Health Care : ਸਰਦੀਆਂ 'ਚ ਖ਼ੁਦ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰ ਦੇ ਸਮੇਂ ਕਰੋ ਵਰਕਆਊਟ

11/07/2023 5:52:37 PM

ਸੁਲਤਾਨਪੁਰ ਲੋਧੀ (ਧੀਰ) : ਸਰਦੀਆਂ ਸਾਨੂੰ ਸਾਰਿਆਂ ਨੂੰ ਆਲਸੀ ਅਤੇ ਸੁਸਤ ਬਣਾ ਦਿੰਦੀਆਂ ਹਨ। ਖਾਸ ਕਰ ਕੇ ਇਨ੍ਹਾਂ ਦਿਨਾਂ ’ਚ ਜਿਮ ਜਾਣ ਜਾਂ ਸਵੇਰੇ ਉੱਠਣ ਨੂੰ ਮਨ ਨਹੀਂ ਕਰਦਾ, ਜੋ ਕਿ ਬਹੁਤ ਆਮ ਗੱਲ ਹੈ। ਰੁਟੀਨ ਵਿਗੜ ਜਾਂਦੀ ਹੈ ਤੇ ਸਰੀਰ ’ਚ ਕਈ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਲੋਕ ਅਕਸਰ ਸਰਦੀਆਂ ’ਚ ਘਰੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਦੇ ਹਨ। ਇਹ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਹੈ। ਖਾਸ ਕਰਕੇ ਸਰਦੀਆਂ ’ਚ ਕਸਰਤ ਛੱਡਣਾ ਚੰਗਾ ਨਹੀਂ ਮੰਨਿਆ ਜਾਂਦਾ ਹੈ। ਇਸ ਕਾਰਨ ਵਿਅਕਤੀ ਨੂੰ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਸਰਦੀ ਇਕ ਅਜਿਹਾ ਮੌਸਮ ਹੈ, ਜਿਸ ਵਿਚ ਸਰੀਰ ਵਿਚ ਕਈ ਬਦਲਾਅ ਆਉਂਦੇ ਹਨ। ਸਰਦੀਆਂ ਵਿਚ ਸਰੀਰ ਜ਼ਰੂਰੀ ਅੰਗਾਂ ਨੂੰ ਗਰਮ ਰੱਖਣ ਲਈ ਬਾਹਰੀ ਤਾਪਮਾਨ ਨੂੰ ਘੱਟ ਕਰਦਾ ਹੈ, ਜਿਸ ਕਾਰਨ ਠੰਡ ਜ਼ਿਆਦਾ ਮਹਿਸੂਸ ਹੁੰਦੀ ਹੈ ਪਰ ਸਰਦੀ ਹੋਵੇ ਜਾਂ ਗਰਮੀ, ਕੰਮ ਤਾਂ ਕਰਨਾ ਹੀ ਪੈਂਦਾ ਹੈ, ਕਿਉਂਕਿ ਕਿਸੇ ਨੂੰ ਸਰਦੀ ’ਚ ਕੰਮ ਕਰਨ ਵਿਚ ਮਨ ਨਹੀਂ ਹੁੰਦਾ, ਇਸ ਲਈ ਸਰੀਰ ਨੂੰ ਤਿਆਰ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ, ਇਸ ਲਈ ਸਰਦੀਆਂ ਵਿਚ ਆਪਣੇ ਆਪ ਨੂੰ ਤਿਆਰ ਕਰਨ ਲਈ ਵਰਕਆਊਟ ਜ਼ਰੂਰੀ ਹੁੰਦਾ ਹੈ। ਹਾਲਾਂਕਿ ਕਈ ਲੋਕ ਵਰਕਆਊਟ ਕਰਦੇ ਹਨ ਪਰ ਸਰਦੀਆਂ ’ਚ ਸਹੀ ਵਰਕਆਊਟ ਜ਼ਰੂਰੀ ਹੈ ਤਾਂ ਜੋ ਸਰੀਰ ਮਜ਼ਬੂਤ ਤੇ ਕੰਮ ਲਈ ਤਿਆਰ ਹੋਵੇ।

ਸਰਦੀਆਂ ਦਾ ਮੌਸਮ ਸਾਡੇ ਕਾਰਡੀਓ ਵੈਸਕੁਲਰ ਸਿਸਟਮ ’ਤੇ ਤਣਾਅ ਵਧਾਉਂਦਾ ਹੈ। ਇਸ ਕਾਰਨ ਖੂਨ ਦੀਆਂ ਨਾੜੀਆਂ 'ਤੇ ਦਬਾਅ ਵਧ ਜਾਂਦਾ ਹੈ। ਅਜਿਹਾ ਲੱਗਦਾ ਹੈ ਕਿ ਜੇਕਰ ਇਹ ਸਮੱਸਿਆ ਲੰਬੇ ਸਮੇਂ ਤੱਕ ਰਹਿੰਦੀ ਹੈ ਤੇ ਕਸਰਤ ਨਹੀਂ ਹੁੰਦੀ ਤਾਂ ਦਿਲ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਸਹੀ ਕਸਰਤ ਕਰਨੀ ਜ਼ਰੂਰੀ ਹੈ।

ਸਵੇਰ ਦੀ ਕਸਰਤ
ਸਵੇਰ ਦਾ ਸਮਾਂ ਕਸਰਤ ਕਰਨ ਦਾ ਸਭ ਤਾਂ ਵਧੀਆ ਸਮਾਂ ਹੈ, ਭਾਵੇਂ ਮੌਸਮ ਕੋਈ ਵੀ ਹੋਵੇ। ਇਹ ਸਰੀਰ ਨੂੰ ਦਿਨ ਦੇ ਕੰਮ ਲਈ ਤਿਆਰ ਕਰਦਾ ਹੈ ਤੇ ਇਸ ਦੇ ਬਹੁਤ ਸਾਰੇ ਫਾਇਦੇ ਹਨ। ਸਵੇਰੇ ਕਸਰਤ ਇਸ ਤਰ੍ਹਾਂ ਕਰਨੀ ਚਾਹੀਦੀ ਹੈ।

ਵਾਰਮ ਅੱਪ ਕਰਨਾ
ਸਰਦੀਆਂ ’ਚ ਸਭ ਤੋਂ ਪਹਿਲਾਂ ਵਾਰਮ ਅੱਪ ਕਰਨਾ ਚਾਹੀਦਾ ਹੈ, ਫਿਰ ਸਰੀਰ ਕਸਰਤ ਕਰਨ ਲਈ ਤਿਆਰ ਹੁੰਦਾ ਹੈ। ਵਾਰਮ ਅੱਪ ਲਈ ਸਟਰੈਚਿੰਗ ਕਸਰਤ ਕਰੋ। ਇਸ ਦੇ ਲਈ ਜੰਪਿੰਗ, ਸਾਵਧਾਨ ਅਰਾਮ ਦੀ ਸਥਿਤੀ, ਦੋਵੇਂ ਹੱਥ ਚੁੱਕਣ ਤੇ ਫੈਲਾਉਣ ਵਰਗੀਆਂ ਕਸਰਤਾਂ ਕਰੋ। ਇਸ ਨਾਲ ਲੱਤਾਂ ’ਚ ਖੂਨ ਦਾ ਪ੍ਰਵਾਹ ਵਧਦਾ ਹੈ ਤੇ ਜੋੜਾਂ ਨੂੰ ਆਰਾਮ ਮਿਲਦਾ ਹੈ।

ਕਸਰਤ
ਸਰਦੀਆਂ ’ਚ ਸਰੀਰ ਦੀ ਮਾਮੂਲੀ ਜਿਹੀ ਹਿਲਜੁਲ ਵੀ ਖਿਚਾਅ ਵਰਗੀ ਮਹਿਸੂਸ ਹੁੰਦੀ ਹੈ। ਸਰਦੀਆਂ ਦੇ ਮੌਸਮ ’ਚ ਸੈਰ ਤੇ ਦੌੜਣਾ ਆਮ ਤੌਰ ’ਤੇ ਸਭ ਤੋਂ ਆਮ ਕਸਰਤਾਂ ਹੁੰਦੀਆਂ ਹਨ। ਇਸ ਨਾਲ ਸਰੀਰ ਦਾ ਪੂਰਾ ਹਿੱਸਾ ਐਕਟਿਵ ਰਹਿੰਦਾ ਹੈ। ਜੇਕਰ ਤੁਸੀਂ ਜਿਮ ਜਾ ਰਹੇ ਹੋ ਤਾਂ ਇਹ ਸਭ ਤੋਂ ਵਧੀਆ ਵਿਕਲਪ ਹੈ। ਉੱਥੇ ਟ੍ਰੇਨਰ ਤੁਹਾਨੂੰ ਜ਼ਰੂਰੀ ਕਸਰਤ ਕਰਨ ਦੀ ਸਲਾਹ ਦੇਣਗੇ।

ਸੂਰਜ ਦੀ ਰੌਸ਼ਨੀ
ਸਰਦੀ ਦਾ ਮੌਸਮ ਆਪਣੇ ਨਾਲ ਛੋਟੇ ਦਿਨ ਲੰਬੀਆਂ ਰਾਤਾਂ ਲੈ ਕੇ ਆਉਂਦਾ ਹੈ। ਇਨ੍ਹਾਂ ਦਿਨਾਂ 'ਚ ਧੁੱਪ ਵੀ ਘੱਟ ਨਿਕਲਦੀ ਹੈ, ਜਿਸ ਨਾਲ ਸਰੀਰ ਦੀ ਸਰਕੇਡੀਅਨ ਰਿਦਮ ਖਰਾਬ ਹੋ ਜਾਂਦੀ ਹੈ। ਸੂਰਜ ਦੇ ਸੀਮਿਤ ਸੰਪਰਕ ਕਾਰਨ ਸਾਡੇ ਸਰੀਰ ’ਚ ਮੈਲਾਟੋਨਿਨ ਯਾਨੀ ਨੀਂਦ ਦੇ ਹਾਰਮੋਨ ਦਾ ਉਤਪਾਦਨ ਵਧ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਅਸੀਂ ਆਮ ਨਾਲੋਂ ਜਿਆਦਾ ਥਕਾਵਟ ਮਹਿਸੂਸ ਕਰਦੇ ਹਨ। ਇਨ੍ਹਾਂ ਪਰੇਸ਼ਾਨੀਆਂ ਨਾਲ ਨਜਿੱਠਣ ਦਾ ਸਭ ਤੋਂ ਆਸਾਨ ਤਰੀਕਾ ਹੈ ਸੂਰਜ ’ਚ ਵੱਧ ਤੋਂ ਵੱਧ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ ਤੇ ਇਹ ਯਕੀਨੀ ਬਣਾਓ ਕਿ ਤੁਹਾਡੇ ਸਰੀਰ ਨੂੰ ਵਿਟਾਮਿਨ ਡੀ ਦੀ ਰੋਜ਼ਾਨਾ ਖੁਰਾਕ ਮਿਲ ਰਹੀ ਹੈ।

ਸਵੇਰ ਦੀ ਕਸਰਤ ਦੇ ਹਨ ਕਈ ਫਾਇਦੇ
ਹਰ ਵਿਅਕਤੀ ਨੂੰ ਸਵੇਰੇ ਉੱਠ ਕੇ ਕਸਰਤ ਕਰਨੀ ਚਾਹੀਦੀ ਹੈ, ਕਿਉਂਕਿ ਸਵੇਰੇ ਜਲਦੀ ਕਸਰਤ ਜਾਂ ਸੈਰ ਕਰਨਾ ਸਿਹਤ ਲਈ ਬਹੁਤ ਫਾਇਦਮੰਦ ਹੁੰਦਾ ਹੈ ਪਰ ਬਹੁਤ ਸਾਰੇ ਲੋਕਾਂ ਦਾ ਸਮਾਂ ਇੰਨਾ ਵਿਅਸਤ ਹੁੰਦਾ ਹੈ ਕਿ ਉਹ ਚਾਹੁੰਦੇ ਹੋਏ ਵੀ ਸਵੇਰ ਦਾ ਵਰਕਆਊਟ ਨਹੀਂ ਕਰ ਪਾਉਂਦੇ। ਜੇਕਰ ਅਜਿਹਾ ਹੈ ਤਾਂ ਤੁਸੀਂ ਸ਼ਾਮ ਨੂੰ ਵੀ ਵਰਕਆਊਟ ਕਰ ਸਕਦੇ ਹਨ। ਜਿੱਥੋਂ ਤੱਕ ਹੋ ਸਕੇ ਸਵੇਰ ਦੀ ਕਸਰਤ ਕਰਨਾ ਬਹੁਤ ਫਾਇਦੇਮੰਦ ਹੁੰਦੀ ਹੈ।

ਬਰਨ ਹੁੰਦੀ ਹੈ ਕੈਲੋਰੀ
ਸਵੇਰੇ ਵਰਕਆਊਟ ਕਰਨ ਤੋਂ ਬਾਅਦ ਜੇਕਰ ਤੁਸੀਂ ਇਕ ਜਗ੍ਹਾ ’ਤੇ ਖੜ੍ਹੇ ਹੋ ਤਾਂ ਤੁਹਾਡੀ ਕੈਲੋਰੀ ਬਰਨ ਹੋਵੇਗੀ, ਇਸ ਦੇ ਨਾਲ ਹੀ ਤੁਹਾਨੂੰ ਸ਼ੁੱਧ ਹਵਾ ਮਿਲੇਗੀ। ਜੋ ਲੋਕ ਸਵੇਰ ਕਸਰਤ ਕਰਦੇ ਹਨ, ਉਹ ਦਿਨ ਭਰ ਨਿਯਮਿਤ ਕੰਮ ਕਰਨ ਦੇ ਬਾਵਜੂਦ 200 ਤੋਂ ਵੱਧ ਕੈਲੋਰੀ ਬਰਨ ਕਰਦੇ ਹਨ, ਕਿਉਂਕਿ ਰਾਤ ਭਰ ਭੁੱਖੇ ਰਹਿਣ ਤੋਂ ਬਾਅਦ ਜਦੋਂ ਤੁਸੀਂ ਸਵੇਰ ਦੀ ਸ਼ੁਰੂਆਤ ਕਸਰਤ ਨਾਲ ਕਰਦੇ ਹੈ। ਇਸ ਨਾਲ ਤੁਹਾਡੇ ਮੈਟਾਬੋਲਿਜ਼ਮ ਨੂੰ ਹੁਲਾਰਾ ਮਿਲਦਾ ਹੈ ਜਿਸ ਕਾਰਨ ਤੁਹਾਨੂੰ ਕਸਰਤ ਤੋਂ ਬਾਅਦ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ।

ਮਾਂਸਪੇਸ਼ੀਆਂ ਲਈ ਚੰਗਾ
ਮਾਸਪੇਸ਼ੀਆਂ ਨੂੰ ਵਧਾਉਣ ਲਈ ਸਵੇਰ ਦੀ ਕਸਰਤ ਸਭ ਤੋਂ ਵਧੀਆ ਹੈ, ਕਿਉਂਕਿ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਤੁਹਾਡਾ ਟੈਸਟੋਸਟ੍ਰੋਨ ਲੈਵਸ ਆਪਣੇ ਸਿਖਰ ’ਤੇ ਹੁੰਦਾ ਹੈ। ਜੋ ਸਵੇਰੇ ਭਾਰ ਚੁੱਕਣ ਤੇ ਮਾਸਪੇਸ਼ੀਆਂ ਦੇ ਵਿਕਾਸ ’ਚ ਬਹੁਤ ਲਾਭਦਾਇਕ ਹੈ, ਇਸ ਲਈ ਸ਼ਾਮ ਦੀ ਬਜਾਏ ਸਵੇਰ ਦੀ ਕਸਰਤ ਬਹੁਤ ਫਾਇਦੇਮੰਦ ਹੁੰਦੀ ਹੈ।

ਸ਼ੂਗਰ ਦਾ ਖਤਰਾ ਰਹਿੰਦਾ ਹੈ ਘੱਟ
ਜਾਣਕਾਰੀ ਮੁਤਾਬਕ ਜਦੋਂ ਤੁਸੀਂ ਸਵੇਰੇ ਖਾਲੀ ਪੇਟ ਵੇਟ ਟ੍ਰੇਨਿੰਗ ਜਾਂ ਕਸਰਤ ਕਰਦੇ ਹੋ ਤਾਂ ਤੁਸੀਂ ਆਪਣੇ-ਆਪ ਨੂੰ ਇਨਸੁਲਿਨ ਪ੍ਰਤੀਰੋਧ ਤੋਂ ਬਚਾਉਂਦੇ ਹੋ, ਕਿਉਂਕਿ ਸਵੇਰ ਦੀ ਕਸਰਤ ਬਲੱਡ ਸ਼ੂਗਰ ਲੈਵਲ ਨੂੰ ਵਧਣ ਤੋਂ ਰੋਕਦੀ ਹੈ। ਭਾਵ ਰੋਜ਼ਾਨਾ ਕਸਰਤ ਤੁਹਾਡੀ ਬਲੱਡ ਸ਼ੂਗਰ ਨੂੰ ਆਮ ਸਕਦੀ ਹੈ।

ਕੈਲੋਰੀ ਬਰਨ ਕਰਨ ’ਚ ਹੈ ਫਾਇਦੇਮੰਦ
ਸਵੇਰੇ ਕਸਰਤ ਕਰਨ ਨਾਲ ਕਾਫੀ ਕੈਲੋਰੀ ਬਰਨ ਹੁੰਦੀ ਹੈ। ਇਸ ਨਾਲ ਤੁਹਾਡੀ ਚਰਬੀ ਘੱਟ ਹੋਵੇਗੀ ਤੇ ਤੁਹਾਡਾ ਭਾਰ ਵੀ ਲਗਾਤਾਰ ਘਟਣ ਲੱਗੇਗਾ, ਇਸ ਨਾਲ ਤੁਹਾਨੂੰ ਮੋਟਾਪੇ ਤੋਂ ਛੁਟਕਾਰਾ ਮਿਲੇਗਾ ਤੇ ਤੁਸੀਂ ਸਿਹਤਮੰਦ ਤੇ ਫਿਟ ਰਹੋਗੇ।

 


Harpreet SIngh

Content Editor

Related News