ਰੋਡਵੇਜ਼ ਦਾ ਇੰਸਪੈਕਟਰ ਬਣ ਕੇ ਸਾਥੀਆਂ ਸਣੇ ਜਾਲਸਾਜ਼ੀ ਕਰਕੇ ਲੁੱਟੇ 2.10 ਲੱਖ ਰੁਪਏ
Saturday, Jul 09, 2022 - 06:53 PM (IST)
 
            
            ਨਵਾਂਸ਼ਹਿਰ (ਤ੍ਰਿਪਾਠੀ)- ਅਪਰਾਧਕ ਕਿਸਮ ਦੇ ਲੋਕ ਧੋਖਾਧੜ੍ਹੀ ਅਤੇ ਜਾਲਸਾਜ਼ੀ ਕਰਕੇ ਕਿਸ ਤਰ੍ਹਾਂ ਭੋਲੇ ਭਾਲੇ ਲੋਕਾਂ ਦੀ ਲੁੱਟ ਖੋਹ ਕਰਦੇ ਹਨ, ਇਸ ਦੀ ਤਾਜ਼ਾ ਉਦਾਹਰਨ ਥਾਣਾ ਕਾਠਗੜ੍ਹ ਵਿਖੇ ਦਰਜ ਇਕ ਮਾਮਲੇ ਵਿਚ ਸਾਹਮਣੇ ਆਇਆ ਹੈ। ਇਸ ਵਿਚ ਪੰਜਾਬ ਰੋਡਵੇਜ਼ ਦਾ ਇੰਸਪੈਕਟਰ ਬਣ ਕੇ ਟਾਇਰਾਂ ਦੀ ਹੋ ਰਹੀ ਨੀਲਾਮੀ ਦੇ ਬਹਾਨੇ ਹਿਮਾਚਲ ਵਾਸੀ ਪੁਰਾਣੇ ਟਾਇਰਾਂ ’ਤੇ ਰਬੜ੍ਹ ਚੜ੍ਹਾਉਣ ਵਾਲੇ 2 ਵਿਅਕਤੀਆਂ ਨੂੰ ਬੁਲਾ ਕੇ ਹੋਰ ਸਾਥੀਆਂ ਨਾਲ ਹਥਿਆਰਾਂ ਵਰਗੀ ਕੋਈ ਵਸਤੂ ਵਿਖਾ ਕੇ 2.10 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਿੰਦਰ ਕੁਮਾਰ ਪੁੱਤਰ ਕਾਂਸ਼ੀ ਰਾਮ ਵਾਸੀ ਪਿੰਡ ਨੌਰਸ ਥਾਣਾ ਝੰਡੂਤਾ ਜ਼ਿਲ੍ਹਾ ਬਿਲਾਸਪੁਰ (ਹਿ. ਪ੍ਰ.) ਨੇ ਦੱਸਿਆ ਕਿ ਉਹ ਪਿੰਡ ਦਧੌਲ ਵਿਖੇ ਟਾਇਰਾਂ ’ਤੇ ਰਬੜ੍ਹ ਚੜ੍ਹਾਉਣ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ ਉਸ ਕੋਲ ਇਕ ਵਿਅਕਤੀ ਆਇਆ, ਜਿਸ ਨੇ ਆਪਣਾ ਨਾਂ ਗੁਰਪ੍ਰੀਤ ਸਿੰਘ ਦੱਸਦੇ ਹੋਏ ਕਿਹਾ ਕਿ ਉਹ ਪੰਜਾਬ ਰੋਡਵੇਜ਼ ਵਿਖੇ ਇੰਸਪੈਕਟਰ ਦੇ ਤੌਰ ’ਤੇ ਕੰਮ ਕਰਦਾ ਹੈ। ਉਨ੍ਹਾਂ ਦੇ ਰੋਪੜ ਅਤੇ ਨਵਾਂਸ਼ਹਿਰ ਡੀਪੂ ਵਿਖੇ 10 ਜੁਲਾਈ ਨੂੰ ਟਾਇਰਾਂ ਦੀ ਬੋਲੀ ਰੱਖੀ ਗਈ ਹੈ ਅਤੇ ਤੁਸੀਂ ਪਹਿਲਾ ਆ ਕੇ ਟਾਇਰਾਂ ਦੀ ਜਾਂਚ ਕਰਕੇ ਪੈਸੇ ਜਮਾਂ ਕਰਵਾ ਦਿਓ।
ਇਹ ਵੀ ਪੜ੍ਹੋ: ਪੁਲਸ ਛਾਉਣੀ 'ਚ ਤਬਦੀਲ ਹੋਈ ਜਲੰਧਰ ਦੀ 120 ਫੁੱਟੀ ਰੋਡ, ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਈ ਸਰਚ ਮੁਹਿੰਮ
ਉਸ ਨੇ ਦੱਸਿਆ ਕਿ ਉਕਤ ਗੁਰਪ੍ਰੀਤ ਸਿੰਘ ਨੇ ਉਸ ਨੂੰ ਆਪਣਾ ਮੋਬਾਇਲ ਨੰਬਰ ਦਿੱਤਾ, ਜਿਸ ’ਤੇ ਉਹ ਉਸ ਦੇ ਸੰਪਰਕ ਵਿਚ ਬਣਿਆ ਰਿਹਾ ਅਤੇ ਸ਼ੁੱਕਰਵਾਰ ਨੂੰ ਉਸ ਨੇ ਉਸ ਨੂੰ ਰੋਪੜ ਬੁਲਾ ਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਕਾਲ ’ਤੇ ਉਹ ਆਪਣੀ ਗੱਡੀ ਬੈਗਨਆਰ ਅਤੇ ਉਸ ਦੇ ਇਕ ਹੋਰ ਸਾਥੀ ਉੱਧਮ ਸਿੰਘ ਵਾਸੀ ਬੜਸਰ (ਹਿ.ਪ੍ਰ.) ਆਪਣੀ ਮਹਿੰਦਰਾ ਗੱਡੀ ਨਾਲ ਰੋਪੜ ਪਹੁੰਚ ਗਏ। ਉਕਤ ਵਿਅਕਤੀ ਨੇ ਉਨ੍ਹਾਂ ਨੂੰ ਕਾਠਗੜ੍ਹ ਬੁਲਾਇਆ ਅਤੇ ਆਪਣੀ ਗੱਡੀਆਂ ਨੂੰ ਪੈਟਰੋਲ ਪੰਪ ’ਤੇ ਲਗਵਾ ਕੇ ਆਪਣੇ ਨਾਲ ਆਪਣੀ ਸਵਿੱਫਟ ਗੱਡੀ ਵਿਚ ਬਿਠਾ ਲਿਆ। ਕਰੀਬ 1 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਪਿੱਛੇ ਤੋਂ ਇਕ ਇਨੋਵਾ ਗੱਡੀ ਆਈ, ਜਿਸ ਨੇ ਉਨ੍ਹਾਂ ਦੇ ਅੱਗੇ ਗੱਡੀ ਲਗਾ ਕੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ ਅਤੇ ਉਸ ਵਿੱਚੋਂ ਇਕ ਵਰਦੀ ਧਾਰੀ ਵਿਅਕਤੀ ਹੇਠਾਂ ਉਤਰਿਆ, ਜਿਸ ਨੇ ਸਵਿੱਫਟ ਗੱਡੀ ਤੋਂ ਉਤਾਰ ਕੇ ਇਨੋਵਾ ਵਿਚ ਬਿਠਾ ਲਿਆ ਅਤੇ ਨਵਾਂਸ਼ਹਿਰ ਵੱਲ ਤੁਰ ਪਏ।
ਇਹ ਵੀ ਪੜ੍ਹੋ: ਜਲੰਧਰ: ਨਸ਼ਾ ਸਮੱਗਲਰਾਂ ਖ਼ਿਲਾਫ਼ SSP ਦਾ ਵੱਡਾ ਐਕਸ਼ਨ, ਦਿਨ ਚੜ੍ਹਦਿਆਂ ਹੀ ਭੋਗਪੁਰ ਵਿਖੇ ਮਾਰੀ ਰੇਡ
ਉਸ ਨੇ ਦੱਸਿਆ ਕਿ ਉਕਤ ਇਨੋਵਾ ਵਿਚ ਚਾਲਕ ਤੋਂ ਅਤੇ ਵਰਦੀਧਾਰੀ ਵਿਅਕਤੀ ਤੋਂ ਇਲਾਵਾ 2 ਹੋਰ ਵਿਅਕਤੀ ਮੌਜੂਦ ਸਨ, ਜਿਨ੍ਹਾਂ ਨੇ ਉਸ ਤੋਂ 60 ਹਜ਼ਾਰ ਰੁਪਏ ਅਤੇ ਉੱਧਮ ਸਿੰਘ ਤੋਂ 1.50 ਲੱਖ ਰੁਪਏ ਅਤੇ ਉਨ੍ਹਾਂ ਦੇ ਮੋਬਾਇਲ ਫੋਨ ਖੋਹ ਲਏ। ਉਸਨੇ ਦੱਸਿਆ ਕਿ ਉਕਤ ਲੁਟੇਰਿਆਂ ਨੇ ਉਸ ਨੂੰ ਪਿੰਡ ਕੁਲਾਮ ਦੇ ਨੇੜੇ ਅਤੇ ਉਸ ਦੇ ਸਾਥੀ ਨੂੰ ਥੋੜ੍ਹਾ ਅੱਗੇ ਲੈ ਜਾ ਕੇ ਉਤਾਰ ਦਿੱਤਾ ਅਤੇ ਇਸ ਦੌਰਾਨ ਉਨ੍ਹਾਂ ਦੇ ਮੋਬਾਇਲ ਫੋਨ ਵਾਪਸ ਕਰ ਦਿੱਤੇ। ਥਾਣਾ ਕਾਠਗੜ੍ਹ ਦੀ ਪੁਲਸ ਨੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਅਣਪਛਾਤੇ ਸਾਥੀਆਂ ਦੇ ਖ਼ਿਲਾਫ਼ ਧਾਰਾ 420,379-ਬੀ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਬਾਦਸਤੂਰ ਜਾਰੀ, ਸਮੱਗਲਰਾਂ ਨੂੰ ਮਿਲਦੈ VIP ਟਰੀਟਮੈਂਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            