ਭ੍ਰਿਸ਼ਟਾਚਾਰ ਨੂੰ ਲਗਾਮ : ਮੈਨੂਅਲ ਰੀਡਿੰਗ ਬੰਦ ਹੋਣ ਕਾਰਨ ਨਹੀਂ ਬਣ ਸਕਣਗੇ ਘੱਟ ਰੀਡਿੰਗ ਵਾਲੇ ਬਿਜਲੀ ਬਿੱਲ

02/20/2021 3:00:26 PM

ਜਲੰਧਰ (ਪੁਨੀਤ)– ਪੈਸਿਆਂ ਦੇ ਲਾਲਚ ਵਿਚ ਮੀਟਰ ਰੀਡਿੰਗ ਘੱਟ ਦਰਜ ਕਰਕੇ ਗਲਤ ਬਿੱਲ ਬਣਾਉਣਾ ਹੁਣ ਸੰਭਵ ਨਹੀਂ ਹੋ ਸਕੇਗਾ। ਮਹਿਕਮੇ ਵੱਲੋਂ ਅਜਿਹਾ ਸਿਸਟਮ ਅਪਣਾਇਆ ਗਿਆ ਹੈ, ਜਿਸ ਨਾਲ ਭ੍ਰਿਸ਼ਟਾਚਾਰ ਨੂੰ ਲਗਾਮ ਲੱਗੇਗੀ ਅਤੇ ਬਿਜਲੀ ਮੀਟਰਾਂ ਦੀ ਮੈਨੂਅਲ ਰੀਡਿੰਗ ਹੁਣ ਨਹੀਂ ਹੋ ਸਕੇਗੀ। ਇਸ ਸਿਸਟਮ ਨਾਲ ਗਲਤ ਬਿੱਲ ਬਣਨ ਦੀਆਂ ਸ਼ਿਕਾਇਤਾਂ ਤੋਂ ਵੀ ਛੁਟਕਾਰਾ ਮਿਲੇਗਾ। ਮੀਟਰ ਰੀਡਰ ਦੇ ਮੋਬਾਇਲ ਨੂੰ ਤਾਰ ਜ਼ਰੀਏ ਬਿਜਲੀ ਦੇ ਮੀਟਰ ਨਾਲ ਜੋੜਿਆ ਜਾਵੇਗਾ, ਜਿਸ ਤੋਂ ਬਾਅਦ ਸਹੀ ਰੀਡਿੰਗ ਦਾ ਬਿੱਲ ਬਣੇਗਾ।

ਮੌਜੂਦਾ ਸਮੇਂ ਜਿਹੜਾ ਸਿਸਟਮ ਚੱਲ ਰਿਹਾ ਹੈ, ਉਸ ਜ਼ਰੀਏ ਮੀਟਰ ਰੀਡਰ ਖਪਤਕਾਰ ਦੇ ਬਿਜਲੀ ਮੀਟਰ ਦੀ ਫੋਟੋ ਖਿੱਚਦਾ ਹੈ ਅਤੇ ਉਸ ’ਤੇ ਦਿਸਣ ਵਾਲੀ ਰੀਡਿੰਗ ਨੂੰ ਆਪਣੀ ਬਿੱਲ ਮਸ਼ੀਨ ਵਿਚ ਪਾ ਕੇ ਬਿੱਲ ਦਾ ਪ੍ਰਿੰਟ ਕੱਢਦਾ ਹੈ। ਇਸ ਤੋਂ ਬਾਅਦ ਮੀਟਰ ਰੀਡਰ ਨੂੰ ਫੋਟੋ ਵੀ ਰਿਕਾਰਡ ਦੇ ਰੂਪ ਵਿਚ ਰੱਖਣੀ ਪੈਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਅਜਿਹੇ ਕੇਸ ਸਾਹਮਣੇ ਆਏ ਹਨ, ਜਿਸ ਵਿਚ ਬਿਜਲੀ ਦੇ ਮੀਟਰ ਦੀ ਧੁੰਦਲੀ ਫੋਟੋ ਖਿੱਚ ਕੇ ਗਲਤ ਢੰਗ ਨਾਲ ਬਿੱਲ ਬਣਾਏ ਗਏ ਹਨ। ਕਈ ਕੇਸਾਂ ਵਿਚ ਗਲਤ ਰੀਡਿੰਗ ਭਰਨ ਨਾਲ ਖਪਤਕਾਰਾਂ ਨੂੰ ਵੱਧ ਰਾਸ਼ੀ ਦੇ ਗਲਤ ਬਿੱਲ ਵੀ ਪ੍ਰਾਪਤ ਹੋਏ।

ਇਹ ਵੀ ਪੜ੍ਹੋ : ਕਪੂਰਥਲਾ ਦੇ ਇਤਿਹਾਸਕ ਸ਼ਾਲੀਮਾਰ ਬਾਗ ’ਚੋਂ 2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਮਿਲੀ ਲਾਸ਼

ਭਵਿੱਖ ਵਿਚ ਗਲਤ ਬਿੱਲ ਬਣਾਉਣ ’ਤੇ ਰੋਕ ਲਾਉਣ ਲਈ ਇਕ ਸਾਫਟਵੇਅਰ ਤਿਆਰ ਕਰਵਾਇਆ ਗਿਆ ਹੈ। ਇਸ ਸਾਫਟਵੇਅਰ ਨੂੰ ਮੀਟਰ ਰੀਡਰ ਦੇ ਮੋਬਾਇਲ ਵਿਚ ਇੰਸਟਾਲ ਕਰਵਾਇਆ ਗਿਆ ਹੈ। ਮੀਟਰ ਰੀਡਰ ਜਦੋਂ ਖਪਤਕਾਰ ਦੇ ਬਿਜਲੀ ਮੀਟਰ ਨਾਲ ਆਪਣੇ ਮੋਬਾਇਲ ਨੂੰ ਅਟੈਚ ਕਰੇਗਾ ਤਾਂ ਉਸਦਾ ਸਾਫਟਵੇਅਰ ਖੁਦ ਹੀ ਖਪਤਕਾਰ ਦਾ ਖਾਤਾ ਨੰਬਰ ਚੁੱਕ ਲਵੇਗਾ। ਇਸ ਦੇ ਨਾਲ ਹੀ ਮੀਟਰ ਦੀ ਜਿਹੜੀ ਰੀਡਿੰਗ ਹੋਵੇਗੀ, ਉਹ ਸਾਫਟਵੇਅਰ ਵਿਚ ਦਰਜ ਹੋ ਜਾਵੇਗੀ, ਜਿਸ ਤੋਂ ਬਾਅਦ ਸਹੀ ਬਿੱਲ ਹੀ ਤਿਆਰ ਹੋਵੇਗਾ। ਇਸ ਤਰ੍ਹਾਂ ਗਲਤ ਬਿੱਲ ਬਣਨ ਦੀ ਸੰਭਾਵਨਾ ਸਿਫਰ ਦੇ ਬਰਾਬਰ ਰਹਿ ਜਾਵੇਗੀ।
ਇਸ ਸਿਸਟਮ ਨਾਲ ਵਿਭਾਗ ਨੂੰ ਬਹੁਤ ਲਾਭ ਹੋਵੇਗਾ ਅਤੇ ਖਪਤਕਾਰਾਂ ਲਈ ਵੀ ਇਹ ਲਾਹੇਵੰਦ ਸਾਬਿਤ ਹੋਵੇਗਾ। ਗਲਤ ਬਿੱਲ ਬਣਨ ਦੀਆਂ ਖਪਤਕਾਰਾਂ ਦੀਆਂ ਜ਼ਿਆਦਾ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ। ਇਸ ਸਿਸਟਮ ਜ਼ਰੀਏ ਖਪਤਕਾਰਾਂ ਨੂੰ ਸਹੀ ਬਿੱਲ ਮਿਲੇਗਾ ਅਤੇ ਗਲਤ ਬਿੱਲ ਠੀਕ ਕਰਵਾਉਣ ਲਈ ਬਿਜਲੀ ਘਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਬਿਜਲੀ ਬਿੱਲ ਬਣਾਉਣ ਦਾ ਠੇਕਾ ਪ੍ਰਾਈਵੇਟ ਕੰਪਨੀ ਸਟ੍ਰਿੰਗਰ ਟਰਾਂਸਫਾਰਮਰ ਕੋਲ ਹੈ। ਇਸ ਕੰਪਨੀ ਨੇ ਇਸ ਸਿਸਟਮ ਨੂੰ ਤਿਆਰ ਕਰਵਾਇਆ ਹੈ ਤਾਂ ਕਿ ਉਸਦੇ ਕੰਮਕਾਜ ਨਾਲ ਲੋਕਾਂ ਨੂੰ ਮਿਹਕਮੇ ਪ੍ਰਤੀ ਸ਼ਿਕਾਇਤਾਂ ਨਾ ਰਹਿਣ।

ਇਹ ਵੀ ਪੜ੍ਹੋ : ਦਸੂਹਾ ਤੋਂ ਵੱਡੀ ਖ਼ਬਰ: ਕੇਂਦਰ ਦੇ ਖੇਤੀ ਕਾਨੂੰਨਾਂ ਅਤੇ ਪੰਜਾਬ ਸਰਕਾਰ ਤੋਂ ਦੁਖੀ ਪਿਓ-ਪੁੱਤ ਨੇ ਕੀਤੀ ਖ਼ੁਦਕੁਸ਼ੀ

ਅਖੌਤੀ ਮਹਿਕਮੇ ਕਰਮਚਾਰੀਆਂ ਦੀ ਵੀ ਖੁੱਲ੍ਹੇਗੀ ਪੋਲ
ਬਿਜਲੀ ਬਿੱਲ ਬਣਾਉਣ ਲਈ ਜਿਹੜਾ ਨਵਾਂ ਸਿਸਟਮ ਤਿਆਰ ਕਰਵਾਇਆ ਗਿਆ ਹੈ, ਉਸ ਜ਼ਰੀਏ ਵਿਭਾਗ ਦੇ ਅਖੌਤੀ ਕਰਮਚਾਰੀਆਂ ਦੀ ਵੀ ਪੋਲ ਖੁੱਲ੍ਹੇਗੀ। ਸੂਤਰ ਦੱਸਦੇ ਹਨ ਕਿ ਕਈ ਖਪਤਕਾਰਾਂ ਦੇ ਇਥੇ ਅਜੇ ਵੀ ਪੁਰਾਣੇ ਮੀਟਰ ਲੱਗੇ ਹੋਏ ਹਨ। ਸੈਟਿੰਗ ਕਾਰਣ ਉਕਤ ਮੀਟਰ ਬਦਲੇ ਨਹੀਂ ਗਏ। ਇਸ ਸਿਸਟਮ ਵਿਚ ਬਿੱਲ ਬਣਾਉਣ ਸਮੇਂ ਜਦੋਂ ਡਿਵਾਈਸ ਬਿਜਲੀ ਦੇ ਮੀਟਰ ਨਾਲ ਅਟੈਚ ਨਹੀਂ ਹੋਵੇਗੀ ਤਾਂ ਮੀਟਰ ਰੀਡਰ ਨੂੰ ਬਿੱਲ ਨਾ ਬਣਨ ਦੀ ਆਪਸ਼ਨ ਭਰਨੀ ਹੋਵੇਗੀ। ਇਸ ਦੇ ਨਾਲ ਪ੍ਰਾਈਵੇਟ ਕੰਪਨੀ ਕੋਲ ਡਾਟਾ ਤਿਆਰ ਹੋਵੇਗਾ, ਜਿਸ ਵਿਚ ਪੁਰਾਣੇ ਮੀਟਰਾਂ ਦੀ ਸੂਚੀ ਸ਼ਾਮਲ ਹੋਵੇਗੀ। ਇਸ ਨਾਲ ਪਤਾ ਲੱਗ ਜਾਵੇਗਾ ਕਿ ਕਿਹੜੇ-ਕਿਹੜੇ ਖਪਤਕਾਰਾਂ ਦੇ ਅਜੇ ਵੀ ਪੁਰਾਣੇ ਮੀਟਰ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਖਹਿਰਾ ਨੇ ਧਰਮੀ ਫੌਜੀਆਂ ਦੇ ਭੱਤੇ ਨੂੰ ਲੈ ਕੇ ਕੈਪਟਨ ਨੂੰ ਲਿਖੀ ਚਿੱਠੀ, ਰੱਖੀ ਇਹ ਮੰਗ

ਅੰਦਰ ਲੱਗੇ ਮੀਟਰਾਂ ਨੂੰ ਕੱਟਣ ਦੇ ਆਰਡਰ ਹੋਣਗੇ ਜਾਰੀ
ਦੱਸਿਆ ਜਾ ਰਿਹਾ ਹੈ ਕਿ ਕਈ ਥਾਵਾਂ ’ਤੇ ਬਿਜਲੀ ਦੇ ਮੀਟਰ ਘਰਾਂ/ਦੁਕਾਨਾਂ ਦੇ ਅੰਦਰ ਲੱਗੇ ਹੋਏ ਹਨ। ਬਿੱਲ ਬਣਾਉਣ ਲਈ ਇਨ੍ਹਾਂ ਮੀਟਰਾਂ ਦੀ ਰੀਡਿੰਗ ਵੀ ਅਖੌਤੀ ਸੈਟਿੰਗ ਕਾਰਣ ਨਹੀਂ ਹੁੰਦੀ ਅਤੇ ਐਵਰੇਜ ਦੇ ਹਿਸਾਬ ਨਾਲ ਬਿੱਲ ਬਣਾਇਆ ਜਾਂਦਾ ਹੈ। ਕੁਝ ਲੋਕਾਂ ਦੇ ਮੀਟਰ ਅਜਿਹੀ ਥਾਂ ’ਤੇ ਲੱਗੇ ਹਨ, ਜਿਥੇ ਕਮਰੇ ਜਾਂ ਦੁਕਾਨ ਦੇ ਬਾਹਰ ਤਾਲਾ ਲਾਇਆ ਹੁੰਦਾ ਹੈ। ਇਸ ਸਿਸਟਮ ਨਾਲ ਬਿੱਲ ਬਣਨ ’ਤੇ ਉਕਤ ਗੱਲਾਂ ਵੀ ਪਤਾ ਲੱਗ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਅਜਿਹੇ ਕੇਸਾਂ ਵਿਚ ਵਿਭਾਗ ਵੱਲੋਂ ਟੀ. ਡੀ. ਓ. (ਟੈਂਪਰੇਰੀ ਡਿਸਕੁਨੈਕਸ਼ਨ) ਦੇ ਆਰਡਰ ਵੀ ਜਾਰੀ ਕੀਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਗਲਤ ਬਿੱਲ ਮਿਲਣ ਸਬੰਧੀ ਪਾਵਰ ਨਿਗਮ ਦੇ ਸ਼ਿਕਾਇਤ ਕੇਂਦਰ ਵਿਚ ਰੋਜ਼ਾਨਾ ਕਈ ਫੋਨ ਆਉਂਦੇ ਹਨ। ਇਸ ਸਿਸਟਮ ਨਾਲ ਮਹਿਕਮੇ ਨੂੰ ਉਕਤ ਫੋਨਾਂ ਤੋਂ ਵੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਗੱਭਰੂ ਪੁੱਤਰਾਂ ਦੀ ਹੋਈ ਮੌਤ


shivani attri

Content Editor

Related News