ਫਾਇਰ ਬ੍ਰਿਗੇਡ ਨੇ ਆਈਲਟਸ ਸੈਂਟਰ ਚੈੱਕ ਕੀਤੇ ਤਾਂ ਕਈਆਂ ''ਚ ਮਿਲੀਆਂ ਖਾਮੀਆਂ

06/06/2019 12:28:18 PM

ਜਲੰਧਰ (ਵਰੁਣ)— ਸੂਰਤ ਦੇ ਕੋਚਿੰਗ ਸੈਂਟਰ 'ਚ ਹੋਏ ਅਗਨੀਕਾਂਡ ਦੇ ਬਾਅਦ ਫਾਇਰ ਸੇਫਟੀ ਪ੍ਰਬੰਧਾਂ ਨੂੰ ਖੰਗਾਲ ਰਹੀ ਫਾਇਰ ਬ੍ਰਿਗੇਡ ਵਿਭਾਗ ਜਲੰਧਰ ਦੀ ਟੀਮ ਨੂੰ ਆਈਲੈਟਸ ਸੈਂਟਰਾਂ ਦੀ ਚੈਕਿੰਗ ਦੌਰਾਨ ਕਈ ਖਾਮੀਆਂ ਮਿਲੀਆਂ ਹਨ। ਕੁਝ ਅਜਿਹੇ ਸੈਂਟਰ ਵੀ ਹਨ, ਜਿਨ੍ਹਾਂ 'ਚ ਫਾਇਰ ਸੇਫਟੀ ਪ੍ਰਬੰਧ ਸਹੀ ਮਿਲੇ ਪਰ ਜ਼ਿਆਦਾਤਰ ਆਈਲੈਟਸ ਸੈਂਟਰਾਂ 'ਚ ਅੱਗ ਬੁਝਾਉਣ ਲਈ ਯੰਤਰਾਂ ਦੀ ਕਾਫੀ ਕਮੀ ਸੀ। ਇਨ੍ਹਾਂ ਸੈਂਟਰਾਂ ਦੇ ਮਾਲਕਾਂ 'ਤੇ ਸ਼ਿਕੰਜਾ ਕੱਸਣ ਲਈ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਜਲਦੀ ਹੀ ਨੋਟਿਸ ਕੱਢਣ ਦੀ ਤਿਆਰੀ ਵਿਚ ਹੈ। 30 ਮਈ ਨੂੰ ਡਾਇਰੈਕਟਰ ਫਾਇਰ ਸਰਵਿਸਿਜ਼ ਚੰਡੀਗੜ੍ਹ ਵੱਲੋਂ ਪੰਜਾਬ ਭਰ ਦੇ ਨਿਗਮ ਕਮਿਸ਼ਨਰ ਅਤੇ ਸਮੂਹ ਰੀਜਨਲ ਡਿਪਟੀ ਡਾਇਰੈਕਟਰਜ਼ ਨੂੰ ਚਿੱਠੀ ਲਿਖ ਕੇ ਹੁਕਮ ਦਿੱਤੇ ਗਏ ਸਨ ਕਿ ਸਾਰੇ ਆਪਣੇ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ਵਿਚ ਬਣੇ ਮੈਰਿਜ ਪੈਲੇਸਾਂ, ਕੋਚਿੰਗ ਸੈਂਟਰਾਂ, ਹਸਪਤਾਲਾਂ, ਸਕੂਲ, ਸ਼ਾਪਿੰਗ ਮਾਲ, ਸਿਨੇਮਾਘਰਾਂ ਆਦਿ ਸਾਰੀਆਂ ਥਾਵਾਂ 'ਤੇ ਜਿੱਥੇ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ, ਵਿਚ ਜਾ ਕੇ ਫਾਇਰ ਸੇਫਟੀ ਪ੍ਰਬੰਧ ਚੈੱਕ ਕਰਨਗੇ। ਚਿੱਠੀ 'ਚ ਇਹ ਵੀ ਲਿਖਿਆ ਗਿਆ ਸੀ ਕਿ ਜੇਕਰ ਕਿਤੇ ਵੀ ਕੋਈ ਲਾਪਰਵਾਹੀ ਦਿਖਾਈ ਦਿੱਤੀ ਗਈ ਤਾਂ ਉਨ੍ਹਾਂ ਦੇ ਪ੍ਰਬੰਧਕਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਫਾਇਰ ਆਫਿਸਰ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਜਿਨ੍ਹਾਂ-ਜਿਨ੍ਹਾਂ ਸੈਂਟਰਾਂ 'ਚ ਖਾਮੀਆਂ ਮਿਲੀਆਂ ਹਨ, ਉਨ੍ਹਾਂ ਸਾਰਿਆਂ ਨੂੰ ਵੀ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਸਖਤ ਐਕਸ਼ਨ ਵੀ ਲਿਆ ਜਾਵੇਗਾ। ਬਾਕੀ ਦੇ ਸੈਂਟਰਾਂ ਦੀ ਵੀ ਚੈਕਿੰਗ ਲਗਾਤਾਰ ਜਾਰੀ ਰਹੇਗੀ।
30 ਜੂਨ ਨੂੰ ਬਣੇਗੀ ਫਾਈਨਲ ਰਿਪੋਰਟ
ਫਾਇਰ ਅਫਸਰ ਰਜਿੰਦਰ ਸ਼ਰਮਾ ਨੇ ਦੱਸਿਆ ਕਿ 30 ਜੂਨ ਤੱਕ ਸਾਰੇ ਸੈਂਟਰਾਂ 'ਚ ਚੈਕਿੰਗ ਦੇ ਬਾਅਦ ਫਾਈਨਲ ਰਿਪੋਰਟ ਤਿਆਰ ਕਰ ਕੇ ਉਹ ਆਪਣੇ ਅਧਿਕਾਰੀਆਂ ਨੂੰ ਸੌਂਪਣਗੇ। ਰਿਪੋਰਟ ਸੌਂਪਣ ਦੇ ਬਾਅਦ ਅਧਿਕਾਰੀ ਆਪਣੇ ਲੈਵਲ 'ਤੇ ਐਕਸ਼ਨ ਲੈਣਗੇ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੱਸ ਦਈਏ ਕਿ 22 ਮਈ ਨੂੰ ਸੂਰਤ 'ਚ ਇਕ ਕੋਚਿੰਗ ਸੈਂਟਰ 'ਚ ਅੱਗ ਲੱਗ ਗਈ ਸੀ। ਇਸ ਭਿਆਨਕ ਹਾਦਸੇ 'ਚ ਕਈ ਵਿਦਿਆਰਥੀ ਮਾਰੇ ਗਏ ਸਨ।


shivani attri

Content Editor

Related News