ਟਾਂਡਾ ''ਚ ਖਾਣ ਪੀਣ ਵਾਲੀਆਂ ਵਸਤਾਂ ਦੇ ਸਿਹਤ ਟੀਮ ਨੇ ਸੈਂਪਲ ਭਰੇ
Wednesday, Oct 01, 2025 - 06:40 PM (IST)

ਟਾਂਡਾ ਉੜਮੁੜ (ਮੋਮੀ)-ਤਿਉਹਾਰਾਂ ਦੇ ਮੌਸਮ ਵਿੱਚ ਖਾਣ-ਪੀਣ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੂਡ ਸੇਫਟੀ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਖ਼ਾਸ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦਿਲਰਾਜ ਸਿੰਘ ਆਈ. ਏ. ਐੱਸ. ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਆਈ. ਏ. ਐੱਸ. ਦੇ ਹੁਕਮਾਂ ਹੇਠ, ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਬੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਅਫ਼ਸਰ ਮੁਨੀਸ਼ ਸੋਢੀ ਅਤੇ ਟੀਮ ਨੇ ਟਾਂਡਾ ਖੇਤਰ ਵਿੱਚ ਅਚਨਚੇਤ ਚੈਕਿੰਗ ਕੀਤੀ।
ਇਸ ਦੌਰਾਨ ਵੱਖ-ਵੱਖ ਖਾਣ-ਪੀਣ ਵਾਲੀਆਂ ਚੀਜ਼ਾਂ ਦੇ 5 ਸੈਂਪਲ ਭਰੇ ਗਏ, ਜਿਨ੍ਹਾਂ ਵਿੱਚ ਚਾਪ ਦਾ ਇਕ, ਪਨੀਰ ਦੇ ਦੋ ਅਤੇ ਦੁੱਧ ਦੇ ਦੋ ਸੈਂਪਲ ਸ਼ਾਮਲ ਹਨ। ਇਹ ਸਾਰੇ ਸੈਂਪਲ ਜਾਂਚ ਲਈ ਫੂਡ ਸੇਫਟੀ ਲੈਬ ਖਾਰੜ ਭੇਜੇ ਗਏ ਹਨ ਅਤੇ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਤਿਉਹਾਰਾਂ ਦੌਰਾਨ ਲੋਕ ਵਧੇਰੇ ਤੌਰ ‘ਤੇ ਸੋਇਆ ਚਾਪ ਅਤੇ ਹੋਰ ਤਿਆਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਬਦਲੇਗਾ ਮੌਸਮ! 5 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ, ਜਾਣੋ ਕਦੋ ਪਵੇਗਾ ਮੀਂਹ
ਚਾਪ ਜਲਦੀ ਖ਼ਰਾਬ ਹੋਣ ਵਾਲੀ ਵਸਤੂ ਹੈ। ਜੇ ਇਸ ਨੂੰ ਸਹੀ ਤਾਪਮਾਨ ‘ਤੇ ਨਾ ਰੱਖਿਆ ਜਾਵੇ ਜਾਂ ਸਾਫ਼-ਸੁਥਰੇ ਤਰੀਕੇ ਨਾਲ ਤਿਆਰ ਨਾ ਕੀਤਾ ਜਾਵੇ, ਤਾਂ ਇਹ ਸਿਹਤ ਲਈ ਖ਼ਤਰਾ ਪੈਦਾ ਕਰ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਖੁੱਲ੍ਹੀ, ਬਿਨਾਂ ਪੈਕਿੰਗ ਵਾਲੀ ਜਾਂ ਗੰਦਗੀ ਵਾਲੀ ਥਾਂ ਤੋਂ ਖ਼ਰੀਦੀ ਗਈ ਚਾਪ ਦੀ ਵਰਤੋਂ ਨਾ ਕਰੋ। ਚਾਪ ਖ਼ਰੀਦਦੇ ਸਮੇਂ ਇਸ ਦੀ ਤਾਜ਼ਗੀ, ਸੁਗੰਧ ਅਤੇ ਰੰਗ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਇਸਨੂੰ ਕਮਰੇ ਦੇ ਤਾਪਮਾਨ ‘ਤੇ ਲੰਮੇ ਸਮੇਂ ਤੱਕ ਨਾ ਰੱਖਿਆ ਜਾਵੇ।
ਫੂਡ ਸੇਫਟੀ ਟੀਮ ਨੇ ਜਾਂਚ ਦੌਰਾਨ ਲੋਕਾਂ ਨੂੰ ਤਿਉਹਾਰਾਂ ਦੇ ਸੀਜ਼ਨ ਵਿੱਚ ਖਾਣ-ਪੀਣ ਨੂੰ ਲੈ ਕੇ ਸਾਵਧਾਨ ਰਹਿਣ ਲਈ ਜਾਗਰੂਕ ਕੀਤਾ। ਟੀਮ ਨੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਲਾਇਸੈਂਸਸ਼ੁਦਾ ਅਤੇ ਭਰੋਸੇਯੋਗ ਵਿਕਰੇਤਾਵਾਂ ਤੋਂ ਹੀ ਚਾਪ, ਪਨੀਰ ਅਤੇ ਦੁੱਧ ਖਰੀਦਣ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਤਾਜ਼ੇ ਅਤੇ ਸੁਰੱਖਿਅਤ ਖਾਣ-ਪੀਣ ਦੀ ਵਰਤੋਂ ਕਰਨ ਅਤੇ ਸੜਕਾਂ ‘ਤੇ ਖੁੱਲ੍ਹੀਆਂ ਜਾਂ ਬਸੀ ਚੀਜ਼ਾਂ ਤੋਂ ਬਚਣ। ਟੀਮ ਨੇ ਇਹ ਵੀ ਕਿਹਾ ਕਿ ਤਿਉਹਾਰਾਂ ਦੀਆਂ ਖੁਸ਼ੀਆਂ ਸਿਹਤਮੰਦ ਅਤੇ ਸੁਰੱਖਿਅਤ ਭੋਜਨ ਨਾਲ ਹੀ ਮਨਾਈਆਂ ਜਾਣ।
ਇਹ ਵੀ ਪੜ੍ਹੋ: ਜਲੰਧਰ ਵਾਸੀ ਸਾਵਧਾਨ! ਰੈੱਡ ਲਾਈਟ ਜੰਪ, ਜ਼ੈਬਰਾ ਕਰਾਸਿੰਗ ਤੇ ਰਾਂਗ ਸਾਈਡ ਐਂਟਰੀ ’ਤੇ ਈ-ਚਲਾਨ ਦਾ ਫੋਕਸ
ਫੂਡ ਸੇਫਟੀ ਅਫ਼ਸਰ ਮੁਨੀਸ਼ ਸੋਢੀ ਨੇ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਸ ਐਕਟ (FSSAI) ਦੇ ਨਿਯਮਾਂ ਅਨੁਸਾਰ ਖਾਣ-ਪੀਣ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਵਪਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਮਿਆਰੀ ਮਾਪਦੰਡਾਂ ਤੋਂ ਘੱਟ ਗੁਣਵੱਤਾ ਵਾਲੀਆਂ ਚੀਜ਼ਾਂ ਵੇਚਣਗੇ, ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਸਿਹਤ ਡਾ. ਜਤਿੰਦਰ ਭਾਟੀਆ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰਾਂ ਦੇ ਦੌਰਾਨ ਸੁਰੱਖਿਅਤ ਅਤੇ ਗੁਣਵੱਤਾ ਵਾਲੇ ਭੋਜਨ ਦੀ ਵਰਤੋਂ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਕਰਨ ਅਤੇ ਸਾਫ਼-ਸੁਥਰੇ ਤਰੀਕੇ ਨਾਲ ਤਿਆਰ ਕੀਤੀਆਂ ਵਸਤਾਂ ਨੂੰ ਹੀ ਤਰਜੀਹ ਦੇਣ।
ਇਹ ਵੀ ਪੜ੍ਹੋ: MLA ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈਕੋਰਟ ਤੋਂ ਵੱਡਾ ਝਟਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8