''ਲੋਕ ਘਰ ਬੈਠੇ ਹੀ ਦਰਜ ਕਰਵਾ ਸਕਦੇ ਹਨ ਸ਼ਿਕਾਇਤ, ਸਮਾਂਬੱਧ ਨਿਪਟਾਰਾ ਹੋਵੇਗਾ ਯਕੀਨੀ''

11/03/2020 9:20:03 PM

ਹੁਸ਼ਿਆਰਪੁਰ : ਪੰਜਾਬ ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸ਼ਿਕਾਇਤਾਂ ਆਨਲਾਈਨ ਦਰਜ ਕਰਵਾਉਣ ਲਈ ਸ਼ੁਰੂ ਕੀਤੇ ਗਏ ਪੰਜਾਬ ਸ਼ਿਕਾਇਤ ਨਿਵਾਰਨ ਸਿਸਟਮ (ਪੀ. ਜੀ. ਆਰ. ਐਸ.) ਨੂੰ ਹੋਰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਉਹ ਸਬੰਧਿਤ ਵਿਭਾਗਾਂ ਸਬੰਧੀ ਸ਼ਿਕਾਇਤਾਂ http://connect.punjab.gov.in/ ਰਾਹੀਂ ਘਰ ਬੈਠੇ ਹੀ ਦਰਜ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਆਨਲਾਈਨ ਪ੍ਰਣਾਲੀ ਰਾਹੀਂ ਘਰ ਬੈਠੇ ਹੀ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਕਿਉਂਕਿ ਪੰਜਾਬ ਸਰਕਾਰ ਵਲੋਂ ਸਾਰੇ ਵਿਭਾਗਾਂ ਨੂੰ ਪੀ. ਜੀ. ਆਰ. ਐਸ. ਰਾਹੀਂ ਜੋੜ ਦਿੱਤਾ ਗਿਆ ਹੈ, ਜਿਸ ਸਬੰਧੀ ਅਧਿਕਾਰੀਆਂ ਨੂੰ ਲੋੜੀਂਦੀ ਸਿਖਲਾਈ ਵੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਵਲੋਂ ਤਿਆਰ ਕੀਤਾ ਪੀ. ਜੀ. ਆਰ. ਐਸ. ਪੋਰਟਲ ਲੋਕ ਮਸਲਿਆਂ ਦੇ ਫੌਰੀ ਨਿਪਟਾਰੇ ਲਈ ਅਹਿਮ ਰੋਲ ਅਦਾ ਕਰੇਗਾ, ਜਿਸ ਨਾਲ ਡਿਜੀਟਲ ਪੰਜਾਬ ਨੂੰ ਵੀ ਮਜ਼ਬੂਤੀ ਮਿਲੇਗੀ।
ਅਪਨੀਤ ਰਿਆਤ ਨੇ ਕਿਹਾ ਕਿ ਮੌਜੂਦਾ ਸੂਚਨਾ ਤਕਨਾਲੋਜੀ ਦੇ ਯੁੱਗ ਵਿੱਚ ਅਜਿਹੇ ਕਦਮ ਲੋਕਾਂ ਲਈ ਬੇਹੱਦ ਲਾਹੇਵੰਦ ਹਨ ਅਤੇ ਲੋਕਾਂ ਨੂੰ ਅਜਿਹੀਆਂ ਪ੍ਰਣਾਲੀਆਂ ਦਾ ਭਰਪੂਰ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੀ. ਜੀ. ਆਰ.ਐਸ. ਰਾਹੀਂ ਸ਼ਿਕਾਇਤਾਂ ਦਾ ਜਲਦ ਅਤੇ ਸਮਾਂਬੱਧ ਢੰਗ ਨਾਲ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ। ਜਿਸ ਲਈ ਲੋਕਾਂ ਨੂੰ ਆਨਲਾਈਨ ਪੋਰਟਲ http://connect.punjab.gov.in/ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਆਪਣੇ-ਆਪ ਨੂੰ ਪੋਰਟਲ 'ਤੇ ਰਜਿਸਟਰ ਕਰਨ ਉਪਰੰਤ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੋਰਟਲ ਰਾਹੀਂ ਸ਼ਿਕਾਇਤ ਉਪਰੰਤ ਸ਼ਿਕਾਇਤ ਦੀ ਸਥਿਤੀ ਬਾਰੇ ਸ਼ਿਕਾਇਤ ਕਰਤਾ ਆਨਲਾਈਨ ਜਾਣਕਾਰੀ ਲੈ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਹੋਣ ਉਪਰੰਤ ਸ਼ਿਕਾਇਤ ਕਰਤਾ ਨੂੰ ਇਸ ਬਾਰੇ ਕੰਪਿਊਟਰਾਈਜ਼ਡ ਕਾਲ ਜਾਂ ਮੈਸੇਜ ਰਾਹੀਂ ਸੰਦੇਸ਼ ਪ੍ਰਾਪਤ ਹੋਵੇਗਾ। ਜੇਕਰ ਸ਼ਿਕਾਇਤ ਕਰਤਾ ਫੈਸਲੇ ਨਾਲ ਸਹਿਮਤ ਹੋਵੇਗਾ ਤਾਂ ਸ਼ਿਕਾਇਤ ਫਾਈਲ ਕਰ ਦਿੱਤੀ ਜਾਵੇਗੀ ਅਤੇ ਅਸਹਿਮਤੀ ਦੀ ਸੂਰਤ ਵਿੱਚ ਸ਼ਿਕਾਇਤ ਨੂੰ ਕਾਰਵਾਈ ਲਈ ਪੀ.ਜੀ.ਆਰ.ਐਸ ਨੀਤੀ ਤਹਿਤ ਬਣਾਈ ਕਮੇਟੀ ਕੋਲ ਨਿਪਟਾਰੇ ਲਈ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪੋਰਟਲ 'ਤੇ ਨਿੱਜੀ ਤੇ ਪਰਿਵਾਰਕ ਝਗੜੇ, ਆਰ.ਟੀ.ਆਈ ਮਾਮਲੇ, ਦੇਸ਼ ਦੀ ਖੇਤਰੀ ਅਖੰਡਤਾ ਜਾਂ ਦੂਸਰੇ ਦੇਸ਼ਾਂ ਨਾਲ ਦੋਸਤਾਨਾਂ ਸਬੰਧਾਂ ਨਾਲ ਜੁੜੇ ਮਾਮਲਿਆਂ ਅਤੇ ਅਦਾਲਤੀ ਮਾਮਲੇ ਨਹੀਂ ਵਿਚਾਰੇ ਜਾਣਗੇ।


Deepak Kumar

Content Editor

Related News