ਕਰਨਲ ਬਾਠ ਮਾਮਲੇ ’ਚ CBI ਵੱਲੋਂ ਚਾਰ ਪੁਲਸ ਅਫ਼ਸਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

Friday, Dec 26, 2025 - 07:37 AM (IST)

ਕਰਨਲ ਬਾਠ ਮਾਮਲੇ ’ਚ CBI ਵੱਲੋਂ ਚਾਰ ਪੁਲਸ ਅਫ਼ਸਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਮੋਹਾਲੀ (ਜੱਸੀ) : ਸੀ. ਬੀ. ਆਈ. ਵੱਲੋਂ ਪਟਿਆਲਾ ਦੀ ਬਹੁਚਰਚਿਤ ਘਟਨਾ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਦੀ ਕੁੱਟਮਾਰ ਦੇ ਮਾਮਲੇ ’ਚ ਮੋਹਾਲੀ ਵਿਚਲੀ ਸੀ. ਬੀ. ਆਈ. ਦੀ ਅਦਾਲਤ ਦੇ ਵਿਸ਼ੇਸ਼ ਜੱਜ ਕਰਨਵੀਰ ਸਿੰਘ ਮਾਝੂ ਦੀ ਅਦਾਲਤ ’ਚ ਪੰਜਾਬ ਪੁਲਸ ਦੇ ਚਾਰ ਪੁਲਸ ਅਧਿਕਾਰੀਆਂ ਇੰਸਪੈਕਟਰ ਰੌਨੀ ਸਿੰਘ ਮੁੱਖ ਮੁਲਜ਼ਮ ਵਜੋਂ (ਪਹਿਲਾਂ ਸਮਾਣਾ ਵਿਖੇ ਤਾਇਨਾਤ ਐੱਸ.ਐੱਚ.ਓ.), ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ (ਪਹਿਲਾਂ ਇੰਚਾਰਜ਼ ਸਪੈਸ਼ਲ ਸੈੱਲ ਪਟਿਆਲਾ), ਇੰਸਪੈਕਟਰ ਹੈਰੀ ਬੋਪਾਰਾਏ (ਪਹਿਲਾਂ ਸਪੈਸ਼ਲ ਸੈੱਲ ਰਾਜਪੁਰਾ ’ਚ ਤੈਨਾਤ) ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਇਸ ਮਾਮਲੇ ’ਚ ਪਹਿਲਾਂ ਪੰਜਾਬ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਪਰ ਕਰਨਲ ਬਾਠ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਜਾਂਚ ਠੀਕ ਢੰਗ ਨਾਲ ਨਾ ਹੋਣ ਦਾ ਖਦਸ਼ਾ ਜਤਾਉਂਦਿਆਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਹਾਈਕੋਰਟ ਵੱਲੋਂ ਇਸ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਸ ਨੂੰ ਸੌਂਪੀ ਗਈ ਸੀ। ਇਸ ਦੌਰਾਨ ਚਾਰਾਂ ਪੁਲਸ ਅਧਿਕਾਰੀਆਂ ਨੂੰ ਪਹਿਲਾਂ ਮੁਅੱਤਲ ਕੀਤਾ ਗਿਆ ਅਤੇ ਬਾਅਦ ’ਚ ਉਨ੍ਹਾਂ ਨੂੰ ਪਟਿਆਲਾ ਜ਼ਿਲ੍ਹੇ ਤੋਂ ਬਾਹਰ ਤਬਦੀਲ ਕਰ ਦਿੱਤਾ ਗਿਆ ਸੀ। ਸੀ.ਬੀ.ਆਈ. ਵੱਲੋਂ ਇਸ ਮਾਮਲੇ ’ਚ ਚਾਰਾਂ ਪੁਲਸ ਅਫ਼ਸਰਾਂ ਖ਼ਿਲਾਫ਼ ਧਾਰਾ-109, 310, 155(2), 117(2), 126(2), 351(2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਕੀ ਸੀ ਮਾਮਲਾ 
ਕਰਨਲ ਪੁਸ਼ਪਿੰਦਰ ਸਿੰਘ ਬਾਠ ਦਾ ਮਾਮਲਾ 13-14 ਮਾਰਚ 2025 ਦੀ ਰਾਤ ਨੂੰ ਸ਼ੁਰੂ ਹੋਇਆ ਸੀ, ਜਦੋਂ ਪਟਿਆਲਾ ’ਚ ਪਾਰਕਿੰਗ ਵਿਵਾਦ ਤੋਂ ਬਾਅਦ ਪੰਜਾਬ ਪੁਲਸ ਦੇ ਅਧਿਕਾਰੀਆਂ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਲੜਕੇ ’ਤੇ ਹਮਲਾ ਕੀਤਾ ਸੀ। ਕਰਨਲ ਬਾਠ ਵੱਲੋਂ ਪੁਲਸ ਅਫ਼ਸਰਾਂ ਨੂੰ ਆਪਣੇ-ਆਪ ਨੂੰ ਇਕ ਫ਼ੌਜੀ ਅਧਿਕਾਰੀ ਵਜੋਂ ਪਛਾਣ ਦੱਸਣ ਦੇ ਬਾਵਜੂਦ ਉਨ੍ਹਾਂ ਦੀ ਬਾਂਹ ਟੁੱਟ ਗਈ ਸੀ ਅਤੇ ਉਨ੍ਹਾਂ ਦੇ ਪੁੱਤਰ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਸਥਾਨਕ ਪੁਲਸ ’ਤੇ ਦਾਗ਼ੀ ਅਫ਼ਸਰਾਂ ਦੀ ਜਾਂਚ ਅਤੇ ਸ਼ੁਰੂਆਤੀ ਪਰਦਾ ਪਾਉਣ ਦੇ ਦੋਸ਼ ਲੱਗਣ ਤੋਂ ਬਾਅਦ ਇਕ ਲੰਬੀ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਸੀ। ਸਾਬਕਾ ਸੈਨਿਕ ਸਮੂਹਾਂ ਦੇ ਜਨਤਕ ਰੋਸ ਅਤੇ ਦਖ਼ਲ ਅੰਦਾਜ਼ੀ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਖ਼ਰਕਾਰ ਜੁਲਾਈ 2025 ’ਚ ਜਾਂਚ ਸੀ. ਬੀ. ਆਈ. ਨੂੰ ਤਬਦੀਲ ਕਰ ਦਿੱਤੀ। ਇਸ ਮਾਮਲੇ ’ਚ ਕਰਨਲ ਬਾਠ ਦਾ ਪਰਿਵਾਰ ਰੱਖਿਆ ਮੰਤਰੀ, ਮੁੱਖ ਮੰਤਰੀ ਪੰਜਾਬ, ਗਵਰਨਰ ਪੰਜਾਬ ਤੱਕ ਨੂੰ ਮਿਲ ਕੇ ਇਨਸਾਫ ਦੀ ਗੁਹਾਰ ਲਗਾ ਚੁੱਕਾ ਸੀ।


author

Babita

Content Editor

Related News