜ਼ ਨੂੰ ਬੰਦ ਕਰਨ ਨੂੰ ਕਿਹਾ ਹੈ। ਟਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਕਿਹਾ ਕਿ 15 ਸਾਲ ਪੁਰਾਣੇ ਆਟੋਜ਼ ਧੂੰਆਂ ਛੱਡਦੇ ਦਿਸੇ ਤਾਂ ਆਟੋਜ਼ ਨੂੰ ਇੰਪਾਊਂਡ ਕੀਤਾ ਜਾਵੇਗਾ।

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਸ਼ਰਮਾ ਨੇ ਆਟੋ ਯੂਨੀਅਨ ਦੇ ਆਗੂਆਂ ਨੂੰ ਟਰੈਫਿਕ ਥਾਣੇ ਬੁਲਾਇਆ ਸੀ। ਏ. ਡੀ. ਸੀ. ਪੀ. ਨੇ ਆਟੋ ਯੂਨੀਅਨ ਦੇ ਆਗੂਆਂ ਨੂੰ ਕਿਹਾ ਕਿ ਸ਼ਹਿਰ 'ਚ ਹੁਣ 15 ਸਾਲ ਪੁਰਾਣੇ ਆਟੋਜ਼ ਮਿਲੇ ਤਾਂ ਵਾਤਾਵਰਣ ਨੂੰ ਮੱਦੇਨਜ਼ਰ ਰੱਖਦੇ ਹੋਏ ਆਟੋਜ਼ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਆਟੋ 'ਚ ਪਰਦਾ ਨਹੀਂ ਲੱਗਣ ਦਿੱਤਾ ਜਾਵੇਗਾ। ਏ. ਡੀ. ਸੀ.ਪੀ. ਨੇ ਕਿਹਾ ਕਿ ਸਾਰੇ ਆਟੋਜ਼ ਸੜਕ ਦੇ ਕੰਢੇ ਚੱਲਣਗੇ ਤਾਂ ਜੋ ਟਰੈਫਿਕ ਵੀ ਚੱਲਦਾ ਰਹੇ। ਉਨ੍ਹਾਂ ਕਿਹਾ ਕਿ ਸਕੂਲ ਦੇ ਛੋਟੇ ਬੱਚਿਆਂ ਨੂੰ ਪਿਕ ਐਂਡ ਡਰਾਪ ਕਰਨ ਵਾਲੇ ਆਟੋ ਚਾਲਕ ਕਿਸੇ ਵੀ ਹਾਲਤ 'ਚ 6 ਤੋਂ ਜ਼ਿਆਦਾ ਬੱਚੇ ਆਟੋ 'ਚ ਨਹੀਂ ਬਿਠਾਉਣਗੇ। ਜੇਕਰ ਕੋਈ ਓਵਰਲੋਡ ਆਟੋ ਮਿਲਿਆ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ। ਟਰੈਫਿਕ ਪੁਲਸ ਨੇ ਸ਼ਹਿਰ 'ਚ ਚੱਲ ਰਹੇ ਸਾਰੇ ਆਟੋਜ਼ ਦੀ ਪਰਮਿਟ ਡਿਟੇਲ ਵੀ ਮੰਗੀ ਹੈ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਕਿਹਾ ਕਿ ਆਟੋ ਚਾਲਕਾਂ ਨੂੰ ਬੱਸ ਸਟੈਂਡ, ਰੇਲਵੇ ਸਟੇਸ਼ਨ, ਸ਼੍ਰੀ ਰਾਮ ਚੌਕ, ਭਗਵਾਨ ਵਾਲਮੀਕਿ ਚੌਕ ਸਮੇਤ ਭੀੜ-ਭਾੜ ਵਾਲੇ ਇਲਾਕਿਆਂ 'ਚ ਖੜ੍ਹੇ ਹੋਣ ਤੋਂ ਵੀ ਮਨ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਆਊਟ ਆਫ ਰੂਟ ਚੱਲ ਰਹੇ ਆਟੋਜ਼ ਬਿਲਕੁਲ ਵੀ ਨਹੀਂ ਚੱਲਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਆਟੋ ਚਾਲਕ ਨੇ ਜੇਕਰ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਉਸ ਦਾ ਆਟੋ ਇੰਪਾਊਂਡ ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਏ. ਸੀ. ਪੀ. ਟਰੈਫਿਕ ਹਰਬਿੰਦਰ ਭੱਲਾ ਅਤੇ ਇੰਸਪੈਕਟਰ ਰਮੇਸ਼ ਲਾਲ ਵੀ ਮੌਜੂਦ ਸਨ।

ਈ-ਰਿਕਸ਼ਾ ਵਾਲਿਆਂ ਨੂੰ ਬਿਨਾਂ ਟੋਕਨ ਦੇ ਚਲਾਉਣ 'ਤੇ ਰੋਕ
ਟਰੈਫਿਕ ਪੁਲਸ ਨੇ ਸ਼ੁੱਕਰਵਾਰ ਨੂੰ ਈ ਰਿਕਸ਼ਾ ਯੂਨੀਅਨ ਵਾਲਿਆਂ ਨਾਲ ਵੀ ਮੀਟਿੰਗ ਕੀਤੀ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਉਨ੍ਹਾਂ ਨੂੰ ਟਰੈਫਿਕ ਥਾਣੇ ਸੱਦ ਕੇ ਕਿਹਾ ਕਿ ਈ ਰਿਕਸ਼ਾ ਵਾਲਿਆਂ ਨੂੰ ਸੜਕਾਂ 'ਤੇ ਰਿਕਸ਼ਾ ਚਲਾਉਣ ਲਈ ਨਿਗਮ ਤੋਂ ਟੋਕਨ ਲੈਣਾ ਜ਼ਰੂਰੀ ਹੈ। ਜੇਕਰ ਚੈਕਿੰਗ ਦੌਰਾਨ ਟੋਕਨ ਨਾ ਮਿਲਿਆ ਤਾਂ ਈ ਰਿਕਸ਼ਾ ਦਾ ਚਲਾਨ ਕੱਟਿਆ ਜਾਵੇਗਾ। ਉਨ੍ਹਾਂ ਨੇ ਈ ਰਿਕਸ਼ਾ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਚਲਾਨ ਤੋਂ ਬਚਣ ਲਈ ਉਹ ਪਹਿਲਾਂ ਟੋਕਨ ਲੈਣ ਅਤੇ ਫਿਰ ਸੜਕਾਂ 'ਤੇ ਈ ਰਿਕਸ਼ਾ ਲੈ ਕੇ ਆਉਣ।


Shyna

Content Editor

Related News