ਡਰਾਈਵਿੰਗ ਟੈਸਟ ਸੈਂਟਰ ’ਚ ਸਹੂਲਤਾਂ ਦੀ ਘਾਟ, ਗਰਮੀ ’ਚ ‘ਝੁਲਸ’ ਰਹੇ ਬਿਨੈਕਾਰ

Tuesday, May 14, 2024 - 06:29 PM (IST)

ਡਰਾਈਵਿੰਗ ਟੈਸਟ ਸੈਂਟਰ ’ਚ ਸਹੂਲਤਾਂ ਦੀ ਘਾਟ, ਗਰਮੀ ’ਚ ‘ਝੁਲਸ’ ਰਹੇ ਬਿਨੈਕਾਰ

ਜਲੰਧਰ (ਚੋਪੜਾ) : ਗਰਮੀ ਦੇ ਮੌਸਮ ’ਚ ਆਸਮਾਨ ਤੋਂ ਵਰ੍ਹਦੀ ਅੱਗ ਨਾਲ ਸਭ ਤੋਂ ਜ਼ਿਆਦਾ ਰਿਜਨਲ ਟਰਾਂਸਪੋਰਟ ਆਫਿਸਰ (ਆਰ. ਟੀ. ਓ.) ਅਧੀਨ ਆਉਂਦੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ’ਚ ਲਾਇਸੈਂਸ ਬਣਵਾਉਣ ਲਈ ਆਉਣ ਵਾਲੇ ਬਿਨੈਕਾਰ ‘ਝੁਲਸ’ ਰਹੇ ਹਨ, ਜਿਥੇ ਸਹੂਲਤਾਂ ਦੀ ਘਾਟ ਕਾਰਨ ਬਿਨੈਕਾਰਾਂ ਦੇ ਵਾਹਵਾ ਪਸੀਨੇ ਛੁੱਟ ਰਹੇ ਹਨ। ਸੈਂਟਰ ’ਚ ਲਾਇਸੈਂਸ ਬਣਵਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਬਿਨੈਕਾਰਾਂ ਨੂੰ ਘੰਟਿਆਂਬੱਧੀ ਲਾਈਨਾਂ ’ਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਦੋਪਹੀਆ ਅਤੇ ਚੌਪਹੀਆ ਵਾਹਨਾਂ ਦਾ ਟੈਸਟ ਦੇਣ ਲਈ ਉਨ੍ਹਾਂ ਨੂੰ ਟਰੈਕ ਦੇ ਬਾਹਰ ਬਣੇ ਇਕ ਕਮਰੇ ’ਚ ਜਾ ਕੇ ਆਪਣੇ ਬਿਨੈ-ਪੱਤਰ ਨੂੰ ਪਹਿਲਾਂ ਚੈੱਕ ਕਰਵਾ ਕੇ ਆਨਲਾਈਨ ਫੋਟੋ ਕਰਵਾਉਣੀ ਪੈਂਦੀ ਹੈ। ਕਮਰੇ ਦੇ ਬਾਹਰ ਉਨ੍ਹਾਂ ਨੂੰ ਲਾਈਨ ’ਚ ਲੰਮਾ ਸਮਾਂ ਖੜ੍ਹੇ ਰਹਿਣ ’ਤੇ ਮਜਬੂਰ ਹੋਣਾ ਪੈਂਦਾ ਹੈ ਪਰ ਉਥੇ ਵਿਭਾਗ ਵੱਲੋਂ ਛਾਂ ਦਾ ਕੋਈ ਪ੍ਰਬੰਧ ਨਾ ਕੀਤਾ ਹੋਣ ਕਾਰਨ ਲੋਕ ਝੁਲਸਾ ਦੇਣ ਵਾਲੀ ਗਰਮੀ ’ਚ ਖੜ੍ਹੇ ਹੋਣ ’ਤੇ ਮਜਬੂਰ ਹੁੰਦੇ ਹਨ। ਇੰਨਾ ਹੀ ਨਹੀਂ, ਲਾਇਸੈਂਸ ਬਣਵਾਉਣ ਲਈ ਨੌਜਵਾਨਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਔਰਤਾਂ ਤੇ ਸੀਨੀਅਰ ਸਿਟੀਜ਼ਨ ਵੀ ਮੌਜੂਦ ਹੁੰਦੇ ਹਨ। ਇਸ ਪ੍ਰਕਿਰਿਆ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਿਪਟਾਉਣ ਤੋਂ ਬਾਅਦ ਵੀ ਜਨਤਾ ਦੀਆਂ ਦਿੱਕਤਾਂ ਖ਼ਤਮ ਹੋਣ ਦਾ ਨਾਂ ਨਹੀਂ ਲੈਂਦੀਆਂ। ਫੋਟੋ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਦੋਪਹੀਆ ਅਤੇ ਚੌਪਹੀਆ ਵਾਹਨ ਦਾ ਡਰਾਈਵਿੰਗ ਟੈਸਟ ਕਲੀਅਰ ਕਰਨ ਲਈ ਟਰੈਕ ’ਤੇ ਵਾਹਨ ਚਲਾ ਕੇ ਟੈਸਟ ਦੇਣਾ ਪੈਂਦਾ ਹੈ। ਉਸਦੇ ਲਈ ਵੀ ਹਰੇਕ ਬਿਨੈਕਾਰ ਨੂੰ ਲੰਮਾ ਸਮਾਂ ਆਪਣੀ ਵਾਰੀ ਦੀ ਖੜ੍ਹੇ ਰਹਿ ਕੇ ਉਡੀਕ ਕਰਨ ’ਤੇ ਮਜਬੂਰ ਹੋਣਾ ਪੈਂਦਾ ਹੈ। ਟਰਾਂਸਪੋਰਟ ਵਿਭਾਗ ਨੇ ਹਾਲਾਂਕਿ ਉਕਤ ਸਥਾਨ ’ਤੇ ਸ਼ੈੱਡ ਬਣਾਇਆ ਹੋਇਆ ਹੈ ਪਰ ਉਥੇ ਨਾ ਤਾਂ ਬਿਨੈਕਾਰਾਂ ਦੇ ਬੈਠਣ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਸ਼ੈੱਡ ਵਿਚ ਗਰਮੀ ਤੋਂ ਬਚਾਅ ਲਈ ਪੱਖੇ ਆਦਿ ਲਾਏ ਗਏ ਹਨ। ਅਧਿਕਾਰੀਆਂ ਦਾ ਧਿਆਨ ਜਨਤਾ ਦੀ ਇਸ ਪ੍ਰੇਸ਼ਾਨੀ ਵੱਲ ਨਹੀਂ ਹੈ ਅਤੇ ਹੋਵੇ ਵੀ ਕਿਉਂ ਆਖਿਰ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਖੁਦ ਤਾਂ ਏਅਰਕੰਡੀਸ਼ਨ ਦੀਆਂ ਠੰਢੀਆਂ ਹਵਾਵਾਂ ਦਾ ਆਨੰਦ ਮਾਣਦਿਆਂ ਕੰਮ ਕਰਦੇ ਹਨ ਪਰ ਸਰਕਾਰ ਨੂੰ ਲਾਇਸੈਂਸ ਬਣਵਾਉਣ ਸਬੰਧੀ ਲੱਖਾਂ ਰੁਪਏ ਦਾ ਰੈਵੇਨਿਊ ਇਕੱਠਾ ਕਰ ਕੇ ਦੇਣ ਵਾਲੇ ਵਿਭਾਗ ਵਿਚ ਲੋਕਾਂ ਦੇ ਹਾਲਾਤ ਇੰਨੇ ਤਰਸਯੋਗ ਦਿਖਾਈ ਦਿੰਦੇ ਹਨ ਕਿ ਲੋਕ ਸਹੂਲਤਾਂ ਮੁਹੱਈਆ ਨਾ ਹੋਣ ਕਾਰਨ ਸਰਕਾਰ ਨੂੰ ਨਿੰਦਦੇ ਨਜ਼ਰ ਆਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ :  ਲੋਕ ਸਭਾ ਚੋਣਾਂ : 2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਿਮ ਸੂਚੀ ਜਾਰੀ 

ਜਿਸ ਦਿਨ ਸਰਵਰ ਡਾਊਨ ਹੋਵੇ, ਉਸ ਦਿਨ ਲੋਕਾਂ ਦਾ ਹੁੰਦੈ ਬੁਰਾ ਹਾਲ
ਲਾਇਸੈਂਸ ਬਣਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਉਂਝ ਤਾਂ ਰੋਜ਼ਾਨਾ ਹੀ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ ਪਰ ਜਿਸ ਦਿਨ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਦਾ ਸਰਵਰ ਖਰਾਬ ਜਾਂ ਬੰਦ ਹੋਵੇ, ਉਸ ਦਿਨ ਤਾਂ ਬਿਨੈਕਾਰਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਉਂਝ ਰੋਜ਼ਾਨਾ ਸੈਂਟਰ ’ਤੇ 300 ਤੋਂ ਵੱਧ ਲੋਕ ਲਰਨਿੰਗ ਲਾਇਸੈਂਸ ਅਤੇ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਆਉਂਦੇ ਹਨ ਪਰ ਸਰਵਰ ਖ਼ਰਾਬ ਰਹਿਣ ਵਾਲੇ ਦਿਨ ਤਾਂ ਸੈਂਟਰ ਵਿਚ ਬਿਨੈਕਾਰਾਂ ਦੀ ਤਾਂ ਭਾਰੀ ਭੀੜ ਇਕੱਠੀ ਹੋ ਜਾਂਦੀ ਹੈ ਅਤੇ ਬਿਨੈਕਾਰ ਕਈ-ਕਈ ਘੰਟੇ ਸਰਵਰ ਦੇ ਠੀਕ ਹੋਣ ਦੀ ਉਡੀਕ ਕਰਦੇ ਹਨ। ਬਿਨੈਕਾਰਾਂ ਲਈ ਉਡੀਕ ਕਰਨਾ ਉਨ੍ਹਾਂ ਦੀ ਮਜਬੂਰੀ ਸਾਬਿਤ ਹੁੰਦਾ ਹੈ ਕਿਉਂਕਿ ਲਾਇਸੈਂਸ ਬਣਵਾਉਣ ਲਈ ਉਨ੍ਹਾਂ ਨੂੰ ਪਹਿਲਾਂ ਆਨਲਾਈਨ ਐਪੁਆਇੰਟਮੈਂਟ ਲੈਣੀ ਪੈਂਦੀ ਹੈ ਅਤੇ ਅਕਸਰ ਐਪੁਆਇੰਟਮੈਂਟ ਕਈ-ਕਈ ਦਿਨ ਬਾਅਦ ਦੀ ਮਿਲਦੀ ਹੈ, ਜਿਸ ਕਾਰਨ ਐਪੁਆਇੰਟਮੈਂਟ ਮਿਲਣ ਵਾਲੇ ਦਿਨ ਉਹ ਲਾਇਸੈਂਸ ਬਣਵਾਉਣ ਦੀ ਪ੍ਰਕਿਰਿਆ ਪੂਰੀ ਕੀਤੇ ਬਿਨਾਂ ਵਾਪਸ ਮੁੜ ਗਏ ਤਾਂ ਉਨ੍ਹਾਂ ਨੂੰ ਦੁਬਾਰਾ ਐਪੁਆਇੰਟਮੈਂਟ ਲੈਣੀ ਪਵੇਗੀ।

ਇਹ ਖ਼ਬਰ ਵੀ ਪੜ੍ਹੋ : 6000 ਰੁਪਏ ਦੀ ਰਿਸ਼ਵਤ ਲੈਂਦਾ ਏ. ਐੱਸ. ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਵਿਭਾਗ ਇਕ ਤਰਪਾਲ ਤਕ ਮੁਹੱਈਆ ਕਰਵਾ ਸਕਣ ’ਚ ਨਹੀਂ ਸਮਰੱਥ : ਕਰਣ ਜੱਲੋਵਾਲ
ਪੰਜਾਬ ਵਿਚ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿਚ ਆਉਣ ਵਾਲੀ ‘ਆਪ’ ਸਰਕਾਰ ਦਾ ਵਿਭਾਗ ਬਿਨੈਕਾਰਾਂ ਨੂੰ ਰਾਹਤ ਦੇਣ ਲਈ ਇਕ ਤਰਪਾਲ ਤਕ ਮੁਹੱਈਆ ਕਰਵਾ ਸਕਣ ਵਿਚ ਸਮਰੱਥ ਨਹੀਂ ਹੈ। ਕਾਂਗਰਸੀ ਆਗੂ ਕਰਣ ਜੱਲੋਵਾਲ ਨੇ ਕਿਹਾ ਕਿ ਗਰਮੀ ਤੋਂ ਬਚਾਅ ਲਈ ਵਿਭਾਗ ਵੱਲੋਂ ਕੋਈ ਪ੍ਰਬੰਧ ਨਾ ਕਰਨਾ ਨਿੰਦਣਯੋਗ ਹੈ। ਕਰਣ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਜਨਤਾ ਨੂੰ ਸਰਕਾਰੀ ਸਹੂਲਤਾਂ ਉਨ੍ਹਾਂ ਦੇ ਡੋਰ ਸਟੈੱਪ ’ਤੇ ਦੇਣ ਦਾ ਦਾਅਵਾ ਕਰਦੀ ਹੈ ਪਰ ਉਥੇ ਹੀ ਦੂਜੇ ਪਾਸੇ ਸਰਕਾਰ ਦਫਤਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਜਿਥੇ ਲੋਕਾਂ ਦੇ ਬੈਠਣ ਦਾ ਨਾ ਕੋਈ ਉਚਿਤ ਪ੍ਰਬੰਧ ਹੈ ਅਤੇ ਨਾ ਹੀ ਉਨ੍ਹਾਂ ਲਈ ਕੋਈ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।

ਸਰਕਾਰ ਤੋਂ ਜਲਦ ਮਿਲੇਗੀ ਅਪਰੂਵਲ, ਕੀਤੇ ਜਾਣਗੇ ਸਮੁੱਚੇ ਪ੍ਰਬੰਧ : ਅਮਨਪ੍ਰੀਤ ਸਿੰਘ
ਇਸ ਸਬੰਧ ਵਿਚ ਰਿਜਨਲ ਟਰਾਂਸਪੋਰਟ ਅਥਾਰਿਟੀ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ’ਤੇ ਲਾਇਸੈਂਸ ਬਣਵਾਉਣ ਲਈ ਆਉਣ ਵਾਲੇ ਿਬਨੈਕਾਰਾਂ ਨੂੰ ਆ ਰਹੀਆਂ ਦਿੱਕਤਾਂ ਸਬੰਧੀ ਵਿਭਾਗ ਪੂਰੀ ਤਰ੍ਹਾਂਂ ਚੌਕਸ ਹੈ। ਉਨ੍ਹਾਂ ਕਿਹਾ ਕਿ ਸੈਂਟਰ ਵਿਚ ਸਾਰੇ ਜ਼ਰੂਰੀ ਪ੍ਰਬੰਧਾਂ ਸਬੰਧੀ ਸਰਕਾਰ ਨੂੰ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਅਤੇ ਜਲਦ ਅਪਰੂਵਲ ਮਿਲਣ ਅਤੇ ਫੰਡ ਜਾਰੀ ਹੋਣ ਤੋਂ ਬਾਅਦ ਸੈਂਟਰ ਵਿਚ ਹਰੇਕ ਸਹੂਲਤ ਮੁਹੱਈਆ ਕਰਵਾ ਦਿੱਤੀ ਜਾਵੇਗੀ। ਅਮਨਪ੍ਰੀਤ ਨੇ ਕਿਹਾ ਕਿ ਟਰੈਕ ਦੇ ਬਾਹਰ ਧੁੱਪ ਤੋਂ ਬਚਾ ਅ ਲਈ ਉਹ ਕੱਲ ਹੀ ਕਰਮਚਾਰੀਆਂ ਨੂੰ ਆਰਜ਼ੀ ਪ੍ਰਬੰਧ ਕਰਨ ਲਈ ਕਹਿਣਗੇ।

ਇਹ ਖ਼ਬਰ ਵੀ ਪੜ੍ਹੋ : ਪਾਣੀ ਦੀ ਬੱਚਤ ਲਈ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪੂਸਾ-44 ਕਿਸਮ ਦੀ ਕਾਸ਼ਤ ’ਤੇ ਪਾਬੰਦੀ ਲਾਉਣ ਦਾ ਫੈਸਲਾ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News