ਸਮੱਗਲਰ ਜੇਲ 'ਚੋਂ ਚਲਾ ਰਹੇ ਨਸ਼ਾ ਸਮੱਗਲਿੰਗ ਦਾ ਧੰਦਾ, ਪੁਲਸ ਕਰਵਾ ਰਹੀ ਸਹੂਲਤਾਂ ਮੁਹੱਈਆ

Sunday, Jun 10, 2018 - 04:10 PM (IST)

ਜਲੰਧਰ (ਰਮਨ)— ਪੁਲਸ ਪ੍ਰਸ਼ਾਸਨ ਦੀ ਮਿਲੀਭੁਗਤ ਕਾਰਨ ਕਈ ਸਾਲਾਂ ਤੋਂ ਜੇਲ 'ਚ ਬੰਦ ਮਸ਼ਹੂਰ ਸਮੱਗਲਰ ਜੇਲਾਂ 'ਚ ਬੈਠੇ ਹੀ ਨਸ਼ੇ ਵਾਲੇ ਪਦਾਰਥਾਂ ਦੇ ਧੰਦੇ ਨੂੰ ਅੰਜਾਮ ਦੇ ਰਹੇ ਹਨ। ਇਨ੍ਹਾਂ ਸਮੱਗਲਰਾਂ ਨੂੰ ਜੇਲਾਂ 'ਚ ਹਰ ਸਹੂਲਤ ਮਿਲ ਰਹੀ ਹੈ ਅਤੇ ਹਰ ਸਹੂਲਤ ਦਾ ਰੇਟ ਵੀ ਤੈਅ ਹੈ। ਸ਼ਹਿਰ ਦੇ ਕਈ ਮਸ਼ਹੂਰ ਸਮੱਗਲਰ ਜੋ ਲੰਮੇ ਸਮੇਂ ਤੋਂ ਨਸ਼ੇ ਵਾਲੇ ਪਦਾਰਥ ਵੇਚਣ ਦਾ ਧੰਦਾ ਕਰ ਰਹੇ ਹਨ, ਜਿਨ੍ਹਾਂ 'ਚੋਂ ਕੁਝ ਕਰੀਬ 6 ਸਾਲ ਪਹਿਲਾਂ ਭਾਰੀ ਮਾਤਰਾ 'ਚ ਹੈਰੋਇਨ ਦੇ ਨਾਲ ਅੰਮ੍ਰਿਤਸਰ ਰਾਜਮਾਰਗ ਤੋਂ ਨਾਰਕੋਟਿਕਸ ਸੈੱਲ ਵੱਲੋਂ ਫੜੇ ਜਾ ਚੁੱਕੇ ਹਨ ਅਤੇ ਜੇਲਾਂ 'ਚ ਬੰਦ ਹਨ ਪਰ ਅੱਜ ਵੀ ਉਹ ਜੇਲ 'ਚ ਬਣਾਏ ਹੋਏ ਨੈੱਟਵਰਕ ਦੁਆਰਾ ਉਕਤ ਧੰਦੇ ਨੂੰ ਅੰਜਾਮ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਜੇਲ 'ਚ ਪੁਲਸ ਪ੍ਰਸ਼ਾਸਨ ਪੂਰੀਆਂ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਜੇਲਾਂ 'ਚ ਬੰਦ ਹੋਣ ਦੇ ਬਾਵਜੂਦ ਉਹ ਫੋਨ ਰਾਹੀਂ ਆਪਣਾ ਕਾਰੋਬਾਰ ਕਰ ਰਹੇ ਹਨ। ਅੱਜਕਲ ਨਾਈਜੀਰੀਅਨ ਲੋਕ ਉਨ੍ਹਾਂ ਦਾ ਸਾਥ ਦੇ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਸਤੀ ਬਾਵਾ ਖੇਲ ਦੇ ਰਾਜਾ ਗਾਰਡਨ ਇਲਾਕੇ, ਮਿਲਕ ਪਲਾਂਟ, ਅਸ਼ੋਕ ਵਿਹਾਰ, ਡਿਵੀਜ਼ਨ ਨੰਬਰ 1, ਡਵੀਜ਼ਨ ਨੰਬਰ 3, ਰੇਲਵੇ ਰੋਡ, ਰੇਲਵੇ ਕਾਲੋਨੀ, ਥਾਣਾ 8 ਤੋਂ ਕਾਜ਼ੀ ਮੰਡੀ, ਬੂਟਾ ਪਿੰਡ ਇਲਾਕੇ ਤੋਂ ਕਈ ਸਾਲ ਪਹਿਲਾਂ ਕਰੋੜਾਂ ਦੀ ਹੈਰੋਇਨ ਨਾਲ ਕੁਝ ਮਸ਼ਹੂਰ ਵਿਅਕਤੀ ਫੜੇ ਗਏ ਸਨ, ਜੋ ਅੱਜਕਲ ਜੇਲਾਂ 'ਚ ਬੰਦ ਹਨ। ਉਨ੍ਹਾਂ ਨੂੰ ਛੁਡਵਾਉਣ ਲਈ ਕਈ ਸੀਨੀਅਰ ਲੋਕਾਂ ਦੇ ਨਾਂ ਅੱਗੇ ਆਏ ਸਨ ਅਤੇ ਉਨ੍ਹਾਂ ਨੂੰ ਛੁਡਵਾਉਣ ਲਈ ਪੂਰਾ ਜ਼ੋਰ ਲਗਾਇਆ ਗਿਆ ਸੀ। ਕਈਆਂ ਨੂੰ ਕੇਸ 'ਚ 10 ਸਾਲ ਤੋਂ ਜ਼ਿਆਦਾ ਦੀ ਸਜ਼ਾ ਹੋ ਚੁੱਕੀ ਹੈ ਪਰ ਉਨ੍ਹਾਂ ਦੀਆਂ ਗਤੀਵਿਧੀਆਂ ਅੱਜ ਵੀ ਜਾਰੀ ਹਨ।
ਉਕਤ ਸਾਰੇ ਮਾਮਲੇ 'ਚ ਪੁਲਸ ਦੀ ਕਾਰਵਾਈ ਸ਼ੱਕ ਦੇ ਘੇਰੇ 'ਚ ਹੈ। ਪ੍ਰਸ਼ਾਸਨ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣਾ ਹੋਵੇਗਾ ਅਤੇ ਜੇਲ ਵਿਚ ਬੰਦ ਪਏ ਮੁਲਜ਼ਮਾਂ ਦੇ ਨੈੱਟਵਰਕ ਨੂੰ ਵੀ ਕੰਟਰੋਲ ਕਰਨਾ ਹੋਵੇਗਾ, ਨਹੀਂ ਤਾਂ ਲੋਕਾਂ ਦਾ ਪੁਲਸ ਤੋਂ ਵਿਸ਼ਵਾਸ ਉੱਠ ਜਾਵੇਗਾ। 
ਹਰ ਕਰਿੰਦੇ ਕੋਲ ਹੈ ਆਕਾ ਦਾ ਨੰਬਰ 
ਸੂਤਰ ਦੱਸਦੇ ਹਨ ਕਿ ਉਕਤ ਇਲਾਕੇ 'ਚ ਫੜੇ ਗਏ ਮਸ਼ਹੂਰ ਸਮੱਗਲਰਾਂ ਦਾ ਨੈੱਟਵਰਕ ਇੰੰਨਾ ਫੈਲਿਆ ਹੋਇਆ ਹੈ ਕਿ ਹਰ ਕਰਿੰਦੇ ਦੇ ਕੋਲ ਆਪਣੇ ਆਕਾ ਦਾ ਨੰਬਰ ਹੈ, ਜੋ ਕਿਸੇ ਵੀ ਸਮੇਂ ਫੋਨ 'ਤੇ ਗੱਲਬਾਤ ਕਰ ਸਕਦਾ ਹੈ। ਅੰਮ੍ਰਿਤਸਰ, ਕਪੂਰਥਲਾ ਜੇਲ 'ਚ ਬੰਦ ਹੋਣ ਦੇ ਬਾਵਜੂਦ ਧੰਦੇ ਵਿਚ ਹੋਈ ਕਮਾਈ ਦਾ ਹਿੱਸਾ ਉਨ੍ਹਾਂ ਦੇ ਘਰ ਵਾਲਿਆਂ ਨੂੰ ਪਹੁੰਚ ਰਿਹਾ ਹੈ ਅਤੇ ਉਨ੍ਹਾਂ 'ਚੋਂ ਕੁਝ ਹਿੱਸਾ ਜੇਲ ਵਿਚ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਪਹੁੰਚਾਇਆ ਜਾ ਰਿਹਾ ਹੈ।
ਜੇਲ 'ਚ ਨਸ਼ਾ ਮਿਲਦਾ ਹੈ ਪਰ ਡਬਲ ਰੇਟ 'ਤੇ 
1 ਬੀੜੀ-150 ਰੁਪਏ, ਬੰਡਲ-3 ਹਜ਼ਾਰ ਰੁਪਏ ਦਾ
ਤੰਬਾਕੂ ਦੀ ਪੁੜੀ-1 ਹਜ਼ਾਰ ਰੁਪਏ
ਚਿੱਟਾ-ਕੋਲਗੇਟ ਦਾ ਢੱਕਣ ਛੋਟਾ-2500 ਰੁਪਏ, ਵੱਡਾ 5 ਹਜ਼ਾਰ ਰੁਪਏ
ਐਡਨਾਕ ਨਸ਼ੇ ਦੀ ਗੋਲੀ-300 ਰੁਪਏ
ਮੋਬਾਇਲ ਫੋਨ-5 ਹਜ਼ਾਰ ਰੁਪਏ ਦਾ, ਸਿਮ 300 ਰੁਪਏ।
ਮੋਬਾਇਲ 'ਤੇ ਨਸ਼ੇ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ: ਖੰਨਾ
ਕਪੂਰਥਲਾ ਜੇਲ ਦੇ ਨਵੇਂ ਸੁਪਰਡੈਂਟ ਸੁਰਿੰਦਰ ਖੰਨਾ ਦਾ ਕਹਿਣਾ ਹੈ ਕਿ ਜੇਲ 'ਚ ਮੋਬਾਇਲ ਫੋਨ ਦਾ ਇਸਤੇਮਾਲ ਨਾ ਹੋਵੇ, ਇਸ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸਮੇਂ-ਸਮੇਂ 'ਤੇ ਚੈਕਿੰਗ ਕਰਵਾਈ ਜਾਂਦੀ ਹੈ ਤਾਂਕਿ ਨਿਯਮ ਅਤੇ ਕਾਨੂੰਨ ਦੀ ਸਖਤੀ ਨਾਲ ਪਾਲਣਾ ਹੋ ਸਕੇ। ਜੇਲ 'ਚ ਨਸ਼ਾ ਕਰਨਾ ਕਿਸੇ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਸ ਲਈ ਚੈਕਿੰਗ ਵੱਡੇ ਪੱਧਰ 'ਤੇ ਕਰਵਾਈ ਜਾਂਦੀ ਹੈ। ਜੇਕਰ ਅਜਿਹਾ ਕਰਦਾ ਹੋਇਆ ਕੋਈ ਫੜਿਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਜੇਲ ਅੰਦਰ ਫੋਨ ਰੀਚਾਰਜ ਅਤੇ ਹਫਤੇ ਦੇ ਹਿਸਾਬ ਨਾਲ ਮਿਲਦਾ ਹੈ ਮੋਬਾਇਲ ਫੋਨ
ਜੇਲ ਤੋਂ ਜ਼ਮਾਨਤ 'ਤੇ ਬਾਹਰ ਆਏ ਕੁਝ ਲੋਕਾਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਨੂੰ ਜੇਲ 'ਚ ਹੀ ਮੋਬਾਇਲ ਫੋਨ ਮਿਲ ਜਾਂਦਾ ਸੀ, ਜਿੱਥੇ ਉਨ੍ਹਾਂ ਨੂੰ 50 ਰੁਪਏ ਦੇ ਫੋਨ ਰੀਚਾਰਜ ਦੇ ਬਦਲੇ 'ਚ 250 ਰੁਪਏ ਦੇਣੇ ਪੈਂਦੇ ਸਨ ਅਤੇ ਇਕ ਹਫਤਾ ਫੋਨ ਅਤੇ ਹੋਰ ਸਿਮ ਲਈ 3 ਹਜ਼ਾਰ ਰੁਪਏ ਦੇਣੇ ਪੈਂਦੇ ਸਨ। ਜੇਲ 'ਚ ਸੀਨੀਅਰ ਅਧਿਕਾਰੀਆਂ ਦੀ ਚੈਕਿੰਗ ਤੋਂ ਪਹਿਲਾਂ ਫੋਨ ਅਤੇ ਸਿਮ ਜ਼ਬਤ ਕਰ ਲਏ ਜਾਂਦੇ ਸਨ। ਖਾਣ-ਪੀਣ ਲਈ ਬਾਕੀ ਸਾਮਾਨ ਕੰਟੀਨ 'ਚ ਮੁਹੱਈਆ ਹੈ, ਜੋ ਆਸਾਨੀ ਨਾਲ ਮਿਲਦਾ ਹੈ, ਜਿੱਥੇ ਕੂਪਨ ਸਿਸਟਮ ਹੈ। ਬਾਹਰ ਤੋਂ ਕਰੰਸੀ ਦੇ ਕੇ ਕੂਪਨ ਮਿਲਦੇ ਹਨ। ਬਾਕੀ ਡਿਓਢੀ 'ਚ ਜਾ ਕੇ ਪਰਸਨਲ ਮੁਲਾਕਾਤ ਦੇ 10 ਹਜ਼ਾਰ ਰੁਪਏ ਲਏ ਜਾਂਦੇ ਹਨ।
ਜੇਲ 'ਚ ਨਸ਼ਾ ਕਰਨ ਨਾਲ ਹੋ ਚੁੱਕੀ ਹੈ ਕਈ ਕੈਦੀਆਂ ਦੀ ਮੌਤ ਜਿੱਥੇ ਜੇਲ 'ਚ ਨਸ਼ਾ ਵੇਚਣ ਦਾ ਧੰਦਾ ਚੱਲ ਰਿਹਾ ਹੈ, ਉਥੇ ਜੇਲ 'ਚ ਬੰਦ ਲੋਕਾਂ ਨੂੰ ਨਸ਼ੇ ਦੀ ਲਤ ਲੱਗੀ ਹੋਈ ਹੈ, ਜਿਨ੍ਹਾਂ ਨੂੰ ਨਸ਼ਾ ਸਮੇਂ 'ਤੇ ਨਾ ਮਿਲਣ ਕਾਰਨ ਅਤੇ ਜ਼ਿਆਦਾ ਓਵਰਡੋਜ਼ ਦੀ ਵਜ੍ਹਾ ਨਾਲ ਉਨ੍ਹਾਂ ਦੀ ਮੌਤ ਹੋ ਰਹੀ ਹੈ। ਪਿਛਲੇ ਕਈ ਮਹੀਨਿਆਂ 'ਚ ਜੇਲ 'ਚ ਬੰਦ ਕਈ ਕੈਦੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਕੇਸ ਨਸ਼ੇ ਦੇ ਸਨ ਪਰ ਪੁਲਸ ਉਨ੍ਹਾਂ ਨੂੰ ਉਜਾਗਰ ਨਹੀਂ ਕਰਦੀ।
ਜੇਲ 'ਚ ਤਾਇਨਾਤ ਪੁਲਸ ਕਰਮਚਾਰੀਆਂ ਦੀ ਕਾਰਜਪ੍ਰਣਾਲੀ 'ਤੇ ਪਹਿਲਾਂ ਵੀ ਲੱਗ ਚੁੱਕੇ ਹਨ ਕਈ ਦੋਸ਼
ਇਸ ਸਾਰੀ ਕਾਰਵਾਈ 'ਚ ਪੁਲਸ ਦੀ ਜੋ ਭੂਮਿਕਾ ਹੈ ਉਹ ਦੇਖਣਯੋਗ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਜੇਲ 'ਚ ਤਾਇਨਾਤ ਪੁਲਸ ਕਰਮਚਾਰੀਆਂ 'ਤੇ ਦੋਸ਼ ਲੱਗ ਚੁੱਕੇ ਹਨ। ਅਧਿਕਾਰੀਆਂ ਦੀ ਛਾਪੇਮਾਰੀ ਦੌਰਾਨ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਚੁੱਕਾ ਹੈ ਪਰ ਸਮੱਸਿਆ ਇਹ ਹੈ ਕਿ ਇਕ ਪਾਸੇ ਤਾਂ ਪੁਲਸ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਸ਼ਹਿਰ 'ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਬੰਦ ਕਰ ਦਿੱਤਾ ਜਾਵੇਗਾ, ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ ਪਰ ਇਥੇ ਪੁਲਸ ਵਲੋਂ ਜੇਲ 'ਚ ਬੰਦ ਕਰਨ ਦੇ ਬਾਵਜੂਦ ਮਸ਼ਹੂਰ ਸਮੱਗਲਰ ਜੇਲ 'ਚ ਹੀ ਆਪਣੇ ਧੰਦੇ ਨੂੰ ਚਲਾ ਰਹੇ ਹਨ, ਜਿਸ 'ਚ ਪੁਲਸ ਦੇ ਨਾਲ-ਨਾਲ ਕਈ ਔਰਤਾਂ ਅਤੇ ਕਈ ਪ੍ਰਾਈਵੇਟ ਕੰਪਨੀਆਂ 'ਚ ਕੰਮ ਕਰਨ ਵਾਲੇ ਵਿਅਕਤੀ ਵੀ ਮੌਜੂਦ ਹਨ।
ਪੈਸਿਆਂ ਨਾਲ ਜੇਲ 'ਚ ਸਭ ਕੁਝ ਮਿਲਦਾ ਹੈ, ਜੇਲ ਵੀ ਅਮੀਰ ਲੋਕਾਂ ਲਈ ਹੈ!
ਇਕ ਸਾਲ ਬਾਅਦ ਜ਼ਮਾਨਤ ਤੋਂ ਬਾਹਰ ਆਏ ਵਿਅਕਤੀ ਨੇ ਦੱਸਿਆ ਕਿ ਉਹ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਕੇਸ 'ਚ ਅੰਦਰ ਗਿਆ ਸੀ। ਨਵੀਂ-ਨਵੀਂ ਮੁਸ਼ਕਿਲ ਹੋਈ ਸੀ। ਨਵੇਂ ਵਿਅਕਤੀ ਨੂੰ ਕੁਝ ਨਹੀਂ ਮਿਲਦਾ, ਬਾਅਦ 'ਚ ਭੇਤ ਹੋ ਗਿਆ। ਜਿਸ ਕੋਲ ਰੁਪਏ ਹਨ ਉਸ ਨੂੰ ਜੇਲ ਦੇ ਅੰਦਰ ਹਰ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਜੇਲ ਵੀ ਉਹ ਲੋਕ ਕੱਟ ਸਕਦੇ ਹਨ, ਜਿਨ੍ਹਾਂ ਕੋਲ ਪੈਸਾ ਹੈ। ਜੇਲ ਵੀ ਅਮੀਰ ਲੋਕਾਂ ਲਈ ਹੈ। ਜੋ ਰੁਪਏ ਖਰਚ ਕਰਦਾ ਹੈ ਉਸ ਨੂੰ ਤੜਕਾ ਲੱਗੀ ਸਬਜ਼ੀ ਨਾਲ ਬਣੀ-ਬਣਾਈ ਰੋਟੀ ਅਤੇ ਸਾਰੀਆਂ ਚੀਜ਼ਾਂ ਮਿਲਦੀਆਂ ਹਨ। ਇਥੋਂ ਤਕ ਕਿ ਜੇਲ 'ਚ ਨਸ਼ੇ ਵਾਲੇ ਪਦਾਰਥ ਵੀ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਮਿਲਦਾ ਡਬਲ ਰੇਟਾਂ 'ਤੇ, ਜਿਸ ਨੂੰ ਆਸਾਨੀ ਨਾਲ ਜੇਲ 'ਚ ਪਹੁੰਚਾਇਆ ਜਾ ਰਿਹਾ ਹੈ।


Related News