ਮੋਗਾ ਵਿਚ ਚੱਲਿਆ ਆਪ੍ਰੇਸ਼ਨ ਕਾਸੋ, 200 ਤੋਂ ਵੱਧ ਮੁਲਾਜ਼ਮਾਂ ਨੇ ਸਾਂਭਿਆ ਮੋਰਚਾ
Wednesday, Dec 10, 2025 - 05:57 PM (IST)
ਮੋਗਾ (ਕਸ਼ਿਸ਼) : ਪੰਜਾਬ ਨੂੰ ਨਸ਼ੇ ਮੁਕਤ ਕਰਨ ਦੀ ਮੁਹਿੰਮ ਨੂੰ ਤੇਜ਼ ਕਰਦਿਆਂ ਪੰਜਾਬ ਪੁਲਸ ਨੇ ਮੋਗਾ ਵਿਚ ਵੱਡੇ ਪੱਧਰ ‘ਤੇ ਕਾਸੋ ਆਪ੍ਰੇਸ਼ਨ ਚਲਾਇਆ। ਇਸ ਕਾਰਵਾਈ ਦੀ ਅਗਵਾਈ ADGP ਸ਼ਿਵ ਕੁਮਾਰ ਨੇ ਕੀਤੀ, ਜਦਕਿ ਉਨ੍ਹਾਂ ਦੇ ਨਾਲ ਮੋਗਾ ਦੇ ਐੱਸ. ਐੱਸ. ਪੀ. ਅਜੈ ਗਾਂਧੀ, SP (D) ਬਾਲ ਕ੍ਰਿਸ਼ਣ, DSP ਰੈਂਕ ਦੇ ਅਫ਼ਸਰਾਂ ਸਮੇਤ ਲਗਭਗ 200 ਤੋਂ 250 ਪੁਲਸ ਕਰਮਚਾਰੀ ਮੌਜੂਦ ਸਨ। ਮੋਗਾ ਦੇ ਵੱਖ-ਵੱਖ ਇਲਾਕਿਆਂ ਵਿਚ ਚਲਾਈ ਗਈ ਕਾਰਵਾਈ ਦੇ ਤਹਿਤ ਪੁਲਸ ਨੇ ਨਸ਼ਾ ਤਸਕਰਾਂ ਦੇ ਠਿਕਾਣਿਆਂ ‘ਤੇ ਅਚਾਨਕ ਛਾਪੇ ਮਾਰੇ ਅਤੇ ਵਿਸਥਾਰਪੂਰਵਕ ਤਲਾਸ਼ੀ ਆਪਰੇਸ਼ਨ ਚਲਾਇਆ। ਪੁਲਸ ਵੱਲੋਂ ਜਾਰੀ ਇਹ ਮੁਹਿੰਮ ਨਸ਼ੇ ਵਿਰੁੱਧ ਚੱਲ ਰਹੇ ਯੁੱਧ ਨਸ਼ਿਆਂ ਵਿਰੁੱਧ ਦਾ ਹਿੱਸਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਏ. ਡੀ. ਜੀ. ਪੀ. ਸ਼ਿਵ ਕੁਮਾਰ ਵਰਮਾ ਨੇ ਦੱਸਿਆ ਕਿ ਪੰਜਾਬ ਦੇ ਵੱਡੇ ਨਸ਼ਾ ਤਸਕਰਾਂ ਨੂੰ ਲਗਾਤਾਰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਭੇਜਿਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੌਜਵਾਨਾਂ ਲਈ ਇਲਾਜ ਅਤੇ ਪੁਨਰਵਾਸ ਦੀ ਵੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ, ਜੋ ਨਸ਼ੇ ਦੀ ਲਤ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਨ ਲਈ ਖਾਸ ਯਤਨ ਕਰ ਰਹੀ ਹੈ, ਤਾਂ ਜੋ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾ ਸਕੇ।
