ਜ਼ਿਲ੍ਹੇ ਦੇ ਮਹਿੰਗੇ ਸਕੂਲ ਦਾ ਵੱਡਾ ਘਪਲਾ! ਮਾਪਿਆਂ ਨੇ ਲਾਏ ਗੰਭੀਰ ਦੋਸ਼
Tuesday, Nov 18, 2025 - 04:55 PM (IST)
ਗੋਨਿਆਣਾ ਮੰਡੀ (ਗੋਰਾ ਲਾਲ) : ਜ਼ਿਲ੍ਹੇ ਦੇ ਸਭ ਤੋਂ ਮਹਿੰਗੇ ਸਕੂਲ 'ਤੇ ਵੱਡੇ ਦੋਸ਼ ਲੱਗੇ ਹਨ ਕਿ ਸਕੂਲ ਨੇ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਪੜ੍ਹ ਰਹੇ 1500 ਤੋਂ ਵੱਧ ਬੱਚਿਆਂ ਤੋਂ ਇਕੱਠੇ 950 ਰੁਪਏ ਪ੍ਰਤੀ ਬੱਚਾ ਐਨੁਅਲ ਫੰਕਸ਼ਨ ਦੇ ਨਾਂ ’ਤੇ ਬਿਨਾਂ ਰਸੀਦ ਵਸੂਲ ਲਏ ਹਨ। ਸਕੂਲ ਪ੍ਰਬੰਧਕਾਂ ਦੀ ਇਹ ਹਰਕਤ ਨਾ ਸਿਰਫ ਮਾਪਿਆਂ ਦੀ ਜੇਬ ’ਤੇ ਡਕੈਤੀ ਦੇ ਬਰਾਬਰ ਹੈ, ਸਗੋਂ ਸਿੱਧੀ ਟੈਕਸ ਚੋਰੀ ਵੀ ਹੈ ਕਿਉਂਕਿ ਸਕੂਲ ਮੈਨੇਜਮੈਂਟ ਨੇ ਇਹ ਰਕਮ ਕਿਸੇ ਵੀ ਰਜਿਸਟਰਡ ਖ਼ਾਤੇ 'ਚ ਨਹੀਂ ਦਿਖਾਈ ਅਤੇ ਨਾ ਹੀ ਮਾਪਿਆਂ ਨੂੰ ਕੋਈ ਕਾਨੂੰਨੀ ਰਸੀਦ ਜਾਰੀ ਕੀਤੀ। ਜਾਣਕਾਰੀ ਦੇ ਮੁਤਾਬਕ ਜਮਾਤ ਨਰਸਰੀ ਤੋਂ ਪੰਜਵੀਂ ਤੱਕ ਕੁੱਲ ਬੱਚੇ ਤਕਰੀਬਨ 1500 ਤੋਂ ਵੱਧ ਹਨ, ਜਿਸ ਕਰਕੇ ਸਕੂਲ ਵੱਲੋਂ ਕੁੱਲ ਰਕਮ ਲੱਖਾਂ 'ਚ ਬਿਨਾ ਕਿਸੇ ਹਿਸਾਬ-ਕਿਤਾਬ ਦੇ ਇਕੱਠੀ ਕਰ ਲਈ ਗਈ ਹੈ। ਇਨ੍ਹਾਂ ਪੈਸਿਆਂ ਦੀ ਨਾ ਤਾਂ ਕੋਈ ਖੁੱਲ੍ਹੀ ਜਾਣਕਾਰੀ ਦਿੱਤੀ ਗਈ ਹੈ ਅਤੇ ਨਾ ਹੀ ਸਕੂਲ ਪ੍ਰਬੰਧਕਾਂ ਨੇ ਮਾਪਿਆਂ ਨੂੰ ਦੱਸਿਆ ਹੈ ਕਿ ਇਸ ਪੈਸੇ ਦਾ ਕੀ ਖ਼ਰਚਾ ਕਰਨਾ ਹੈ।
ਮਾਪਿਆਂ ਅਨੁਸਾਰ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ, ਸਾਲਾਂ ਤੋਂ ਇਹ ਸਕੂਲ ਕਦੇ ਫੰਕਸ਼ਨ, ਕਦੇ ਕੱਪੜਿਆਂ, ਕਦੇ ਲੇਟ ਫ਼ੀਸ, ਕਦੇ ਹੋਰ ਫਾਰਮ ਦੇ ਨਾਂ ’ਤੇ ਅਨੇਕਾਂ ਤਰ੍ਹਾਂ ਦੇ ਖਰਚੇ ਲਾ ਕੇ ਬੱਚਿਆਂ ਤੋਂ ਪੈਸੇ ਵਸੂਲਦਾ ਆ ਰਿਹਾ ਹੈ। ਮਾਪਿਆਂ ਦਾ ਸਿੱਧਾ ਦੋਸ਼ ਹੈ ਕਿ ਹਰ ਵਾਰੀ ਪੈਸੇ ਵਸੂਲਣ ਦਾ ਨਵਾਂ ਬਹਾਨਾ ਬਣਾਇਆ ਜਾਂਦਾ ਹੈ ਪਰ ਕੋਈ ਵੀ ਰਸੀਦ ਨਹੀਂ ਦਿੱਤੀ ਜਾਂਦੀ। ਕਈ ਮਾਪਿਆਂ ਨੇ ਖੁੱਲ੍ਹੇ ਸ਼ਬਦਾਂ 'ਚ ਕਿਹਾ ਕਿ ਜਿਹੜਾ ਸਕੂਲ ਆਪਣੇ ਆਪ ਨੂੰ ਇਲਾਕੇ ਦਾ ਸਭ ਤੋਂ ਵੱਡਾ ਤੇ ਮਾਡਰਨ ਸਕੂਲ ਕਹਿੰਦਾ ਹੈ, ਉਹੀ ਸਿਸਟਮੈਟਿਕ ਤਰੀਕੇ ਨਾਲ ਸਾਡੇ ਬੱਚਿਆਂ ਨੂੰ ਲੁੱਟਣ ਵਿੱਚ ਲੱਗਾ ਪਿਆ ਹੈ। ਮਾਪਿਆਂ ਦਾ ਦੋਸ਼ ਹੈ ਕਿ ਸਕੂਲ ਮੈਨੇਜਮੈਂਟ ਮਾਪਿਆਂ ਨੂੰ ਡਰਾਉਂਦੀ-ਧਮਕਾਉਂਦੀ ਵੀ ਹੈ ਕਿ ਜੇਕਰ ਫ਼ੀਸ ਜਾਂ ਉਨ੍ਹਾਂ ਦੇ ਨਵੇਂ-ਨਵੇਂ ਚਾਰਜ ਨਾ ਭਰੇ ਤਾਂ ਬੱਚੇ ਦੀ ਰੋਲ ਨੰਬਰ ਸਲਿੱਪ, ਨਤੀਜਾ ਜਾਂ ਹੋਮਵਰਕ ਐਪ ਬੰਦ ਕਰ ਦਿੱਤੀ ਜਾਵੇਗੀ। ਮਾਪਿਆਂ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਸਕੂਲ ਮੈਨੇਜਮੈਂਟ ਵੱਲੋਂ ਕਦੇ ਬੱਸ ਫ਼ੀਸ ਵਧਾ ਦਿੱਤੀ ਜਾਂਦੀ ਹੈ, ਕਦੇ ਕਾਪੀ ਕਿਤਾਬਾਂ ਉਨ੍ਹਾਂ ਦੀ ਆਪਣੀ ਦੁਕਾਨ ਤੋਂ ਲੈਣ ਦੀ ਬਲੈਕਮੇਲਿੰਗ ਹੁੰਦੀ ਹੈ ਅਤੇ ਜੇਕਰ ਕੋਈ ਮਾਪੇ ਵਿਰੋਧ ਕਰਨ ਤਾਂ ਉਨ੍ਹਾਂ ਦੇ ਬੱਚੇ ਨੂੰ ਟਾਰਗੇਟ ਕਰਕੇ ਤੰਗ ਕੀਤਾ ਜਾਂਦਾ ਹੈ। ਲੋਕਾਂ ਨੇ ਸਾਫ ਸ਼ਬਦਾਂ 'ਚ ਕਿਹਾ ਕਿ ਇਹ ਸਕੂਲ ਸਿੱਖਿਆ ਦੇ ਨਾਂ ’ਤੇ ਲੁੱਟ ਮਚਾ ਰਿਹਾ ਹੈ ਅਤੇ ਸਰਕਾਰ ਇਸਦੇ ਖ਼ਿਲਾਫ਼ ਕਾਰਵਾਈ ਕਰੇ।
