ਦਿਨੋ-ਦਿਨ ਮਹਿੰਗੇ ਹੁੰਦੇ ਦੁੱਧ ਨੇ ਗ਼ਰੀਬਾਂ ਦੀ ਚਾਹ ਦਾ ਰੰਗ ਕੀਤਾ ਕਾਲਾ

Sunday, May 21, 2023 - 01:01 PM (IST)

ਦਿਨੋ-ਦਿਨ ਮਹਿੰਗੇ ਹੁੰਦੇ ਦੁੱਧ ਨੇ ਗ਼ਰੀਬਾਂ ਦੀ ਚਾਹ ਦਾ ਰੰਗ ਕੀਤਾ ਕਾਲਾ

ਸੁਲਤਾਨਪੁਰ ਲੋਧੀ (ਧੀਰ)- ਦੇਸ਼ ’ਚ ਮੋਦੀ ਸਰਕਾਰ ਬਣਨ ਤੋਂ ਬਾਅਦ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਹੋਏ ਭਾਰੀ ਵਾਧੇ ਤੋਂ ਇਲਾਵਾ ਘਰਾਂ ’ਚ ਰੋਜ਼ਮਰਾ ਦੀ ਵਰਤੋਂ ਵਾਲੀਆਂ ਹੋਰਨਾਂ ਚੀਜ਼ਾਂ ਦੀ ਹੋਈ ਮਹਿੰਗਾਈ ਜਿੱਥੇ ਡਿੰਘਾ ਪੁੱਟ ਕੇ ਨਹੀ ਛਾਲਾਂ ਮਾਰ ਕੇ ਵਧੀ ਹੈ ਉੱਥੇ ਹੀ ਡੇਅਰੀ ਫਾਰਮਰਾਂ ਅਤੇ ਪਸ਼ੂ ਪਾਲਕਾਂ ਵੱਲੋਂ ਚਾਰਾ ਮਹਿੰਗਾ ਹੋਣ ਜਾਂ ਕੋਈ ਹੋਰ ਬਹਾਨਾ ਬਣਾ ਕੇ ਸਾਲ ’ਚ ਕਈ ਕਈ ਵਾਰ ਦੁੱਧ ਦੇ ਰੇਟ ਵਧਾਏ ਜਾਣ ਕਾਰਨ ਰੋਜ਼ਾਨਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਵਾਲੇ ਗ਼ਰੀਬਾਂ ਦੀ ਪਤੀਲੀ ਦੀ ਚਾਹ ਦਾ ਸਵਾਦ ਕਿਰਕਰਾ ਹੋਣ ਦੇ ਨਾਲ-ਨਾਲ ਹੁਣ ਦੁੱਧ ਮਹਿੰਗਾ ਹੋਣ ਕਾਰਨ ਚਾਹ ਦਾ ਰੰਗ ਵੀ ਕਾਲਾ ਹੋ ਕੇ ਰਹਿ ਗਿਆ ਹੈ।

ਸਥਾਨਕ ਡੇਅਰੀ ਫਾਰਮਰ ਮਾਲਕਾਂ ਨੇ ਮਨਮਰਜ਼ੀ ਦੇ ਰੇਟਾਂ ’ਤੇ ਮਹਿੰਗਾ ਦੁੱਧ ਵੇਚਣ ਲਈ ਯੂਨੀਅਨ ਬਣਾਈ ਹੋਈ ਹੈ, ਜਿਹੜੇ ਸਾਲ ’ਚ ਦੋ-ਦੋ ਵਾਰ ਪਸ਼ੂਆਂ ਦਾ ਚਾਰਾ ਮਹਿੰਗਾ ਹੋਣ ਦਾ ਤਰਕ ਦੇ ਕੇ ਹਰ ਵਾਰ 5 ਰੁਪਏ ਦੁੱਧ ਦਾ ਰੇਟ ਵਧਾ ਦਿੰਦੇ ਹਨ। ਕਰੀਬ ਡੇਢ-ਦੋ ਸਾਲ ਪਹਿਲਾਂ 50 ਰੁਪਏ ਕਿੱਲੋ ਤੱਕ ਵਿਕਣ ਵਾਲਾ ਦੁੱਧ ਅੱਜ-ਕੱਲ 65 ਤੋਂ 70 ਰੁਪਏ ਕਿੱਲੋ ਵਿਕ ਰਿਹਾ ਹੈ।ਬਾਜ਼ਾਰ ’ਚ ਕੁਝ ਅਜਿਹੇ ਦੁੱਧ ਵਿਕ੍ਰੇਤਾ ਵੀ ਹਨ, ਜਿਹੜੇ ਆਪਣਾ ਦੁੱਧ ਇਕ ਨੰਬਰ ਹੋਣ ਦਾ ਦਾਅਵਾ ਕਰਦੇ ਹੋਏ 70 ਤੋਂ 75 ਰੁਪਏ ਕਿੱਲੋ ਤੱਕ ਦੁੱਧ ਵੇਚਦੇ ਹਨ। ਹੁਣ ਇਥੇ ਸਵਾਲ ਇਹ ਖੜ੍ਹਾ  ਹੁੰਦਾ ਹੈ ਕਿ ਜੇਕਰ ਉਨ੍ਹਾਂ ਦਾ ਦੁੱਧ ਸਰਕਾਰ ਦੇ ਨਿਰਧਾਰਿਤ ਮਾਪਦੰਡਾਂ ਮੁਤਾਬਕ ਇਕ ਨੰਬਰ ਹੈ ਫਿਰ ਜਿਹੜੇ ਲੋਕ ਦੁੱਧ 70 ਰੁਪਏ ਤੋਂ ਘੱਟ ਰੇਟ ’ਤੇ ਵੇਚਦੇ ਹਨ, ਉਨ੍ਹਾਂ ਦਾ ਦੁੱਧ ਤਾਂ ਖਰ੍ਹਾ ਨਾ ਹੋ ਕੇ ਘਟੀਆ ਹੋਵੇਗਾ। ਸਗੋਂ ਇਸ ਦੇ ਜਵਾਬ ’ਚ ਦੁੱਧ ਵਿਕ੍ਰੇਤਾ ਆਪੋ-ਆਪਣੇ ਤਰਕ ਦੇ ਰਹੇ ਹਨ ਪਰ ਸਪੱਸ਼ਟ ਜਵਾਬ ਕਿਸੇ ਕੋਲ ਵੀ ਨਹੀਂ। ਇੱਥੇ ਆ ਕੇ ਸਾਡੇ ਸਬੰਧਤ ਫੂਡ ਸੇਫਟੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ, ਜਿਸ ਦੇ ਅਧਿਕਾਰੀ ਇਨ੍ਹਾਂ ਮਿਲਾਵਰਟਖੋਰਾਂ ਨੂੰ ਕਥਿਤ ਨੱਥ ਪਾਉਣ ਦੀ ਬਜਾਏ ਆਪਣੇ ਏਅਰ-ਕੰਡੀਸ਼ਨ ਦਫ਼ਤਰਾਂ ’ਚ ਸਮਾਂ ਗੁਜ਼ਾਰ ਕੇ ਸ਼ਾਮੀ ਵਾਪਸ ਘਰਾਂ ਨੂੰ ਮੁੜ ਜਾਂਦੇ ਹਨ। ਮਿਲਾਵਟੀ ਦੁੱਧ ਵੇਚ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਡੇਅਰੀ ਫਾਰਮਰਾਂ ਬਾਰੇ ਕੁਝ ਲੋਕਾਂ ਦਾ ਤਾਂ ਇਥੋਂ ਤੱਕ ਵੀ ਕਹਿਣਾ ਹੈ ਕਿ ਇਨ੍ਹਾਂ ਦੇ ਨਾਪਤੋਲ ਵਾਲੇ ਕੰਡੇ ਤੇ ਦੁੱਧ ਮਾਪਣ ਵਾਲਾ ਡੱਬਾ ਵੀ ਇਕ ਕਿੱਲੋ ਜਾਂ ਇਕ ਲੀਟਰ ਦੀ ਬਜਾਏ ਕਥਿਤ ਘੱਟ ਹੁੰਦਾ ਹੈ। ਇਹ ਵੀ ਪਤਾ ਚੱਲਿਆ ਹੈ ਕਿ ਡੇਅਰੀ ਫਾਰਮਰਾਂ ਦੇ ਮਾਲਕ ਇਲਾਕੇ ’ਚ ਗਊ ਪਾਲਕਾਂ ਤੋਂ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦੁੱਧ ਖ਼ਰੀਦਣ ਉਪਰੰਤ ਉਕਤ ਦੁੱਧ ’ਚ ਮਿਕਸਿੰਗ ਕਰਕੇ ਉਹੀ ਦੁੱਧ ਖ਼ਪਤਕਾਰਾਂ ਨੂੰ 65 ਤੋਂ 70 ਰੁਪਏ ਕਿੱਲੋ ਤੱਕ ਵੇਚਦੇ ਹਨ।

ਇਹ ਵੀ ਪੜ੍ਹੋ - ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅਖੀਰ ਤੱਕ ਦੁਨੀਆ ’ਚ ਅੱਧੇ ਤੋਂ ਵੀ ਘੱਟ ਰਹਿ ਜਾਣਗੇ ਖੇਤ, ਮੰਡਰਾ ਸਕਦੈ ਵੱਡਾ ਖ਼ਤਰਾ

ਸ਼ਹਿਰ ’ਚ ਵੱਡੀ ਮਾਤਰਾ ’ਚ ਸੁੱਕਾ ਦੁੱਧ ਪਾਊਡਰ ਵੀ ਆਉਂਦਾ ਹੈ ਤੇ ਇਸ ਦਾ ਭਾਅ 200 ਰੁਪਏ ਪ੍ਰਤੀ ਕਿੱਲੋ ਦੱਸਿਆ ਜਾਂਦਾ ਹੈ। ਇਕ ਕਿੱਲੋ ਪਾਊਡਰ ਨਾਲ 10 ਕਿੱਲੋ ਦੁੱਧ ਬਣਦਾ ਹੈ, ਜੋ ਕਿ 20 ਰੁਪਏ ਕਿੱਲੋ ਪੈਂਦਾ ਹੈ। ਦੁੱਧ ਦੀ ਪੈਦਾਵਾਰ ਘੱਟ ਅਤੇ ਖ਼ਪਤ ਵੱਧ ਹੋਣ ਕਾਰਨ ਡੇਅਰੀ ਮਾਲਕ ਸੁੱਕੇ ਦੁੱਧ ਤੋਂ ਅੱਗੇ ਹੀ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਬਣਾਈ ਜਾਂਦੇ ਹਨ। ਲੋਕਾਂ ਦੀ ਮੰਗ ਹੈ ਕਿ ਦੁੱਧ ਦੇ ਰੇਟ ਫਿਕਸ ਕੀਤੇ ਜਾਣ ਤਾਂ ਜੋ ਖਪਤਕਾਰ ਲੁੱਟ ਤੋਂ ਬਚ ਸਕਣ। ਲੋਕਾਂ ਨੂੰ ਚਾਹੀਦਾ ਹੈ ਕਿ ਜ਼ਿਲੇ ’ਚ ਫੂਡ ਟੈਸਟਿੰਗ ਵੈਨ ਤੋਂ ਘੱਟੋ-ਘੱਟ ਦੁੱਧ ਦੀ ਜਾਂਚ ਤਾਂ ਜ਼ਰੂਰ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਹ ਆਪਣੇ ਘਰਾਂ ’ਚ ਅਸਲੀ ਦੁੱਧ ਪੀਂਦੇ ਹਨ ਜਾਂ ਦੁੱਧ ਦੇ ਨਾਂ ’ਤੇ ਹੌਲੀ-ਹੌਲੀ ਅਸਰ ਕਰਨ ਵਾਲਾ ਜ਼ਹਿਰ ਪੀ ਕੇ ਬੀਮਾਰੀਆਂ ਗਲ ਪਾ ਰਹੇ ਹਨ, ਜੇਕਰ ਸਾਡੇ ਜ਼ਿਲ੍ਹਾ ਵਾਸੀ ਇਸ ਫੂਡ ਟੈਸਟਿੰਗ ਵੈਨ ਤੋਂ ਇੱਕਲੇ ਦੁੱਧ ਦੀ ਹੀ ਜਾਂਚ ਕਰਵਾ ਲੈਣ ਤਾਂ ਮਿਲਾਵਟੀ ਤੇ ਜ਼ਹਿਰੀਲਾ ਦੁੱਧ ਵੇਚਣ ਵਾਲੇ ਸਾਰੇ ਦੋਧੀਆਂ ਅਤੇ ਪਸ਼ੂ ਪਾਲਕਾਂ ਦੀ ਪੋਲ ਖੁੱਲ੍ਹ ਜਾਵੇਗੀ। ਉਪਰੋਕਤ ਜਾਂਚ ਰਿਪੋਰਟ ਦੇ ਆਧਾਰ ’ਤੇ ਸਿਹਤ ਵਿਭਾਗ ਨੂੰ ਵੀ ਮਜਬੂਰੀ ਵਸ ਉਕਤ ਦੋਧੀ ਖ਼ਿਲਾਫ਼ ਕਾਰਵਾਈ ਕਰਨ ਪਵੇਗੀ।

ਇਹ ਵੀ ਪੜ੍ਹੋ - ਅਹਿਮ ਖ਼ਬਰ: ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬੰਦ ਰਹੇਗੀ ਬਿਜਲੀ, ਝੱਲਣੀ ਪਵੇਗੀ ਪਰੇਸ਼ਾਨੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

shivani attri

Content Editor

Related News