ਬਿਜਲੀ ਚੋਰੀ ਰੋਕਣ ਲਈ ਪਾਵਰ ਨਿਗਮ ਆਪਣੇ ਕਰਮਚਾਰੀਆਂ ਦੇ ਆਲੇ-ਦੁਆਲੇ ਰਚੇਗਾ ਚੱਕਰਵਿਊ

03/09/2020 4:57:07 PM

ਜਲੰਧਰ (ਜ.ਬ.)— ਬਿਜਲੀ ਚੋਰੀ ਰੋਕਣਾ ਪਾਵਰ ਨਿਗਮ ਲਈ ਸਭ ਤੋਂ ਵੱਡਾ ਚੈਲੇਂਜ ਹੈ, ਇਸ ਦੇ ਲਈ ਵਿਭਾਗ ਵੱਲੋਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਬਿਜਲੀ ਚੋਰੀ ਤੋਂ ਹੋਣ ਵਾਲਾ ਘਾਟਾ ਘੱਟ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਲੜੀ 'ਚ ਵਿਭਾਗ ਵੱਲੋਂ ਹੈਦਰਾਬਾਦ ਪੈਟਰਨ ਸਕੀਮ ਦੇ ਤਹਿਤ ਡੀ. ਟੀ. ਐੱਮ. (ਡਿਸਟਰੀਬਿਊਸ਼ਨ ਟਰਾਂਸਰਫਾਮਰ ਮੀਟਰ) ਸਕੀਮ ਨੂੰ ਕਾਪੀ ਕਰਕੇ ਸ਼ਹਿਰੀ ਅਤੇ ਦਿਹਾਤ ਦੇ ਜ਼ਿਆਦਾਤਰ ਟਰਾਂਸਫਾਰਮਰਾਂ 'ਤੇ ਮੀਟਰ ਲਾਏ ਗਏ ਹਨ ਪਰ ਇਸ ਦੇ ਬਾਵਜੂਦ ਬਿਜਲੀ ਚੋਰੀ ਖਤਮ ਨਹੀਂ ਹੋ ਰਹੀ ਕਿਉਂਕਿ ਵਿਭਾਗ ਇਸ ਸਕੀਮ ਨੂੰ ਸਖਤੀ ਨਾਲ ਲਾਗੂ ਨਹੀਂ ਕਰ ਸਕਿਆ।

ਇਸ ਸਕੀਮ ਦੇ ਤਹਿਤ ਇਲਾਕੇ ਦੇ ਟਰਾਂਸਫਾਰਮਰ 'ਤੇ ਮੀਟਰ ਲਾਇਆ ਜਾਂਦਾ ਹੈ ਅਤੇ ਮਹੀਨੇ ਦੇ ਅਖੀਰ 'ਚ ਜਦੋਂ ਬਿਲਿੰਗ ਹੁੰਦੀ ਹੈ ਤਾਂ ਸਬੰਧਤ ਇਲਾਕੇ ਦੀ ਖਪਤ ਅਤੇ ਟਰਾਂਸਫਾਰਮਰ 'ਤੇ ਲੱਗੇ ਮੀਟਰ ਦੀ ਖਪਤ ਨੂੰ ਆਪਸ 'ਚ ਮਿਲਾਇਆ ਜਾਂਦਾ ਹੈ। ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਕਿਸ ਇਲਾਕੇ 'ਚ ਬਿਜਲੀ ਚੋਰੀ ਹੋ ਰਹੀ ਹੈ। ਇਸ ਨਾਲ ਵਿਭਾਗ ਨੂੰ ਬਿਜਲੀ ਚੋਰੀ ਰੋਕਣ 'ਚ ਮਦਦ ਮਿਲਦੀ ਹੈ ਅਤੇ ਸਬੰਧਤ ਇਲਾਕੇ ਦੇ ਬਿਜਲੀ ਕਰਮਚਾਰੀ ਵੀ ਸ਼ੱਕ ਦੇ ਘੇਰੇ 'ਚ ਆ ਜਾਂਦੇ ਹਨ।

ਇਸ ਪੈਟਰਨ ਨੂੰ ਅਪਣਾ ਕੇ ਪਾਵਰ ਨਿਗਮ ਆਪਣੇ ਕਰਮਚਾਰੀਆਂ ਦੇ ਆਲੇ-ਦੁਆਲੇ ਚੱਕਰਵਿਊ ਰਚ ਕੇ ਬਿਜਲੀ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗਾ। ਇਸ ਦੇ ਲਈ ਟਰਾਂਸਫਾਰਮਰ 'ਤੇ ਲੱਗੇ ਮੀਟਰ ਅਤੇ ਸਬੰਧਤ ਇਲਾਕੇ ਦੀ ਖਪਤ ਨੂੰ ਆਪਸ 'ਚ ਮਿਲਾਇਆ ਜਾਵੇਗਾ। ਇਸ ਕਾਰਨ ਜਿਸ ਇਲਾਕੇ 'ਚ ਸੈਟਿੰਗ ਦੇ ਨਾਲ ਬਿਜਲੀ ਚੋਰੀ ਹੋ ਰਹੀ ਹੈ, ਉਸ ਦਾ ਵਿਭਾਗ ਨੂੰ ਪਤਾ ਲੱਗ ਜਾਵੇਗਾ। ਪਟਿਆਲਾ ਤੋਂ ਸਖਤ ਹਦਾਇਤਾਂ ਹਨ ਕਿ ਕਰਮਚਾਰੀ ਦੀ ਮਿਲੀਭੁਗਤ ਫੜੇ ਜਾਣ 'ਤੇ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਕਰਮਚਾਰੀਆਂ ਨੂੰ ਇਸ ਤੋਂ ਸਬਕ ਮਿਲ ਸਕੇ ਅਤੇ ਬਿਜਲੀ ਚੋਰੀ ਰੋਕੀ ਜਾ ਸਕੇ।

ਮੈਂਬਰ ਡਿਸਟਰੀਬਿਊਸ਼ਨ ਐੱਨ. ਕੇ. ਸ਼ਰਮਾ ਕਰ ਰਹੇ ਸਖਤੀ
ਬਿਜਲੀ ਚੋਰੀ ਨੂੰ ਰੋਕਣ ਲਈ ਪਾਵਰ ਨਿਗਮ ਦੀ ਮੈਨੇਜਮੈਂਟ ਕਾਫੀ ਚੌਕਸ ਨਜ਼ਰ ਆ ਰਹੀ ਹੈ, ਇਸ ਕਾਰਨ ਸੀਨੀਅਰ ਅਧਿਕਾਰੀਆਂ ਵੱਲੋਂ ਸਮੇਂ-ਸਮੇਂ 'ਤੇ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਪਟਿਆਲਾ ਤੋਂ ਆਏ ਮੈਂਬਰ ਡਿਸਟਰੀਬਿਊਸ਼ਨ ਐੱਨ. ਕੇ. ਸ਼ਰਮਾ ਨੇ ਬਿਜਲੀ ਚੋਰਾਂ 'ਤੇ ਸਖਤੀ ਕਰਨ ਨੂੰ ਕਿਹਾ। ਉਨ੍ਹਾਂ ਨੇ ਅਹਿਮ ਮੀਟਿੰਗ ਬੁਲਾਈ, ਜਿਸ 'ਚ ਪਾਵਰ ਨਿਗਮ ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਸਮੇਤ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਸਰਕਲ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ। ਇਸ ਮੌਕੇ ਸ਼ਰਮਾ ਨੇ ਕਿਹਾ ਕਿ ਜਿਸ ਇਲਾਕੇ 'ਚ ਬਿਜਲੀ ਚੋਰੀ ਹੋਵੇਗੀ ਉਥੇ ਦੇ ਸੀਨੀਅਰ ਅਧਿਕਾਰੀਆਂ ਤੋਂ ਜਵਾਬਦੇਹੀ ਹੋਵੇਗੀ, ਇਸ ਲਈ ਸਾਰੇ ਫੀਲਡ 'ਚ ਜਾ ਕੇ ਬਿਜਲੀ ਚੋਰੀ ਰੋਕਣ ਲਈ ਸਖਤ ਕਦਮ ਚੁੱਕਣ।

PunjabKesari

15 ਅਪ੍ਰੈਲ ਤੱਕ ਸਾਰੇ ਮੀਟਰ ਬਾਹਰ ਕੱਢੋ
ਪਾਵਰ ਨਿਗਮ ਦੇ ਹੈੱਡ ਦਫਤਰ ਪਟਿਆਲਾ ਤੋਂ ਜਾਰੀ ਹਦਾਇਤਾਂ ਮੁਤਾਬਕ ਬਿਜਲੀ ਚੋਰੀ ਰੋਕਣ ਲਈ ਘਰਾਂ ਦੇ ਅੰਦਰ ਲੱਗੇ ਬਿਜਲੀ ਦੇ ਮੀਟਰਾਂ ਨੂੰ ਬਾਹਰ ਕੱਢਣਾ ਸਭ ਤੋਂ ਜ਼ਰੂਰੀ ਹੈ। ਇਸ ਲੜੀ 'ਚ ਕਿਹਾ ਗਿਆ ਹੈ ਕਿ 15 ਅਪ੍ਰੈਲ ਤੱਕ ਸਾਰੇ ਬਿਜਲੀ ਮੀਟਰ ਘਰਾਂ ਦੇ ਬਾਹਰ ਹੋਣੇ ਚਾਹੀਦੇ ਹਨ। ਜਿਸ ਇਲਾਕੇ 'ਚ ਬਿਜਲੀ ਦੇ ਮੀਟਰ ਘਰਾਂ ਦੇ ਅੰਦਰ ਹੋਣਗੇ, ਉਥੇ ਦਾ ਐਕਸੀਅਨ ਇਸ ਦੇ ਲਈ ਜ਼ਿੰਮੇਵਾਰ ਹੋਵੇਗਾ। ਚੀਫ ਇੰਜੀਨੀਅਰ ਗੋਪਾਲ ਸ਼ਰਮਾ ਕਹਿੰਦੇ ਹਨ ਕਿ ਜਲੰਧਰ ਸਰਕਲ 'ਚ 80 ਫ਼ੀਸਦੀ ਤੋਂ ਜ਼ਿਆਦਾ ਬਿਜਲੀ ਦੇ ਮੀਟਰ ਘਰਾਂ ਤੋਂ ਬਾਹਰ ਕੱਢੇ ਜਾ ਚੁੱਕੇ ਹਨ, ਬਾਕਿ ਦੇ ਜੋ ਮੀਟਰ ਘਰਾਂ ਦੇ ਅੰਦਰ ਲੱਗੇ ਹਨ ਉਨ੍ਹਾਂ ਨੂੰ ਵੀ ਜਲਦੀ ਤੋਂ ਜਲਦੀ ਹੀ ਬਾਹਰ ਕੱਢ ਲਿਆ ਜਾਵੇਗਾ। ਸ਼ਰਮਾ ਨੇ ਕਿਹਾ ਕਿ ਮੀਟਰ ਬਦਲਣ ਲਈ ਨਵੇਂ ਮੀਟਰ ਮੰਗਵਾਏ ਜਾ ਚੁੱਕੇ ਹਨ, ਜਲਦੀ ਹੀ ਬਦਲ ਦਿੱਤੇ ਜਾਣਗੇ।

ਜਾਂਚ ਕਰਵਾ ਕੇ ਦੋਸ਼ੀਆਂ 'ਤੇ ਕਰਨਗੇ ਕਾਰਵਾਈ : ਇੰਜੀ. ਬਾਂਸਲ
ਉਥੇ ਹੀ ਸਰਕਲ ਦੇ ਸੁਪਰਡੈਂਟ ਇੰਜੀਨੀਅਰ/ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਦਾ ਕਹਿਣਾ ਹੈ ਕਿ ਟਰਾਂਸਫਾਰਮਰ 'ਤੇ ਲੱਗੇ ਮੀਟਰ ਅਤੇ ਉਸ ਤੋਂ ਚੱਲ ਰਹੀ ਸਪਲਾਈ ਦੀ ਰੀਡਿੰਗ ਆਪਸ 'ਚ ਚੈੱਕ ਕਰਵਾਈ ਜਾਵੇਗੀ, ਜੇਕਰ ਇਸ 'ਚ ਵੱਡਾ ਫਰਕ ਸਾਹਮਣੇ ਆਉਂਦਾ ਹੈ ਤਾਂ ਸਬੰਧਤ ਕਰਮਚਾਰੀ ਦੇ ਖਿਲਾਫ ਵਿਭਾਗੀ ਕਾਰਵਾਈ ਕਰਨਗੇ। ਬਾਂਸਲ ਨੇ ਕਿਹਾ ਕਿ ਕਿਸੇ ਇਲਾਕੇ 'ਚ ਜੇਕਰ ਬਿਜਲੀ ਚੋਰੀ ਹੋ ਰਹੀ ਹੈ ਤਾਂ ਖਪਤਕਾਰ ਇਸ ਸਬੰਧ 'ਚ ਇਲਾਕੇ ਦੇ ਐਕਸੀਅਨ ਨੂੰ ਜਾਂ ਉਨ੍ਹਾਂ ਨਾਲ ਸੰਪਰਕ ਕਰਨ, ਜਾਣਕਾਰੀ ਦੇਣ ਵਾਲੇ ਦੀ ਜਾਂਚ ਗੁਪਤ ਰੱਖੀ ਜਾਵੇਗੀ।


shivani attri

Content Editor

Related News