ਜਾਅਲੀ ਹਸਤਾਖਰ ਕਰਕੇ NRI ਦੇ ਖਾਤੇ ''ਚੋਂ ਕੱਢਵਾਏ 19.82 ਲੱਖ

11/24/2019 1:22:20 PM

ਕਪੂਰਥਲਾ/ਸੁਲਤਾਨਪੁਰ ਲੋਧੀ (ਭੂਸ਼ਣ, ਧੀਰ)— ਧੋਖਾਧੜੀ ਕਰਕੇ ਐੱਨ. ਆਰ. ਆਈ. ਦੇ ਖਾਤੇ 'ਚੋਂ ਲੱਖਾਂ ਰੁਪਏ ਕੱਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ 'ਚ ਰਹਿੰਦੇ ਇਕ ਐੱਨ. ਆਰ. ਆਈ. ਦੇ ਬੈਂਕ ਚੈੱਕ 'ਤੇ ਜਾਅਲੀ ਹਸਤਾਖਰ ਕਰਕੇ ਉਸ ਦੇ ਸੇਵਿੰਗ ਬੈਂਕ ਅਕਾਊਂਟ 'ਚੋਂ 19.82 ਲੱਖ ਰੁਪਏ ਦੀ ਰਕਮ ਕਢਵਾਉਣ ਦੇ ਮਾਮਲੇ 'ਚ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਇਕ ਮੁਲਜ਼ਮ ਖਿਲਾਫ ਧਾਰਾ 420, 467, 468, 474 ਅਤੇ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਨਾਗਰ ਸਿੰਘ ਵਾਸੀ ਪਿੰਡ ਬਿਦੀਪੁਰ ਨੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਅਮਰੀਕਾ 'ਚ ਰਹਿੰਦਾ ਸੀ ਉਸ ਨੇ ਕੁਝ ਮਹੀਨੇ ਪਹਿਲਾਂ ਪਿੰਡ ਕਲਾੜਕਲਾਂ ਵਿਚ ਆਪਣੇ ਕੋਲਡ ਸਟੋਰ ਨੂੰ ਵੇਚਿਆ ਸੀ। ਜਿਸ ਦੌਰਾਨ ਉਸ ਨੂੰ ਬਿਆਨੇ 'ਚ 35 ਲੱਖ ਰੁਪਏ ਦੀ ਰਕਮ ਮਿਲੀ ਸੀ। ਉਸ ਨੇ ਇਹ ਰਕਮ ਪੰਜਾਬ ਨੈਸ਼ਨਲ ਬੈਂਕ ਹੁਸੈਨਪੁਰ ਵਿਚ ਆਪਣੇ ਸੇਵਿੰਗ ਅਕਾਊਂਟ 'ਚ ਜਮ੍ਹਾ ਕਰਵਾ ਦਿੱਤੀ ਸੀ । ਜਿਸ ਦੇ ਬਾਅਦ ਉਹ ਅਮਰੀਕਾ ਵਾਪਸ ਚੱਲਿਆ ਗਿਆ ਸੀ।

ਪਿਛਲੇ ਦਿਨੀਂ ਉਸ ਦੀਆਂ ਲੜਕੀਆਂ ਭਾਰਤ ਆਈਆਂ ਸਨ, ਜਿਨ੍ਹਾਂ ਨੂੰ ਸ਼ਾਪਿੰਗ ਕਰਨ ਲਈ ਉਸ ਨੇ ਕੁਲ 12 ਲੱਖ ਰੁਪਏ ਦੇ 2 ਚੈੱਕ ਦਿੱਤੇ ਸਨ। ਜਦੋਂ ਉਸ ਦੀਆਂ ਲੜਕੀਆਂ ਨੇ ਦੋਵੇ ਚੈੱਕ ਬੈਂਕ 'ਚ ਲਾਏ ਤਾਂ ਬੈਂਕ 'ਚੋਂ 19.82 ਲੱਖ ਰੁਪਏ ਦੀ ਰਕਮ ਗਾਇਬ ਪਾਈ ਗਈ। ਜਿਸ ਦੀ ਸੂਚਨਾ ਮਿਲਦੇ ਹੀ ਉਹ ਭਾਰਤ ਆ ਗਿਆ ਜਦੋਂ ਉਸ ਨੇ ਇਸ ਸਬੰਧੀ ਬੈਂਕ ਤੋਂ ਪਤਾ ਕੀਤਾ ਤਾਂ ਉਸਨੂੰ ਪਤਾ ਚਲਿਆ ਕਿ ਬੈਂਕ ਵਿਚ ਇਕ ਚੈੱਕ 'ਤੇ ਹੀ ਅਵਤਾਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਰਾਜਾ ਗਾਰਡਨ ਜਲੰਧਰ ਨੂੰ 19.82 ਲੱਖ ਰੁਪਏ ਦੀ ਰਕਮ ਦੇ ਦਿੱਤੀ ਗਈ ਸੀ। ਉਕਤ ਵਿਅਕਤੀ ਨੇ ਬੈਂਕ ਨੂੰ ਦਿੱਤੇ ਬੈਂਕ ਚੈੱਕ 'ਤੇ ਜਾਅਲੀ ਹਸਤਾਖਰ ਕੀਤੇ ਸਨ। ਅਜੇ ਇਸ ਚੈੱਕ ਨੂੰ ਪਾਸ ਕਰਦੇ ਸਮੇਂ ਬੈਂਕ ਅਫਸਰਾਂ ਨੇ ਉਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਜਿਸ 'ਤੇ ਉਸ ਨੇ ਇਨਸਾਫ ਲਈ ਐੱਸ. ਐੱਸ. ਪੀ. ਤੋਂ ਮੰਗ ਕਰਨੀ ਪਈ ।

ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਪੀ. ਨਾਰਕੋਟਿਕਸ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਅਵਤਾਰ ਸਿੰਘ ਪੁੱਤਰ ਬਲਬੀਰ ਸਿੰਘ 'ਤੇ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ। ਜਿਸ ਦੇ ਆਧਾਰ 'ਤੇ ਮੁਲਜ਼ਮ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਉਥੇ ਹੀ ਜਾਂਚ 'ਚ ਲੱਗੀ ਪੁਲਸ ਟੀਮ ਦਾ ਮੰਨਣਾ ਹੈ ਕਿ ਇਸ ਮਾਮਲੇ 'ਚ ਆਉਣ ਵਾਲੇ ਦਿਨਾਂ 'ਚ ਜਿੱਥੇ ਹੋਰ ਵੀ ਕਈ ਮੁਲਜ਼ਮ ਫਸ ਸਕਦੇ ਹਨ । ਉਥੇ ਹੀ ਇਸ ਪੂਰੇ ਮਾਮਲੇ ਵਿਚ ਸਬੰਧਤ ਬੈਂਕ ਦੇ ਕੁਝ ਕਰਮਚਾਰੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਜਿਸ ਨੂੰ ਲੈ ਕੇ ਕਈ ਸਨਸਨੀਖੇਜ਼ ਖੁਲਾਸੇ ਸਾਹਮਣੇ ਆ ਸਕਦੇ ਹਨ ।


shivani attri

Content Editor

Related News