ਜ਼ਿਲਾ ਪ੍ਰਸ਼ਾਸਨ ਨੇ 53 ਬੂਥਾਂ ''ਤੇ ਕਬਜ਼ੇ ਦੇ ਚਿਪਕਾਏ ਨੋਟਿਸ, ਤਹਿਸੀਲ ਕੰਪਲੈਕਸ ''ਚ ਮਚਿਆ ਹੜਕੰਪ

12/12/2019 11:21:33 AM

ਜਲੰਧਰ (ਚੋਪੜਾ)— ਤਹਿਸੀਲ ਕੰਪਲੈਕਸ ਦੇ ਉਨ੍ਹਾਂ ਬੂਥਾਂ 'ਚ ਬੀਤੇ ਦਿਨ ਅਚਾਨਕ ਹੜਕੰਪ ਮਚ ਗਿਆ, ਜਿਨ੍ਹਾਂ 'ਤੇ ਲੋਕਾਂ ਨੇ ਨਿਯਮਾਂ ਖਿਲਾਫ ਨਾਜਾਇਜ਼ ਤੌਰ 'ਤੇ ਕਬਜ਼ਾ ਕੀਤਾ ਹੋਇਆ ਹੈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੇ ਹੁਕਮਾਂ ਤੋਂ ਬਾਅਦ ਜ਼ਿਲਾ ਨਾਜਰ ਮਹੇਸ਼ ਕੁਮਾਰ ਨੇ ਅਜਿਹੇ 53 ਬੂਥਾਂ 'ਤੇ ਨੋਟਿਸ ਚਿਪਕਾਏ। ਦਿੱਤਾ ਸਮਾਂ ਬੀਤ ਜਾਣ ਤੋਂ ਬਾਅਦ ਕਿਸੇ ਵੀ ਧਿਰ ਦੀ ਕੋਈ ਦਲੀਲ ਨਹੀਂ ਸੁਣੀ ਜਾਵੇਗੀ। ਇਸ ਸਬੰਧ 'ਚ ਮਹੇਸ਼ ਕੁਮਾਰ ਨੇ ਦੱਸਿਆ ਕਿ ਬੂਥ ਦੀ ਅਲਾਟਮੈਂਟ 'ਚ ਸ਼ਰਤਾਂ ਨਿਰਧਾਰਤ ਸਨ ਕਿ ਕੋਈ ਵੀ ਬੂਥ ਅਲਾਟੀ ਦੀ ਮੌਤ ਹੋ ਜਾਣ ਦੀ ਸਥਿਤੀ 'ਚ ਨਾ ਤਾਂ ਵਾਰਸਾਂ ਨੂੰ ਟਰਾਂਸਫਰ ਹੋ ਸਕੇਗਾ ਅਤੇ ਨਾ ਹੀ ਕਿਸੇ ਨੂੰ ਸਬਲੈਟ ਕੀਤਾ ਜਾ ਸਕਦਾ ਹੈ ਪਰ ਇਸ ਸਬੰਧ 'ਚ ਡਿਪਟੀ ਕਮਿਸ਼ਨਰ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕਈ ਬੂਥਾਂ ਦੇ ਅਲਾਟੀਆਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੂਥਾਂ 'ਤੇ ਕਈ ਹੋਰ ਲੋਕ ਕਬਜ਼ਾ ਜਮਾਈ ਬੈਠੇ ਹਨ ਜਾਂ ਸਬੰਧਤ ਬੂਥਾਂ ਨੂੰ ਅਲਾਟੀ ਦੇ ਰਿਸ਼ਤੇਦਾਰਾਂ ਨੇ ਅੱਗੇ ਸਬਲੈਟ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਅਜਿਹੇ 53 ਬੂਥਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤੇ ਸਨ ਪਰ ਇਨ੍ਹਾਂ ਬੂਥਾਂ 'ਤੇ ਕਾਬਜ਼ ਲੋਕਾਂ ਨੂੰ ਆਖਰੀ ਮੌਕਾ ਦਿੱਤਾ ਗਿਆ। ਇਕ ਹਫਤੇ ਤੋਂ ਬਾਅਦ ਪ੍ਰਸਾਸਨ ਇਨ੍ਹਾਂ ਬੂਥਾਂ ਨਾਲ ਕਿਸੇ ਵੀ ਪੱਖ ਨੂੰ ਨਹੀਂ ਸੁਣੇਗਾ।

ਕੰਪਿਊਟਰ-ਲੈਪਟਾਪ ਵਰਤਣ ਵਾਲਿਆਂ ਨੂੰ ਵੀ ਦਿੱਤੀ ਚਿਤਾਵਨੀ
ਜ਼ਿਲਾ ਨਾਜਰ ਮਹੇਸ਼ ਕੁਮਾਰ ਨੇ ਕਾਰਵਾਈ ਦੌਰਾਨ ਉਨ੍ਹਾਂ ਬੂਥਾਂ ਦੇ ਅਲਾਟੀਆਂ ਨੂੰ ਵੀ ਚਿਤਾਵਨੀ ਦਿੱਤੀ ਜੋ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਆਪਣੇ ਬੂਥਾਂ 'ਤੇ ਕੰਪਿਊਟਰ-ਲੈਪਟਾਪ ਦੀ ਵਰਤੋਂ ਕਰ ਰਹੇ ਹਨ। ਮਹੇਸ਼ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ ਅਜਿਹੇ ਬੂਥ ਸੰਚਾਲਕਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਜੇਕਰ ਕਿਸੇ ਵੀ ਵਸੀਕਾ ਨਵੀਸ ਨੇ ਆਪਣੇ ਬੂਥ 'ਤੇ ਕੰਪਿਊਟਰ-ਲੈਪਟਾਪ ਵਰਤਣਾ ਹੈ ਤਾਂ ਉਸ ਲਈ 6 ਹਜ਼ਾਰ ਰੁਪਏ ਦੀ ਸਾਲਾਨਾ ਸਰਕਾਰੀ ਫੀਸ ਜਮ੍ਹਾ ਕਰਵਾ ਕੇ ਮਨਜ਼ੂਰੀ ਲੈਣ। ਜੇਕਰ ਨੇੜਲੇ ਭਵਿੱਖ ਵਿਚ ਫਿਰ ਕੋਈ ਵਸੀਕਾ ਨਵੀਸ ਬਿਨਾਂ ਮਨਜ਼ੂਰੀ ਕੰਪਿਊਟਰ ਵਰਤਦਾ ਫੜਿਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News