ਗੈਸ, ਐਸੀਡਿਟੀ ਦੀਆਂ ਦਵਾਈਆਂ ਲੈਣ ਵਾਲੇ ਹੋ ਜਾਣ ਸਾਵਧਾਨ! ਚਿੰਤਾ ਭਰੇ ਅੰਕੜੇ ਆਏ ਸਾਹਮਣੇ
Wednesday, Apr 30, 2025 - 09:36 AM (IST)

ਚੰਡੀਗੜ੍ਹ (ਪਾਲ) : ਗੈਸ, ਐਸੀਡਿਟੀ ਤੇ ਪੇਟ ਦੀਆਂ ਹੋਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ, ਜਿਨ੍ਹਾਂ ਨੂੰ ਪ੍ਰੋਟੋਨ ਪੰਪ ਇਨਹਿਬਿਟਰ (ਪੀ. ਪੀ. ਆਈ.) ਕਿਹਾ ਜਾਂਦਾ ਹੈ, ਲੰਬੇ ਸਮੇਂ ਤੱਕ ਲੈਣ ਨਾਲ ਸਰੀਰ ’ਚ ਵਿਟਾਮਿਨ ਬੀ-12 ਦੀ ਕਮੀ ਹੋ ਸਕਦੀ ਹੈ। ਇਹ ਖ਼ੁਲਾਸਾ ਪੀ. ਜੀ. ਆਈ. ਦੀ ਖੋਜ ’ਚ ਹੋਇਆ ਹੈ। ਪੀ. ਜੀ. ਆਈ. ਦੇ ਗੈਸਟਰੋਐਂਟਰੋਲੋਜੀ ਵਿਭਾਗ ਵੱਲੋਂ ਕੀਤੇ ਵਿਸ਼ਲੇਸ਼ਣਾਤਮਕ ਅਧਿਐਨ ’ਚ 25 ਕੌਮਾਂਤਰੀ ਅਧਿਐਨਾਂ ਦੀ ਸਮੀਖਿਆ ਕੀਤੀ ਗਈ, ਜਿਸ ’ਚ 28 ਹਜ਼ਾਰ ਤੋਂ ਵੱਧ ਮਰੀਜ਼ ਸ਼ਾਮਲ ਸਨ। ਇਨ੍ਹਾਂ ’ਚੋਂ ਕਰੀਬ 2,800 ਲੋਕ ਲੰਬੇ ਸਮੇਂ ਤੋਂ ਨਿਯਮਿਤ ਤੌਰ ’ਤੇ ਪੀ. ਪੀ. ਆਈ. ਦਵਾਈਆਂ ਵਰਤ ਰਹੇ ਸਨ। ਪਤਾ ਲੱਗਾ ਕਿ ਇਹ ਦਵਾਈਆਂ ਪੇਟ ’ਚ ਐਸਿਡ ਦੇ ਉਤਪਾਦਨ ਨੂੰ ਘਟਾਉਂਦੀਆਂ ਹਨ, ਜਿਸ ਨਾਲ ਭੋਜਨ ’ਚੋਂ ਵਿਟਾਮਿਨ ਬੀ-12 ਨੂੰ ਸਰੀਰ ’ਚ ਅਵਸ਼ੋਸ਼ਿਤ ਹੋਣ ’ਚ ਰੁਕਾਵਟ ਆਉਂਦੀ ਹੈ। ਹਾਲਾਂਕਿ ਖੋਜ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਸਬੰਧ ਬਹੁਤ ਮਜ਼ਬੂਤ ਨਹੀਂ ਹੈ, ਫਿਰ ਵੀ ਲੰਬੇ ਸਮੇਂ ਤੱਕ ਪੀ. ਪੀ. ਆਈ. ਲੈਣ ਵਾਲਿਆਂ ਨੂੰ ਥੋੜ੍ਹਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਖ਼ਾਸ ਤੌਰ ’ਤੇ ਜਿਨ੍ਹਾਂ ਲੋਕਾਂ ਨੂੰ ਜ਼ੋਲਿੰਗਰ ਐਲੀਸਨ ਸਿੰਡਰੋਮ ਜਾਂ ਇਰੋਸਿਵ ਇਸੋਫੈਜਾਈਟਿਸ ਵਰਗੀਆਂ ਸੱਮਸਿਆਵਾਂ ਹਨ, ਉਨ੍ਹਾਂ ਨੂੰ ਵਿਟਾਮਿਨ ਬੀ-12 ਦੀ ਨਿਯਮਤ ਤੌਰ ’ਤੇ ਜਾਂਚ ਕਰਵਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ, ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ
ਕਿਵੇਂ ਘਟਦੀ ਹੈ ਬੀ-12 ਦੀ ਮਾਤਰਾ
ਸਰੀਰ ’ਚ ਵਿਟਾਮਿਨ ਬੀ-12 ਦੇ ਸੋਖਣ ਲਈ ਪੇਟ ’ਚ ਐਸਿਡ ਦੀ ਮੌਜੂਦਗੀ ਜ਼ਰੂਰੀ ਹੈ। ਪੀ. ਪੀ. ਆਈ. ਦਵਾਈਆਂ ਪੇਟ ਦੇ ਐਸਿਡ ਨੂੰ ਘਟਾਉਂਦੀਆਂ ਹਨ, ਜਿਸ ਨਾਲ ਭੋਜਨ ਤੋਂ ਬੀ-12 ਨੂੰ ਵੱਖ ਕਰਨ ਦੀ ਪ੍ਰਕਿਰਿਆ ਵਿਘਨ ਪੈ ਜਾਂਦੀ ਹੈ। ਇਸ ਦਾ ਅਸਰ ਹੌਲੀ-ਹੌਲੀ ਸਰੀਰ ’ਤੇ ਦਿਖਾਈ ਦਿੰਦਾ ਹੈ।
ਕਿਹੜੇ ਲੋਕ ਹਨ ਖ਼ਤਰੇ 'ਚ
ਜੋ ਵਿਅਕਤੀ ਲੰਬੇ ਸਮੇਂ ਤੱਕ ਪੀ. ਪੀ. ਆਈ. ਦਵਾਈਆਂ ਲੈ ਰਹੇ ਹਨ
ਬਜ਼ੁਰਗ
ਸ਼ਾਕਾਹਾਰੀ ਵਿਅਕਤੀ
ਜਿਨ੍ਹਾਂ ਨੂੰ ਜ਼ੋਲਿੰਗਰ ਐਲੀਸਨ ਸਿੰਡਰੋਮ ਜਾਂ ਇਰੋਸਿਵ ਇਸੋਫੈਜਾਈਟਿਸ ਵਰਗੀਆਂ ਸਮੱਸਿਆਵਾਂ ਹਨ।
ਇਨ੍ਹਾਂ ਵਿਅਕਤੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਰ 6-12 ਮਹੀਨੇ ਬਾਅਦ ਬੀ-12 ਦੀ ਜਾਂਚ ਜ਼ਰੂਰ ਕਰਵਾਉਣ।
ਇਹ ਵੀ ਪੜ੍ਹੋ : ਪੰਜਾਬ ਦੇ ਪਾਣੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਭਾਜਪਾ 'ਤੇ ਵਿੰਨ੍ਹਿਆ ਨਿਸ਼ਾਨਾ (ਵੀਡੀਓ)
ਵਿਟਾਮਿਨ ਬੀ-12 ਦੀ ਕਮੀ ਨਾਲ ਕੀ ਹੋ ਸਕਦਾ ਹੈ
ਸਰੀਰਕ ਥਕਾਵਟ ਤੇ ਕਮਜ਼ੋਰੀ
ਹੱਥਾਂ-ਪੈਰਾਂ ’ਚ ਝਣਝਣਾਹਟ
ਯਾਦਦਾਸ਼ਤ ਘਟਣੀ
ਅਨੀਮੀਆ
ਮਾਨਸਿਕ ਉਲਝਣ ਜਾਂ ਡਿਪ੍ਰੈਸ਼ਨ
ਕੀ ਹੁੰਦੀਆਂ ਪੀ. ਪੀ. ਆਈ. ਦਵਾਈਆਂ
ਪੀ. ਪੀ. ਆਈ. ਦਵਾਈਆਂ ਉਹ ਹਨ, ਜੋ ਪੇਟ ਦੇ ਐਸਿਡ ਨੂੰ ਘਟਾਉਣ ਲਈ ਦਿੱਤੀਆਂ ਜਾਂਦੀਆਂ ਹਨ। ਇਹ ਆਮ ਤੌਰ 'ਤੇ ਗੈਸ, ਅਲਸਰ, ਐਸਿਡ ਰਿਫਲਕਸ ਵਰਗੀਆਂ ਸਮੱਸਿਆਵਾਂ ਵਿੱਚ ਵਰਤੀਆਂ ਜਾਂਦੀਆਂ ਹਨ। ਇਹ ਦਵਾਈਆਂ ਸਿਰਫ਼ ਡਾਕਟਰੀ ਸਲਾਹ ਹੇਠ ਹੀ ਲੈਣੀਆਂ ਚਾਹੀਦੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8