ਜਿਮਖਾਨਾ ਐਗਜ਼ੀਕਿਊਟਿਵ ਬਾਲੀ ਅਤੇ ਸੁਮਿਤ ਨਾਲ ਹੋਈ ਬਦਸਲੂਕੀ ਦਾ  ਭਖਿਆ ਮਾਮਲਾ

01/03/2020 11:30:34 AM

ਜਲੰਧਰ (ਖੁਰਾਣਾ): ਜਿਮਖਾਨਾ ਕਲੱਬ ਨੂੰ ਪਤਵੰਤੇ ਪਰਿਵਾਰਾਂ ਦੀਆਂ ਸਰਗਰਮੀਆਂ ਦਾ ਕੇਂਦਰ ਕਿਹਾ ਜਾਂਦਾ ਹੈ, ਜਿੱਥੇ ਸ਼ਹਿਰ ਦੇ ਇਲੀਟ ਵਰਗ ਨਾਲ ਸਬੰਧਤ 4300 ਪਰਿਵਾਰ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦੀ ਵਰਤੋਂ ਕਰਦੇ ਹਨ।

ਸ਼ਹਿਰ ਦਾ ਇਕਲੌਤਾ ਕਲੱਬ ਹੋਣ ਕਾਰਣ ਇਸ ਦੀਆਂ ਸਰਗਰਮੀਆਂ ਹਮੇਸ਼ਾ ਹੀ ਸ਼ਹਿਰ 'ਚ ਚਰਚਾ ਦਾ ਕੇਂਦਰ ਬਣਦੀਆਂ ਰਹੀਆਂ ਹਨ। ਜਿਮਖਾਨਾ ਵਿਚ ਹੋਣ ਵਾਲੇ ਪ੍ਰੋਗਰਾਮਾਂ ਨੂੰ ਲੈ ਕੇ ਵੀ ਇਕ ਖਾਸ ਆਕਰਸ਼ਣ ਹਮੇਸ਼ਾ ਰਿਹਾ ਹੈ। ਇਸ ਸਾਲ ਵੀ ਨਵੇਂ ਸਾਲ ਮੌਕੇ ਜਿਮਖਾਨਾ ਕਲੱਬ ਨੇ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਪਰ ਇਹ ਆਯੋਜਨ ਆਪਣੇ ਪਿੱਛੇ ਕਈ ਵਿਵਾਦ ਛੱਡ ਗਿਆ।
ਸਭ ਤੋਂ ਵੱਡਾ ਵਿਵਾਦ ਜੋ ਸ਼ਾਇਦ ਜਿਮਖਾਨਾ ਕਲੱਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ, ਇਸ ਵਾਰ ਜਿਮਖਾਨਾ ਦੇ ਸਟਾਫ ਨੇ ਕਲੱਬ ਦੇ ਚੁਣੇ ਹੋਏ ਐਗਜ਼ੀਕਿਊਟਿਵ ਮੈਂਬਰਾਂ ਨਾਲ ਹੀ ਬਦਸਲੂਕੀ ਕੀਤੀ। ਅਜਿਹੀਆਂ ਦੋ ਘਟਨਾਵਾਂ ਨਵੇਂ ਸਾਲ ਦੇ ਪ੍ਰੋਗਰਾਮ 'ਚ ਐਂਟਰੀ ਦੌਰਾਨ ਕਲੱਬ ਦੇ ਰਿਸੈਪਸ਼ਨ ਏਰੀਏ ਵਿਚ ਹੋਈਆਂ। ਪਹਿਲੀ ਘਟਨਾ 'ਚ ਜਿਮਖਾਨਾ ਦੇ ਸੀਨੀਅਰ ਐਗਜ਼ੀਕਿਊਟਿਵ ਮੈਂਬਰ ਐੱਮ. ਬੀ. ਬਾਲੀ ਨੂੰ ਉਸ ਸਮੇਂ ਜ਼ਲੀਲ ਹੋਣਾ ਪਿਆ ਜਦੋਂ ਐਂਟਰੀ ਗੇਟ 'ਤੇ ਖੜ੍ਹੇ ਕਲੱਬ ਦੇ ਮੈਂਬਰ ਮੋਹਿਤ ਨੇ ਉਸ ਸਮੇਂ ਬਾਲੀ ਦਾ ਹੱਥ ਫੜ ਲਿਆ ਜਦੋਂ ਬਾਲੀ ਦੇ ਨਾਲ ਇਕ ਕਪਲ ਐਂਟਰੀ ਕਰਨ ਲੱਗਾ। ਬਾਲੀ ਨੇ ਮੋਹਿਤ ਦੀਆਂ ਕਾਫੀ ਮਿੰਨਤਾਂ ਵੀ ਕੀਤੀਆਂ ਪਰ ਉਸ ਨੇ ਧੱਕੇ ਨਾਲ ਬਾਲੀ ਨੂੰ ਰੋਕੀ ਰੱਖਿਆ ਅਤੇ ਅੰਦਰ ਨਹੀਂ ਜਾਣ ਦਿੱਤਾ। ਇਸ ਘਟਨਾ ਤੋਂ ਬਾਅਦ ਐੱਮ. ਬੀ. ਬਾਲੀ ਦੀਆਂ ਅੱਖਾਂ 'ਚ ਹੰਝੂ ਕਲੱਬ ਦੇ ਕਈ ਮੈਂਬਰਾਂ ਨੇ ਵੇਖੇ ਅਤੇ ਕਾਫੀ ਦੇਰ ਤੱਕ ਬਾਲੀ ਇਸ ਘਟਨਾ ਨੂੰ ਭੁਲਾ ਨਹੀਂ ਸਕੇ ਅਤੇ ਦੁਖੀ ਰਹੇ।

ਅਜਿਹੀ ਹੀ ਦੂਜੀ ਘਟਨਾ ਵੀ ਕਲੱਬ ਦੇ ਰਿਸੈਪਸ਼ਨ ਏਰੀਏ 'ਚ ਹੋਈ, ਜਿੱਥੇ ਉਸ ਸਮੇਂ ਕਾਫੀ ਮੈਂਬਰ ਤੇ ਗੈਸਟ ਖੜ੍ਹੇ ਸਨ। ਕਲੱਬ ਦੇ ਐਗਜ਼ੀਕਿਊਟਿਵ ਮੈਂਬਰ ਸੁਮਿਤ ਸ਼ਰਮਾ ਨੇ ਜਦੋਂ ਆਪਣੇ ਕਜ਼ਨ ਦੇ ਨਾਲ ਲਾਬੀ 'ਚ ਐਂਟਰੀ ਕੀਤੀ ਤਾਂ ਕਲੱਬ ਕਰਮਚਾਰੀ ਠਾਕੁਰ ਨੇ ਸੁਮਿਤ ਨੂੰ ਜਬਰੀ ਰੋਕ ਲਿਆ। ਸੁਮਿਤ ਨੇ ਵੀ ਕਾਫੀ ਮਿੰਨਤਾਂ ਕੀਤੀਆਂ ਅਤੇ ਆਪਣੀ ਪੋਸਟ ਦਾ ਹਵਾਲਾ ਵੀ ਦਿੱਤਾ ਪਰ ਉਸ ਸਮੇਂ ਵੀ ਕਲੱਬ ਕਰਮਚਾਰੀ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਇਨ੍ਹਾਂ ਦੋਵਾਂ ਘਟਨਾਵਾਂ ਦੀ ਪੂਰੇ ਪ੍ਰੋਗਰਾਮ ਦੌਰਾਨ ਚਰਚਾ ਰਹੀ।

ਲਗਾਤਾਰ ਤੀਜੀ ਵਾਰ ਜਿੱਤ ਕੇ ਆਏ ਹਨ ਬਾਲੀ ਅਤੇ ਸੁਮਿਤ
ਹਰ ਚੋਣ 'ਚ ਜਿਮਖਾਨਾ ਦੇ 10 ਐਗਜ਼ੀਕਿਊਟਿਵ ਮੈਂਬਰ ਚੁਣੇ ਜਾਂਦੇ ਹਨ। ਇਸ ਵਾਰ ਨਿਤਿਨ ਬਹਿਲ, ਗੁਣਦੀਪ ਸੋਢੀ, ਹਰਪ੍ਰੀਤ ਗੋਲਡੀ, ਜਗਜੀਤ ਕੰਬੋਜ ਅਤੇ ਰਾਜੀਵ ਬਾਂਸਲ ਆਦਿ ਪਹਿਲੀ ਵਾਰ ਚੋਣਾਂ ਜਿੱਤੇ ਹਨ ਪਰ ਐੱਮ. ਬੀ. ਬਾਲੀ ਅਤੇ ਸੁਮਿਤ ਸ਼ਰਮਾ ਲਗਾਤਾਰ ਤੀਜੀ ਵਾਰ ਜਿੱਤ ਕੇ ਐਗਜ਼ੀਕਿਊਟਿਵ ਮੈਂਬਰ ਬਣੇ ਹਨ। ਕਰੀਬ 4 ਮਹੀਨੇ ਪਹਿਲਾਂ ਹੋਈਆਂ ਚੋਣਾਂ 'ਚ ਬਾਲੀ ਨੇ 1066 ਅਤੇ ਸੁਮਿਤ ਨੇ ਵੀ 1000 ਦੇ ਕਰੀਬ ਵੋਟਾਂ ਹਾਸਲ ਕੀਤੀਆਂ ਸਨ। ਦੋਵਾਂ ਨੂੰ ਹੀ ਕਲੱਬ ਦੀਆਂ ਵੱਖ-ਵੱਖ ਕਮੇਟੀਆਂ ਦਾ ਲੰਬਾ ਤਜਰਬਾ ਹੈ ਅਤੇ ਦੋਵੇਂ ਹੀ ਸ਼ਾਂਤ ਅਤੇ ਚੰਗੇ ਸੁਭਾਅ ਦੇ ਮੰਨੇ ਜਾਂਦੇ ਹਨ। ਹੋਰ ਤਾਂ ਹੋਰ ਐੱਮ. ਬੀ. ਬਾਲੀ ਇਸ ਸਮੇਂ ਬਾਰ ਕਮੇਟੀ ਦੇ ਚੇਅਰਮੈਨ ਹਨ ਅਤੇ ਨਾਲ ਹੀ ਹੈਲਥ ਕਲੱਬ, ਆਊਟਡੋਰ ਸਪੋਰਟਸ, ਕਾਰਡਰੂਮ ਅਤੇ ਡਿਸਪੋਜ਼ਲ 'ਚ ਵੀ ਮੈਂਬਰ ਹਨ। ਸੁਮਿਤ ਸ਼ਰਮਾ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਜਿਮਖਾਨਾ ਦੀ ਸਭ ਤੋਂ ਅਹਿਮ ਪਰਚੇਜ਼ ਐਂਡ ਕੰਸਟ੍ਰੱਕਸ਼ਨ ਕਮੇਟੀ ਦੇ ਚੇਅਰਮੈਨ ਹਨ ਅਤੇ ਨਾਲ ਹੀ ਬਾਰ ਕਮੇਟੀ, ਹੈਲਥ ਕਲੱਬ, ਇਨਡੋਰ ਸਪੋਰਟਸ ਕਮੇਟੀ 'ਚ ਵੀ ਮੈਂਬਰ ਹਨ। ਕਲੱਬ 'ਚ ਚਰਚਾ ਹੈ ਕਿ ਜੇਕਰ ਇਨ੍ਹਾਂ ਦੋ ਚੁਣੇ ਹੋਏ ਅਹੁਦੇਦਾਰਾਂ ਨਾਲ ਕਲੱਬ 'ਚ ਬਦਸਲੂਕੀ ਹੋ ਸਕਦੀ ਹੈ ਤਾਂ ਕੱਲ ਨੂੰ ਜਿਮਖਾਨਾ 'ਚ ਕੁਝ ਵੀ ਅਜਿਹਾ ਸੰਭਵ ਹੈ। ਅਜਿਹੀ ਚਰਚਾ ਕਰਨ ਵਾਲੇ ਮੰਨਦੇ ਹਨ ਕਿ ਜੇਕਰ ਬਾਲੀ ਅਤੇ ਸੁਮਿਤ ਕਿਸੇ ਨਿਯਮ ਖਿਲਾਫ ਜਾ ਵੀ ਰਹੇ ਸਨ ਤਾਂ ਸਟਾਫ ਨੂੰ ਤਹਿਜ਼ੀਬ ਵਿਖਾਉਂਦਿਆਂ ਬਾਅਦ 'ਚ ਜਾਂ ਵੱਖਰੇ ਤੌਰ 'ਤੇ ਉਨ੍ਹਾਂ ਨਾਲ ਗੱਲ ਕਰ ਲੈਣੀ ਚਾਹੀਦੀ ਸੀ। ਜਨਤਕ ਤੌਰ 'ਤੇ ਉਨ੍ਹਾਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਸੀ।

ਨਵੇਂ ਸਾਲ ਦੇ ਪ੍ਰੋਗਰਾਮ 'ਚ 'ਅਪ ਟੂ ਦਿ ਮਾਰਕ' ਨਹੀਂ ਰਿਹਾ
ਜਿਮਖਾਨਾ ਕਲੱਬ 'ਚ ਇਸ ਵਾਰ ਨਵੇਂ ਸਾਲ ਮੌਕੇ ਸਿੰਫਨੀ ਬੈਂਡ, ਡੀ. ਜੇ. ਅਨਾ, ਡਾਂਸ ਟਰੂਪ ਅਤੇ ਫਾਇਰ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਤੇ ਅੰਦਾਜ਼ਨ ਸਿਰਫ ਇਕ ਸਟੇਜ ਪਰਫਾਰਮੈਂਸ 'ਤੇ ਹੀ 9 ਲੱਖ ਤੋਂ ਵੱਧ ਖਰਚ ਆਇਆ ਪਰ ਇਸ ਦੇ ਬਾਵਜੂਦ ਜ਼ਿਆਦਾਤਰ ਕਲੱਬ ਮੈਂਬਰ ਮੰਨਦੇ ਹਨ ਕਿ ਪ੍ਰੋਗਰਾਮ ਅਪ ਟੂ ਦਿ ਮਾਰਕ ਨਹੀਂ ਰਿਹਾ। ਪਰਫਾਰਮੈਂਸ ਕੋਈ ਖਾਸ ਨਾ ਹੋਣ ਕਾਰਣ ਹੀ ਪੂਰੇ ਪ੍ਰੋਗਰਾਮ ਦੌਰਾਨ ਪੰਡਾਲ 'ਚ ਲੱਗੀਆਂ ਸੈਂਕੜੇ ਕੁਰਸੀਆਂ ਖਾਲੀ ਰਹੀਆਂ। ਮੰਨਿਆ ਜਾ ਰਿਹਾ ਹੈ ਕਿ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਕਲੱਬ ਦੇ ਪ੍ਰਧਾਨ ਅਤੇ ਡਵੀਜ਼ਨਲ ਕਮਿਸ਼ਨਰ ਬੀ. ਪੁਰੂਸ਼ਾਰਥਾ ਵੀ ਪ੍ਰੋਗਰਾਮ ਤੋਂ ਕੋਈ ਜ਼ਿਆਦਾ ਖੁਸ਼ ਨਹੀਂ ਦਿਸੇ। ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ ਵੀ ਤਜਰਬੇਕਾਰ ਹੱਥਾਂ 'ਚ ਨਾ ਹੋਣ ਕਾਰਣ ਕਈ ਵਾਰ ਗੜਬੜ ਹੋਈ।


Shyna

Content Editor

Related News