ਫਰਜ਼ੀ ਟਰੈਵਲ ਏਜੰਟ ਵੱਲੋਂ ਸਾਊਥ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਕੀਤੀ ਲੱਖਾਂ ਦੀ ਠੱਗੀ

Sunday, Aug 25, 2019 - 12:54 PM (IST)

ਫਰਜ਼ੀ ਟਰੈਵਲ ਏਜੰਟ ਵੱਲੋਂ ਸਾਊਥ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਕੀਤੀ ਲੱਖਾਂ ਦੀ ਠੱਗੀ

ਨਵਾਂਸ਼ਹਿਰ (ਤ੍ਰਿਪਾਠੀ)— ਫਰਜ਼ੀ ਟਰੈਵਲ ਏਜੰਟ ਵੱਲੋਂ ਵਰਕ ਪਰਮਿਟ 'ਤੇ ਸਾਊਥ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਅਤੇ ਕਰੀਬ 2 ਸਾਲ ਤੱਕ ਵਿਦੇਸ਼ਾਂ 'ਚ ਲਟਕਾਏ ਰੱਖਣ ਦੇ ਦੋਸ਼ 'ਚ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਏ. ਡੀ. ਜੀ. ਪੀ. ਨੂੰ ਭੇਜੀ ਸ਼ਿਕਾਇਤ 'ਚ 50 ਸਾਲਾ ਜੋਗਾ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਹੇੜੀਆਂ ਨੇ ਦੱਸਿਆ ਕਿ ਉਹ ਵਿਦੇਸ਼ ਜਾ ਕੇ ਕੰਮ ਕਰਨ ਦਾ ਇਛੁੱਕ ਸੀ ਅਤੇ ਕੁਲਵੰਤ ਸਿੰਘ ਪੁੱਤਰ ਮੋਹਨ ਸਿੰਘ ਜਿਸ ਨੇ ਫਿਲੌਰ 'ਚ ਆਪਣਾ ਦਫਤਰ ਖੋਲ੍ਹਿਆ ਹੋਇਆ ਹੈ ਨੂੰ ਨਿੱਜੀ ਤੌਰ 'ਤੇ ਜਾਣਦਾ ਸੀ। ਉਕਤ ਏਜੰਟ ਨੇ ਉਸ ਨੂੰ ਸਾਊਥ ਅਮਰੀਕਾ ਭੇਜ ਕੇ 3 ਸਾਲ ਦਾ ਵਰਕ ਪਰਮਿਟ ਦਿਲਵਾਉਣ ਦਾ ਝਾਂਸਾ ਦੇ ਕੇ 10.50 ਲੱਖ ਰੁਪਏ 'ਚ ਸੌਦਾ ਤਹਿ ਕੀਤਾ ਸੀ। ਉਕਤ ਏਜੰਟ ਨੂੰ ਉਸ ਨੇ 5.50 ਲੱਖ ਰੁਪਏ ਪੇਸ਼ਗੀ ਦੇ ਦਿੱਤੇ ਸਨ। 15 ਦਿਨ ਦੇ ਉਪਰੰਤ ਏਜੰਟ ਨੇ ਉਸ ਨੂੰ ਰਸ਼ੀਆ ਦੇ ਵੀਜ਼ੇ 'ਤੇ ਇਹ ਕਹਿ ਕੇ ਭੇਜ ਦਿੱਤਾ ਕਿ ਉੱਥੋਂ ਉਨ੍ਹਾਂ ਦੇ ਏਜੰਟ ਉਸ ਨੂੰ ਸਾਊਥ ਅਮਰੀਕਾ ਭੇਜਣ ਦਾ ਪ੍ਰਬੰਧ ਕਰਨਗੇ ਅਤੇ ਉਸ ਕੋਲੋਂ 60 ਹਜ਼ਾਰ ਰੁਪਏ ਹੋਰ ਲੈ ਲਏ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਰਸ਼ੀਆ ਦੇ ਮਾਸਕੋ 'ਚ ਕਰੀਬ 2 ਮਹੀਨੇ ਰਿਹਾ ਅਤੇ ਪੂਰਾ ਖਰਚ ਖੁਦ ਕੀਤਾ। ਉੱਥੋਂ ਦੇ ਏਜੰਟ ਨੇ ਉਸ ਕੋਲੋਂ 2 ਹਜ਼ਾਰ ਡਾਲਰ ਵੀ ਲੈ ਲਏ ਅਤੇ 1 ਲੱਖ ਰੁਪਏ ਇੰਡੀਆ ਤੋਂ ਵੀ ਬੈਂਕ ਖਾਤੇ 'ਚ ਟਰਾਂਸਫਰ ਕਰਵਾਏ। ਜਿਸ ਉਪਰੰਤ ਉਸਨੂੰ ਜਾਰਜਿਆ ਭੇਜ ਦਿੱਤਾ ਗਿਆ ਅਤੇ ਉੱਥੇ ਉਹ ਕਰੀਬ 22 ਮਹੀਨੇ ਰਿਹਾ ਜਿਸਦਾ ਖਰਚਾ ਵੀ ਉਸ ਨੂੰ ਖੁਦ ਕਰਨਾ ਪਿਆ। ਉਕਤ ਏਜੰਟਾਂ ਨੇ ਉਸ ਕੋਲੋਂ 10.50 ਲੱਖ ਰੁਪਏ ਲੈਣ ਦੇ ਬਾਅਦ ਵੀ ਨਾ ਤਾਂ ਉਸ ਨੂੰ ਸਾਊਥ ਅਮਰੀਕਾ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਿਸ ਕਰ ਰਹੇ ਹਨ। ਉਕਤ ਏਜੰਟ ਨੂੰ ਪੈਸੇ ਵਾਪਿਸ ਕਰਨ ਦੇ ਲਈ ਵਾਰ-ਵਾਰ ਕਹਿਣ 'ਤੇ ਉਸ ਨੇ 3 ਲੱਖ ਰੁਪਏ ਉਸ ਦੀ ਪਤਨੀ ਦੇ ਬੈਂਕ ਖਾਤੇ 'ਚ ਟਰਾਂਸਫਰ ਕਰ ਦਿੱਤੇ। ਵੀਜ਼ਾ ਖਤਮ ਹੋਣ 'ਤੇ ਉਸ ਨੂੰ ਵਾਪਿਸ ਇੰਡੀਆ ਆਉਣਾ ਪਿਆ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਆਪਣੀ ਰਾਸ਼ੀ ਵਾਪਿਸ ਕਰਵਾਉਣ ਅਤੇ ਏਜੰਟ ਦੇ ਖਿਲਾਫ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕਰਨ ਦੇ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ ਟਰੈਵਲ ਏਜੰਟ ਕੁਲਵੰਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਝਿੰਗੜਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News