ਸ਼ਹਿਰ ’ਚ ਕੱਛਾ ਗਿਰੋਹ ਦੀ ਦਹਿਸ਼ਤ, ਅੱਧੀ ਦਰਜਨ ਘਰਾਂ ’ਚ ਹੋਏ ਦਾਖ਼ਲ, CCTV ਕੈਮਰਿਆਂ ’ਚ ਕੈਦ

05/27/2023 2:29:30 AM

ਜਲੰਧਰ  (ਜ. ਬ.)–ਸ਼ਹਿਰ ਵਿਚ ਕੱਛਾ ਗਿਰੋਹ ਨੇ ਲੋਕਾਂ ਵਿਚ ਦਹਿਸ਼ਤ ਮਚਾਈ ਹੋਈ ਹੈ। ਸੇਠ ਹੁਕਮ ਚੰਦ ਕਾਲੋਨੀ ਤੋਂ ਬਾਅਦ ਕੱਛਾ ਗਿਰੋਹ ਨੂੰ ਗੁੱਜਾਪੀਰ ਰੋਡ ’ਤੇ ਸਥਿਤ ਸ਼ੰਕਰ ਗਾਰਡਨ ਇਲਾਕੇ ਵਿਚ ਦੇਖਿਆ ਗਿਆ। ਸਵੇਰੇ ਜਦੋਂ ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਆਪਣੇ ਘਰਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ, ਜਿਸ ਵਿਚ ਗਿਰੋਹ ਦੇ 4 ਮੈਂਬਰ ਕੰਧਾਂ ਟੱਪਦੇ ਅਤੇ ਗਲੀ ਵਿਚੋਂ ਲੰਘਦੇ ਦਿਖਾਈ ਦਿੱਤੇ। ਲਗਭਗ ਅੱਧੀ ਦਰਜਨ ਘਰਾਂ ਵਿਚ ਗਿਰੋਹ ਦੇ ਮੈਂਬਰ ਦਾਖਲ ਹੋਏ ਪਰ ਕੁਝ ਚੋਰੀ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ। ਮੁਲਜ਼ਮਾਂ ਕੋਲ ਤੇਜ਼ਧਾਰ ਹਥਿਆਰ ਵੀ ਦੇਖੇ ਗਏ। ਇਲਾਕੇ ਦੇ ਲੋਕਾਂ ਨੇ ਸੀ. ਸੀ. ਟੀ. ਵੀ. ਫੁਟੇਜ ਅਤੇ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਯਾਸੀਨ ਮਲਿਕ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ NIA ਪੱਜੀ ਹਾਈਕੋਰਟ

ਸ਼ੁੱਕਰਵਾਰ ਸਵੇਰੇ ਜਦੋਂ ਸ਼ੰਕਰ ਗਾਰਡਨ ਦੇ ਕੁਝ ਘਰਾਂ ਦੇ ਮਾਲਕ ਸੈਰ ਕਰਨ ਲਈ ਨਿਕਲੇ ਤਾਂ ਦੇਖਿਆ ਤਾਂ ਘਰਾਂ ਦੀ ਐਂਟਰੀ ਵਿਚ ਹਿੱਲ-ਜੁਲ ਪਈ ਹੋਈ ਸੀ। ਲੋਕਾਂ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ 4 ਨੌਜਵਾਨ ਕੰਧਾਂ ਟੱਪ ਕੇ ਘਰਾਂ ਵਿਚ ਦਾਖਲ ਹੋਏ ਅਤੇ ਚੋਰੀ ਕਰਨ ਲਈ ਸਾਮਾਨ ਲੱਭਦੇ ਰਹੇ, ਹਾਲਾਂਕਿ ਉਹ ਕਿਸੇ ਵੀ ਘਰ ਦੇ ਕਮਰਿਆਂ ’ਚ ਨਹੀਂ ਦਾਖ਼ਲ ਹੋ ਸਕੇ। ਇਸੇ ਤਰ੍ਹਾਂ ਕੱਛਾ ਗਿਰੋਹ ਅੱਧੀ ਦਰਜਨ ਘਰਾਂ ਵਿਚ ਦਾਖ਼ਲ ਹੋਇਆ। ਗਿਰੋਹ ਦੇ ਚਾਰਾਂ ਮੈਂਬਰਾਂ ਨੇ ਲੱਕ ਨਾਲ ਤੇਜ਼ਧਾਰ ਹਥਿਆਰ ਬੰਨ੍ਹੇ ਹੋਏ ਸਨ।

ਇਹ ਵੀ ਪੜ੍ਹੋ : 8ਵੀਂ ਪਾਸ ਕੈਫੇ ਮਾਲਕ ਨੇ ਕਰ ’ਤਾ ਵੱਡਾ ਕਾਂਡ, ਪੂਰਾ ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

PunjabKesari

ਸੀ. ਸੀ. ਟੀ. ਵੀ. ਫੁਟੇਜ ਦੇਖਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਫੈਲ ਗਈ ਅਤੇ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਥਾਣਾ ਨੰਬਰ 8 ਦੀ ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਲਈ। ਥਾਣਾ ਨੰਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਨੇ ਕਿਹਾ ਕਿ ਉਹ ਮੁਲਜ਼ਮਾਂ ਦੀ ਪਛਾਣ ਕਰਵਾਉਣ ਵਿਚ ਜੁਟੇ ਹੋਏ ਹਨ। ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ ਥਾਣਾ ਨੰਬਰ 1 ਦੀ ਪੁਲਸ ਵੀ ਮੁਲਜ਼ਮਾਂ ਨੂੰ ਟਰੇਸ ਕਰਨ ਵਿਚ ਲੱਗੀ ਹੋਈ ਹੈ।

ਸੇਠ ਹੁਕਮ ਚੰਦ ਕਾਲੋਨੀ ਵਿਚ ਜਦੋਂ ਗਿਰੋਹ ਦੇ ਮੈਂਬਰ ਘਰਾਂ ਵਿਚ ਦਾਖ਼ਲ ਹੋਏ ਸਨ ਤਾਂ ਸਥਾਨਕ ਲੋਕਾਂ ਨੇ ਥਾਣਾ ਨੰਬਰ 1 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਥਾਣਾ ਨੰਬਰ 1 ਦੇ ਇੰਚਾਰਜ ਜਤਿੰਦਰ ਸਿੰਘ ਨੇ ਕਿਹਾ ਕਿ ਉਹ ਵੀ ਮੁਲਜ਼ਮਾਂ ਦੀ ਭਾਲ ਕਰ ਰਹੇ ਹਨ ਅਤੇ ਰਾਤ ਦੇ ਸਮੇਂ ਪੈਟਰੋਲਿੰਗ ਵਧਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਇਸ ਕੱਛਾ ਗਿਰੋਹ ਨੂੰ ਗਦਾਈਪੁਰ ਵਿਚ ਦੇਖਿਆ ਗਿਆ ਸੀ, ਜਿਸ ਦੇ ਬਾਅਦ ਤੋਂ ਲਗਾਤਾਰ 3 ਦਿਨਾਂ ਤੋਂ ਗਿਰੋਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਦੇਖੇ ਗਏ। ਹਾਲਾਂਕਿ ਉਨ੍ਹਾਂ ਅਜੇ ਤਕ ਕਿਸੇ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ। ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਆਪਣੀ ਫੋਰਸ ਨੂੰ ਰਾਤ ਦੇ ਸਮੇਂ ਪੈਟਰੋਲਿੰਗ ਵਧਾਉਣ ਦੇ ਹੁਕਮ ਦਿੱਤੇ ਹਨ ਅਤੇ ਜਲਦ ਤੋਂ ਜਲਦ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।

 ਪ੍ਰੋਫੈਸ਼ਨਲ ਗਿਰੋਹ ਕਿਤੇ ਸ਼ਹਿਰ ’ਚ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਦੇਵੇ : ਕੇ. ਡੀ. ਭੰਡਾਰੀ

ਇਸ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਕੇ. ਡੀ. ਭੰਡਾਰੀ ਨੇ ਕਿਹਾ ਕਿ ਇਸ ਗਿਰੋਹ ਨੇ ਜਿਸ ਤਰ੍ਹਾਂ ਆਪਣੇ ਕੋਲ ਤੇਜ਼ਧਾਰ ਹਥਿਆਰ ਰੱਖੇ ਹੋਏ ਹਨ, ਉਸ ਤੋਂ ਸਾਫ਼ ਹੈ ਕਿ ਉਕਤ ਗਿਰੋਹ ਪ੍ਰੋਫੈਸ਼ਨਲ ਹੈ। ਕਿਤੇ ਇਹ ਗਿਰੋਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਦੇਵੇ, ਜਿਸ ਕਰ ਕੇ ਪੁਲਸ ਨੂੰ ਜਲਦ ਤੋਂ ਜਲਦ ਇਸ ਗਿਰੋਹ ਨੂੰ ਕਾਬੂ ਕਰਨਾ ਹੋਵੇਗਾ। ਉਨ੍ਹਾਂ ਸ਼ੰਕਰ ਗਾਰਡਨ ਵਿਚ ਹੋਈ ਵਾਰਦਾਤ ਤੋਂ ਬਾਅਦ ਸੀ. ਪੀ. ਕੁਲਦੀਪ ਸਿੰਘ ਚਾਹਲ ਨੂੰ ਵੀ ਸੂਚਿਤ ਕੀਤਾ ਸੀ ਅਤੇ ਉਨ੍ਹਾਂ ਨੂੰ ਵੀ ਸੀ. ਸੀ. ਟੀ. ਵੀ. ਫੁਟੇਜ ਦੇ ਦਿੱਤੀ ਸੀ, ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਜਲਦ ਗਿਰੋਹ ਪੁਲਸ ਦੇ ਸ਼ਿਕੰਜੇ ਵਿਚ ਹੋਵੇਗਾ।

ਕੇ. ਡੀ. ਭੰਡਾਰੀ ਨੇ ਵੱਖ-ਵੱਖ ਸੋਸਾਇਟੀਆਂ ਦੇ ਪ੍ਰਧਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸਕਿਓਰਿਟੀ ਗਾਰਡ ਰੱਖਣ, ਜਿਹੜੇ ਰਾਤ ਦੇ ਸਮੇਂ ਚੌਕਸੀ ਨਾਲ ਡਿਊਟੀ ਦੇਣ ਅਤੇ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਸਕਿਓਰਿਟੀ ਗਾਰਡ ਰੱਖੇ ਹੋਏ ਹਨ ,ਉਨ੍ਹਾਂ ਨੂੰ ਚੌਕੰਨੇ ਹੋ ਕੇ ਡਿਊਟੀ ਦੇਣ ਦੀਆਂ ਹਦਾਇਤਾਂ ਜਾਰੀ ਕਰਨ।


Manoj

Content Editor

Related News