ਅੰਮ੍ਰਿਤਪਾਲ ਸਿੰਘ ਦਾ ਸੰਸਦੀ ਇਜਲਾਸ ’ਚ ਹਿੱਸਾ ਲੈਣਾ ਮੁਸ਼ਕਲ, ਪਟੀਸ਼ਨ ’ਤੇ ਸੁਣਵਾਈ ਮੁਲਤਵੀ

Thursday, Dec 18, 2025 - 04:16 PM (IST)

ਅੰਮ੍ਰਿਤਪਾਲ ਸਿੰਘ ਦਾ ਸੰਸਦੀ ਇਜਲਾਸ ’ਚ ਹਿੱਸਾ ਲੈਣਾ ਮੁਸ਼ਕਲ, ਪਟੀਸ਼ਨ ’ਤੇ ਸੁਣਵਾਈ ਮੁਲਤਵੀ

ਚੰਡੀਗੜ੍ਹ (ਗੰਭੀਰ) : ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਲਈ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਹਿੱਸਾ ਲੈਣ ਦਾ ਰਸਤਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਦਾਇਰ ਉਨ੍ਹਾਂ ਦੀ ਪੈਰੋਲ ਅਰਜ਼ੀ ’ਤੇ ਬੁੱਧਵਾਰ ਨੂੰ ਵੀ ਸੁਣਵਾਈ ਨਹੀਂ ਹੋ ਸਕੀ। ਵਕੀਲਾਂ ਦੀ ਜਾਰੀ ਹੜਤਾਲ ਕਾਰਨ ਅਦਾਲਤ ਨੇ ਪਟੀਸ਼ਨ ’ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਸੰਸਦ ਦਾ ਸਰਦ ਰੁੱਤ ਇਜਲਾਸ 19 ਦਸੰਬਰ ਨੂੰ ਖ਼ਤਮ ਹੋਣਾ ਹੈ। ਇਸ ਸੂਰਤ ’ਚ ਅੰਮ੍ਰਿਤਪਾਲ ਸਿੰਘ ਕੋਲ ਸਿਰਫ਼ ਇਕ ਦਿਨ ਦਾ ਹੀ ਸਮਾਂ ਬਾਕੀ ਬਚਦਾ ਹੈ। ਚੀਫ ਜਸਟਿਸ ਸ਼ੀਲ ਨਾਗੂ ਨੇ ਖੁੱਲ੍ਹੀ ਅਦਾਲਤ ’ਚ ਇਸ ਕੇਸ ’ਚ ਪੇਸ਼ ਹੋਣ ਵਾਲੇ ਵਕੀਲਾਂ ਨੂੰ ਘੱਟੋ-ਘੱਟ 4 ਵਾਰ ਪੁਕਾਰਿਆ ਪਰ ਕੋਈ ਵੀ ਹਾਜ਼ਰ ਨਹੀਂ ਹੋਇਆ।

ਚੀਫ ਜਸਟਿਸ ਨੇ ਕਿਹਾ ਕਿਹਾ ਜੇ ਇਸੇ ਤਰ੍ਹਾਂ ਸੁਣਵਾਈ ਟਲਦੀ ਰਹੀ ਤਾਂ ਪਟੀਸ਼ਨ ਬੇਤੁਕੀ ਹੋ ਸਕਦੀ ਹੈ। ਹਾਲਾਂਕਿ ਬੈਂਚ ਨੇ ਇਹ ਵੀ ਕਿਹਾ ਕਿ ਸੰਸਦ ਦਾ ਇਜਲਾਸ ਵਧਾਇਆ ਜਾ ਸਕਦਾ ਹੈ ਪਰ ਇਸ ਬਾਰੇ ਹਾਲੇ ਕੋਈ ਤੈਅ ਜਾਣਕਾਰੀ ਨਹੀਂ ਹੈ। ਬੈਂਚ ਨੇ ਇਹ ਵੀ ਰਿਕਾਰਡ ’ਤੇ ਲਿਆ ਕਿ ਸੂਬਾ ਸਰਕਾਰ ਵੱਲੋਂ ਇਸ ਮਾਮਲੇ ’ਚ ਪਹਿਲਾਂ ਹੀ ਵਿਸਥਾਰਤ ਬਹਿਸ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਸੀਨੀਅਰ ਵਕੀਲ ਅਨੂਪਮ ਗੁਪਤਾ ਨੇ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਦਾ ਸਖ਼ਤ ਵਿਰੋਧ ਕਰਦਿਆਂ ਤਕਰੀਬਨ 2 ਦਿਨਾਂ ਤੱਕ ਆਪਣੀਆਂ ਦਲੀਲਾਂ ਰੱਖੀਆਂ ਸਨ। ਮਾਮਲੇ ਦੀ ਸੰਵੇਦਨਸ਼ੀਲਤਾ ਤੇ ਸਮੇਂ ਦੀ ਕਮੀ ਨੂੰ ਦੇਖਦਿਆਂ ਹੀ ਅਦਾਲਤ ਨੇ 16 ਦਸੰਬਰ ਨੂੰ ਅੰਮ੍ਰਿਤਪਾਲ ਸਿੰਘ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਖ਼ੁਦ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਸੀ ਕਿਉਂਕਿ ਵਕੀਲਾਂ ਨੇ ਅਦਾਲਤ ਦੀ ਕਾਰਵਾਈ ਤੋਂ ਦੂਰੀ ਬਣਾ ਰੱਖੀ ਸੀ।


author

Babita

Content Editor

Related News