ਅੱਤ ਦੀ ਗਰਮੀ ਨੂੰ ਦੇਖਦੇ ਹੋਏ ਪੋਲਿੰਗ ਬੂਥਾਂ ’ਤੇ ਹੋਣਗੇ ਠੰਡੇ ਮਿੱਠੇ ਜਲ ਦੇ ਪ੍ਰਬੰਧ

Thursday, May 16, 2024 - 11:12 AM (IST)

ਖਰੜ (ਰਣਬੀਰ) : ਪੰਜਾਬ ’ਚ ਲੋਕ ਸਭਾ ਚੋਣਾਂ-2024 ਦੌਰਾਨ ਇੱਕ ਜੂਨ ਨੂੰ ਜ਼ਿਆਦਾ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ’ਚ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ’ਚ ਟੈਂਟ ਲਾ ਕੇ ਬੈਠਣ ਦਾ ਪ੍ਰਬੰਧ, ਠੰਡੇ ਤੇ ਮਿੱਠੇ ਜਲ ਦੀ ਛਬੀਲ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।

ਸਥਾਨਕ ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਦੇ ਵੋਟਰ ਸਾਖ਼ਰਤਾ ਕਲੱਬ ਦੇ ਮੈਂਬਰਾਂ ਵੱਲੋਂ ਮਤਦਾਨ ਵਾਲੇ ਦਿਨ ਚੋਣ ਬੂਥਾਂ ’ਤੇ ਲਾਈਆਂ ਜਾਣ ਵਾਲੀਆਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੀ ਤਿਆਰੀ ਵੱਜੋਂ ਲਾਂਡਰਾ-ਖਰੜ ਸੜਕ ’ਤੇ ਠੰਡੇ ਤੇ ਮਿੱਠੇ ਪਾਣੀ ਦੀ ਛਬੀਲ ਦੇ ਨਾਲ-ਨਾਲ ਵੇਰਕਾ ਦੀ ਮਿੱਠੀ ਲੱਸੀ ਛਬੀਲ ਲਾ ਕੇ ਰਿਹਰਸਲ ਕੀਤੀ ਗਈ। ਇਸ ਛਬੀਲ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਰਾਜੀਵ ਪੁਰੀ ਤੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਵੱਲੌਂ ਕੀਤਾ ਗਿਆ।

ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਵੋਟਾਂ ਵਾਲੇ ਦਿਨ ਰੈਪੀਡੋ ਬਾਈਕ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਤੇ ਬਜ਼ੁਰਗ ਵੋਟਰਾਂ ਨੂੰ ਚੋਣ ਬੂਥ ’ਤੇ ਪਹੁੰਚਾਉਣ ਤੇ ਛੱਡਣ ਦੀ ਸੇਵਾ ਮੁਫ਼ਤ ਦਿੱਤੀ ਜਾਵੇਗੀ। ਇਸ ਮੌਕੇ ਮਕੈਨੀਕਲ ਵਿਭਾਗ ਦੇ ਮੁਖੀ ਸੰਜੀਵ ਜਿੰਦਲ ਤੇ ਸਵੀਪ ਟੀਮ ਦੇ ਮੈਂਬਰ ਅਮ੍ਰਿਤਪਾਲ ਸਿੰਘ, ਰਣਵੀਰ ਸਿੰਘ ਤੇ ਸਤਿੰਦਰ ਸਿੰਘ ਨੇ ਵਿਸ਼ੇਸ਼ ਜ਼ਿੰਮੇਵਾਰੀਆਂ ਨਿਭਾਈਆਂ।
 


Babita

Content Editor

Related News