ਸੀਨੀਅਰ ਸਿਟੀਜ਼ਨ NRI ਨੇ ਨਿੱਜੀ ਬੈਂਕ ਦੇ ਮੈਨੇਜਰ 'ਤੇ ਲਾਇਆ 14 ਲੱਖ ਦੀ ਠੱਗੀ ਦਾ ਦੋਸ਼

01/29/2020 12:54:45 PM

ਲੋਹੀਆਂ ਖਾਸ (ਮਨਜੀਤ)— ਲੋਹੀਆਂ ਬਲਾਕ ਦੇ ਪਿੰਡ ਕੰਗ ਕਲਾਂ ਦੇ 81 ਸਾਲਾ ਸੀਨੀਅਰ ਸਿਟੀਜ਼ਨ ਅਤੇ ਐੱਨ. ਆਰ. ਆਈ. ਅਜੀਤ ਸਿੰਘ ਪੁੱਤਰ ਬਿਸ਼ਨ ਸਿੰਘ ਵੱਲੋਂ ਹੁਸੈਨਪੁਰ ਜ਼ਿਲਾ ਕਪੂਰਥਲਾ ਦੇ ਇਕ ਨਿੱਜੀ ਬੈਂਕ ਦੇ ਮੈਨੇਜਰ 'ਤੇ ਦੋਸ਼ ਲਾਉਂਦਿਆਂ ਜਾਅਲੀ ਦਸਤਖਤ ਕਰਕੇ 14 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ। ਦੋਸ਼ ਲਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਸਾਲ 2010 'ਚ ਲੋਹੀਆਂ ਵਿਖੇ ਐੱਚ. ਡੀ. ਐੱਫ. ਸੀ. ਬੈਂਕ 'ਚ ਖਾਤਾ ਖੁੱਲ੍ਹਵਾਇਆ ਸੀ ਅਤੇ ਉਸ ਸਮੇਂ ਕਲਰਕ ਵਜੋਂ ਡਿਊਟੀ ਨਿਭਾਅ ਰਹੇ ਅਮਿਤ ਕੁਮਾਰ ਬੱਲ ਨਾਮਕ ਵਿਅਕਤੀ ਨਾਲ ਕਾਫੀ ਨੇੜਤਾ ਹੋ ਗਈ ਅਤੇ ਜਦੋਂ 2017-18 'ਚ ਅਮਿਤ ਕੁਮਾਰ ਬੱਲ ਤਰੱਕੀ ਪਾ ਕੇ ਮੈਨੇਜਰ ਬਣ ਕੇ ਹੁਸੈਨਪੁਰ ਜ਼ਿਲਾ ਕਪੂਰਥਲਾ ਦੀ ਬਰਾਂਚ 'ਚ ਮੈਨੇਜਰ ਲੱਗ ਗਿਆ ਤਾਂ ਉਸ ਨੇ ਮੈਨੂੰ ਉਥੇ ਖਾਤਾ ਖੁੱਲ੍ਹਵਾਉਣ ਲਈ ਜ਼ੋਰ ਪਾਇਆ ਤਾਂ ਮੈਂ 3 ਅਪ੍ਰੈਲ 2019 ਨੂੰ ਖਾਤਾ ਖੁੱਲ੍ਹਵਾ ਕੇ ਅਗਲੇ ਹੀ ਦਿਨ 4 ਅਪ੍ਰੈਲ ਨੂੰ ਵਿਦੇਸ਼ ਚਲਾ ਗਿਆ।

ਘਰ ਚੈੱਕ-ਬੁੱਕ ਦੇਣ ਆਇਆ ਤਾਂ ਲਿਫਾਫਾ ਖੁੱਲ੍ਹਾ ਸੀ
ਅਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਮੈਂ ਵਿਦੇਸ਼ੋਂ ਵਾਪਸ ਆਇਆ ਤਾਂ ਅਮਿਤ ਕੁਮਾਰ ਖੁਦ ਮੇਰੇ ਘਰ ਚੈੱਕ-ਬੁੱਕ ਦੇਣ ਆਇਆ ਤਾਂ ਲਿਫਾਫੇ ਦੀ ਸੀਲ ਖੁੱਲ੍ਹੀ ਸੀ। ਮੇਰੇ ਕੋਲ ਬੈਠੇ ਮੇਰੇ ਇਕ ਦੋਸਤ ਨੇ ਚੈੱਕ ਕਰਨ ਲਈ ਕਿਹਾ ਪਰ ਮੈਂ ਅਮਿਤ 'ਤੇ ਵਿਸ਼ਵਾਸ ਕਰਦੇ ਹੋਏ ਚੈੱਕ-ਬੁੱਕ ਬਿਨਾਂ ਚੈੱਕ ਕੀਤੇ ਹੀ ਰੱਖ ਲਈ ਪਰ ਜਦੋਂ 21 ਜਨਵਰੀ ਨੂੰ ਆਪਣੇ ਘਰੇਲੂ ਕੰਮ ਲਈ ਰੁਪਏ ਚਾਹੀਦੇ ਸਨ ਤਾਂ ਮੈਂ ਅਮਿਤ ਕੁਮਾਰ ਬੱਲ ਕੋਲ ਹੁਸੈਨਪੁਰ ਜਾ ਕੇ 8 ਲੱਖ ਰੁਪਏ ਕਢਵਾਉਣ ਲੱਗਾ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਖਾਤੇ 'ਚ ਤਾਂ ਸਿਰਫ 75 ਹਜ਼ਾਰ ਦੇ ਕਰੀਬ ਹੀ ਰੁਪਏ ਹਨ, ਜਿਸ 'ਤੇ ਮੈਂ ਅਮਿਤ ਕੁਮਾਰ ਨੂੰ ਕਿਹਾ ਕਿ ਮੇਰੇ ਖਾਤੇ 'ਚ ਤਾਂ 15 ਲੱਖ ਰੁਪਏ ਦੇ ਕਰੀਬ ਸੀ ਤਾਂ ਅਮਿਤ ਕੁਮਾਰ ਮੈਨੂੰ ਲਾਅਰੇ ਲਾਉਣ ਲੱਗ ਪਿਆ ਕਿ ਚੈੱਕ ਕਰ ਕੇ ਦੱਸਦਾ ਹਾਂ ਕਿ ਤੁਹਾਡੇ ਰੁਪਏ ਕਿੱਥੇ ਹਨ। ਫਿਰ ਕਹਿਣ ਲੱਗਾ ਕਿ ਤੁਸੀਂ ਚੈੱਕ ਨੰ. 000003 ਅਤੇ 000004 ਕਿਸੇ ਅਜ਼ੀਜ਼ ਅਹਿਮਦ ਵਾਸੀ ਬੈਂਗਲੁਰੂ ਨੂੰ ਦਿੱਤੇ ਹਨ, ਜਿਸ ਨੇ 14 ਲੱਖ ਰੁਪਏ ਕਢਵਾਏ ਹਨ।

ਮੈਂ ਸੁਣ ਕੇ ਹੈਰਾਨ ਰਹਿ ਗਿਆ ਕਿ ਮੈਂ ਤਾਂ ਕਿਸੇ ਅਜ਼ੀਜ਼ ਅਹਿਮਦ ਨੂੰ ਜਾਣਦਾ ਤੱਕ ਨਹੀਂ ਤਾਂ ਮੈਂ ਉਸ ਨੂੰ ਚੈੱਕ ਕਿੱਥੋਂ ਦੇ ਦਿੱਤੇ। ਫਿਰ ਜਦੋਂ ਮੈਂ ਅਮਿਤ ਕੁਮਾਰ ਨੂੰ ਦਬਾਅ ਪਾ ਕੇ ਚੈੱਕ ਦੀਆਂ ਕਾਪੀਆਂ ਮੰਗੀਆਂ ਤਾਂ ਉਸ ਨੇ ਜਦੋਂ ਮੈਨੂੰ ਚੈੱਕ ਦੀਆਂ ਕਾਪੀਆਂ ਦਿਖਾਈਆਂ, ਜਿਨ੍ਹਾਂ 'ਤੇ ਮੇਰੇ ਜਾਅਲੀ ਦਸਤਖ਼ਤ ਕਰ ਕੇ 14 ਲੱਖ ਰੁਪਏ ਕਢਵਾਏ ਹੋਏ ਸਨ। ਮੈਂ ਅਮਿਤ ਕੁਮਾਰ ਨੂੰ ਕਿਹਾ ਕਿ ਤੇਰੇ ਤੋਂ ਬਿਨਾਂ ਮੈਂ ਕਿਸੇ ਨੂੰ ਚੈੱਕ-ਬੁੱਕ ਨਹੀਂ ਦਿੱਤੀ ਅਤੇ ਜਦੋਂ ਤੂੰ ਮੈਨੂੰ ਘਰ ਚੈੱਕ-ਬੁੱਕ ਦਾ ਲਿਫਾਫਾ ਦਿੱਤਾ ਸੀ ਤਾਂ ਉਹ ਖੁੱਲ੍ਹਾ ਸੀ, ਤੂੰ ਹੀ ਮੇਰੇ ਚੈੱਕ ਅਜ਼ੀਜ਼ ਅਹਿਮਦ ਨੂੰ ਦੇ ਕੇ ਮੇਰੇ ਜਾਅਲੀ ਦਸਤਖਤ ਕਰਕੇ ਮੇਰੇ ਖਾਤੇ 'ਚੋਂ 14 ਲੱਖ ਰੁਪਏ ਕਢਵਾਏ ਹਨ। ਅਜੀਤ ਸਿੰਘ ਨੇ ਦੱਸਿਆ ਕਿ ਅਮਿਤ ਕੁਮਾਰ ਵੱਲੋਂ ਜਾਣਬੁਝ ਕੇ ਮੇਰੇ ਮੋਬਾਇਲ ਨੰਬਰ ਨੂੰ ਵੀ ਮੇਰੇ ਖਾਤੇ ਨਾਲ ਨਹੀਂ ਜੋੜਿਆ।

ਮਾਮਲਾ ਪਹੁੰਚਿਆਂ ਐੱਸ. ਐੱਸ. ਪੀ. ਕਪੂਰਥਲਾ ਅਤੇ ਬੈਂਕ ਦੇ ਹੈੱਡ ਆਫਿਸ ਮੁੰਬਈ
ਅਜੀਤ ਸਿੰਘ ਪੁੱਤਰ ਬਿਸ਼ਨ ਸਿੰਘ ਨੇ ਅਮਿਤ ਕੁਮਾਰ ਖਿਲਾਫ ਲਿਖਤੀ ਸ਼ਿਕਾਇਤ ਕਰਦੇ ਹੋਏ ਮੰਗ ਕੀਤੀ ਹੈ ਕਿ ਧੋਖੇ ਨਾਲ ਉਸ ਦੇ ਖਾਤੇ 'ਚੋਂ ਕਢਵਾਏ ਪੈਸੇ ਵਿਆਜ ਸਮੇਤ ਵਾਪਸ ਕਰਵਾਏ ਜਾਣ। ਦੂਜੇ ਪਾਸੇ ਜਦੋਂ ਇਸ ਬਾਰੇ ਅਮਿਤ ਕੁਮਾਰ ਬੱਲ ਨਾਲ ਗੱਲ ਕਰਨੀ ਚਾਹੀ ਤਾਂ ਪਹਿਲਾਂ ਤਾਂ ਉਸ ਨੇ ਫੋਨ ਬੰਦ ਕਰ ਲਿਆ, ਫਿਰ ਕਹਿੰਦਾ ਕਿ ਜਾਂਚ ਚੱਲ ਰਹੀ ਹੈ, ਜਲਦ ਹੀ ਸਭ ਸਾਫ ਹੋ ਜਾਵੇਗਾ, ਜਦਕਿ ਇਸ ਬਾਰੇ ਐੱਚ. ਡੀ. ਐੱਫ. ਸੀ. ਬੈਂਕ ਦੇ ਕੋਆ. ਕਮਿਊਨੀਕੇਸ਼ਨ ਆਫਿਸ ਮੁੰਬਈ ਦੇ ਇਕ ਅਧਿਕਾਰੀ ਰਜੀਵ ਬੈਨਰਜੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਕ ਸਵਾਲ ਦੇ ਜਵਾਬ 'ਚ ਉਸ ਨੇ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਟਾਈਮ ਕਿੰਨਾ ਲੱਗੇਗਾ।


shivani attri

Content Editor

Related News