ਕਾਂਗਰਸੀ ਰੈਲੀ 7 ਨੂੰ ਮੋਗਾ ’ਚ ਹੀ, ਰਾਹੁਲ ਲੈਣਗੇ ਹਿੱਸਾ
Friday, Mar 01, 2019 - 03:25 AM (IST)

ਜਲੰਧਰ, (ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ 7 ਮਾਰਚ ਨੂੰ ਹੀ ਪਾਰਟੀ ਦੀ ਰੈਲੀ ਮੋਗਾ ’ਚ ਕੀਤੀ ਜਾ ਰਹੀ ਹੈ, ਜਿਸ ਨੂੰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਸੰਬੋਧਨ ਕਰਨਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਆਪਸ ’ਚ ਬੈਠਕ ਕਰਕੇ ਇਸ ਸਬੰਧ ’ਚ ਆਖਰੀ ਫੈਸਲਾ ਲਿਆ ਕਿ ਪਾਰਟੀ ਨੂੰ ਆਪਣੀਆਂ ਸਿਆਸੀ ਗਤੀਵਿਧੀਆਂ ਚਾਲੂ ਰੱਖਣੀਆਂ ਚਾਹੀਦੀਆਂ ਹਨ, ਕਿਉਂਕਿ ਦੂਜੇ ਪਾਸੇ ਭਾਜਪਾ ਨੇ ਵੀ ਆਪਣੀਆਂ ਸਿਆਸੀ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ।
ਦੱਸਿਆ ਜਾਂਦਾ ਹੈ ਕਿ ਪਹਿਲਾਂ ਇਹ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਕਾਂਗਰਸ ਵਲੋਂ 7 ਮਾਰਚ ਨੂੰ ਰੈਲੀ ਕੀਤੀ ਜਾਵੇਗੀ ਜਾਂ ਨਹੀਂ ਕਿਉਂਕਿ ਸਰਹੱਦਾਂ ’ਤੇ ਤਣਾਅ ਦੀ ਸਥਿਤੀ ਚਲ ਰਹੀ ਸੀ। ਕੈਪਟਨ ਅਤੇ ਜਾਖੜ ਨੇ ਆਪਸ ’ਚ ਚਰਚਾ ਕਰਕੇ ਇਹ ਫੈਸਲਾ ਲਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਪਤਾ ਨਹੀਂ ਹੈ ਕਿ ਉਹ ਕਦੋਂ ਚੋਣਾਂ ਦਾ ਐਲਾਨ ਚੋਣ ਕਮਿਸ਼ਨ ਨਾਲ ਕਰਵਾ ਦੇਣ। ਇਸ ਲਈ ਕਾਂਗਰਸ ਵਰਕਰਾਂ ਨੂੰ ਸੂਬੇ ’ਚ ਗਤੀਸ਼ੀਲ ਬਣਾਈ ਰੱਖਣ ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ਨੂੰ ਕਿਹਾ ਕਿ ਉਹ ਮੋਗਾ ਚਲੇ ਜਾਣ ਅਤੇ ਉਥੇ ਪਾਰਟੀ ਦੀ ਚੋਣ ਰੈਲੀ ਦੀਆਂ ਤਿਆਰੀਆਂ ਆਪਣੀ ਦੇਖ-ਰੇਖ ’ਚ ਕਰਵਾਓ। ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਜਾਖੜ ਮੋਗਾ ਚਲੇ ਗਏ।
ਰਵਾਨਾ ਹੋਣ ਤੋਂ ਪਹਿਲਾਂ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਲੋਕ ਸਭਾ ਚੋਣਾਂ ਨਾਲ ਭਾਜਪਾ ਨੂੰ ਕੋਈ ਖਿਲਵਾੜ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਚੋਣਾਂ ਸਮੇਂ ’ਤੇ ਹੀ ਹੋਣੀਆਂ ਚਾਹੀਦੀਆਂ ਹਨ।