ਅੱਜ ਰਾਤ 12 ਵਜੇ ਖਤਮ ਹੋ ਜਾਵੇਗਾ ਕੰਪਨੀ ਬਾਗ ਬੀ. ਓ. ਟੀ. ਪਾਰਕਿੰਗ ਦਾ ਠੇਕਾ

12/28/2019 1:26:22 PM

ਜਲੰਧਰ (ਖੁਰਾਣਾ)— ਚੌਧਰੀ ਜਗਜੀਤ ਸਿੰਘ (ਹੁਣ ਸਵਰਗਵਾਸੀ) ਜਦੋਂ ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਹੁੰਦੇ ਸਨ ਤਾਂ 2004 'ਚ ਉਨ੍ਹਾਂ ਨੇ ਜਲੰਧਰ ਨਿਗਮ ਦੇ ਤਹਿਤ ਬੀ. ਓ. ਟੀ. ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਸੀ, ਜਿਨ੍ਹਾਂ 'ਤੇ ਖੂਬ ਵਿਵਾਦ ਹੋਇਆ। ਵਿਰੋਧੀ ਧਿਰ ਨੇ ਇਸ ਨੂੰ ਘਪਲਾ ਦੱਸਿਆ ਅਤੇ ਇਨ੍ਹਾਂ ਬੀ. ਓ. ਟੀ. ਪ੍ਰਾਜੈਕਟਾਂ ਦੇ ਕਾਰਨ ਕਾਂਗਰਸ ਦੀ ਖੂਬ ਬਦਨਾਮੀ ਹੋਈ। ਇਸ ਬਦਨਾਮੀ ਦਾ ਹਸ਼ਰ ਇਹ ਹੋਇਆ ਕਿ ਉਸ ਤੋਂ ਬਾਅਦ ਲਗਾਤਾਰ 10 ਸਾਲ ਪੰਜਾਬ 'ਚ ਅਕਾਲੀ-ਭਾਜਪਾ ਦੀ ਸਰਕਾਰ ਰਹੀ।

ਉਸੇ ਬੀ. ਓ. ਟੀ. ਸਕੈਂਡਲ ਦੇ ਤਹਿਤ ਕੰਪਨੀ ਬਾਗ 'ਚ ਬਣੀ ਅੰਡਰਗਰਾਊਂਡ ਪਾਰਕਿੰਗ ਦਾ ਠੇਕਾ ਵੀ ਇਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਸੀ। ਪਹਿਲੇ ਐਗਰੀਮੈਂਟ 'ਚ ਹੀ ਕੰਪਨੀ ਨੂੰ ਕਈ ਤਰ੍ਹਾਂ ਦੀ ਫੇਵਰ ਦਿੱਤੀ ਗਈ ਪਰ ਉਸ ਤੋਂ ਬਾਅਦ ਤਾਂ ਹੱਦ ਹੀ ਹੋ ਗਈ ਜਦੋਂ ਇਸੇ ਪ੍ਰਾਜੈਕਟ ਦਾ ਦੂਜਾ ਐਗਰੀਮੈਂਟ ਸਾਈਨ ਕਰਕੇ ਕੰਪਨੀ ਨੂੰ ਇਸ਼ਤਿਹਾਰ ਅਤੇ ਕਈ ਹੋਰ ਮਾਮਲਿਆਂ 'ਚ ਦੋਬਾਰਾ ਵੱਡੀ ਫੇਵਰ ਦਿੱਤੀ ਗਈ।
ਕਰੀਬ 15 ਸਾਲ ਇਹ ਪ੍ਰਾਜੈਕਟ ਪ੍ਰਾਈਵੇਟ ਹੱਥਾਂ 'ਚ ਰਿਹਾ ਅਤੇ ਕਾਂਟਰੈਕਟ ਲੈਣ ਵਾਲੀ ਕੰਪਨੀ ਨੇ ਚੰਗੀਆਂ ਮੌਜਾਂ ਲੁੱਟੀਆਂ ਪਰ ਅੱਜ ਰਾਤ 12 ਵਜੇ ਇਸ ਪ੍ਰਾਜੈਕਟ ਦਾ ਠੇਕਾ ਖਤਮ ਹੋਣ ਜਾ ਰਿਹਾ ਹੈ ਅਤੇ 29 ਦਸੰਬਰ ਨੂੰ ਸਵੇਰੇ ਕੰਪਨੀ ਬਾਗ ਦਾ ਅੰਡਰਗਰਾਊਂਡ ਪਾਰਕਿੰਗ ਪ੍ਰਾਜੈਕਟ ਜਲੰਧਰ ਨਗਰ ਨਿਗਮ ਦੇ ਹਵਾਲੇ ਹੋ ਜਾਵੇਗਾ।

PunjabKesari

ਲੱਖਾਂ ਦੀ ਕਮਾਈ ਦੇਣ ਵਾਲੇ ਵੱਡੇ-ਵੱਡੇ ਹੋਰਡਿੰਗਸ ਉੱਤਰੇ
ਪ੍ਰਾਈਵੇਟ ਕੰਪਨੀ ਨੇ ਬੀ. ਓ. ਟੀ. ਪਾਰਕਿੰਗ ਦੇ ਉੱਪਰ ਕਰੀਬ ਅੱਧਾ ਦਰਜਨ ਵੱਡੇ-ਵੱਡੇ ਹੋਰਡਿੰਗਸ ਲਾਏ ਹੋਏ ਸਨ, ਜਿਨ੍ਹਾਂ ਤੋਂ ਹਰ ਮਹੀਨੇ ਲੱਖਾਂ ਰੁਪਏ ਵਸੂਲੇ ਜਾਂਦੇ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਥਾਂ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਹੀ ਬੈਠੇ ਨਿਗਮ ਅਧਿਕਾਰੀਆਂ ਨੇ ਇਨ੍ਹਾਂ ਹੋਰਡਿੰਗਸ ਤੋਂ ਕਦੇ ਇਸ਼ਤਿਹਾਰ ਫੀਸ ਤੱਕ ਨਹੀਂ ਲਈ। ਨਾ ਹੀ ਕਦੇ ਕਿਸੇ ਹੋਰਡਿੰਗ ਦੇ ਸਾਈਜ਼ 'ਤੇ ਇਤਰਾਜ਼ ਕੀਤਾ। ਭਾਵੇਂ ਕਿ ਇਹ ਹੋਰਡਿੰਗ ਪੰਜਾਬ 'ਚ ਸਭ ਤੋਂ ਵੱਡੇ ਸਾਈਜ਼ ਦੇ ਸਨ। ਕਈ ਵਾਰ ਇਨ੍ਹਾਂ ਹੋਰਡਿੰਗਸ 'ਤੇ ਇਤਰਾਜ਼ਯੋਗ ਇਸ਼ਤਿਹਾਰ ਵੀ ਲੱਗੇ ਪਰ ਫਿਰ ਵੀ ਨਿਗਮ ਨੇ ਟੋਕਾ-ਟਾਕੀ ਨਹੀਂ ਕੀਤੀ। ਹੁਣ ਜਦੋਂਕਿ ਬੀ. ਓ. ਟੀ. ਪਾਰਕਿੰਗ ਦਾ ਠੇਕਾ ਖਤਮ ਹੋਣ 'ਚ ਕੁਝ ਹੀ ਘੰਟੇ ਬਚੇ ਹਨ, ਠੇਕੇਦਾਰ ਨੇ ਪਾਰਕਿੰਗ ਦੇ ਉੱਪਰ ਲੱਗੇ ਵੱਡੇ-ਵੱਡੇ ਯੂਨੀਪੋਲ ਉਤਾਰ ਦਿੱਤੇ ਹਨ।

ਹੁਣ ਦੁਕਾਨਾਂ ਵੀ ਨਿਗਮ ਦੇ ਹਵਾਲੇ ਹੋਣਗੀਆਂ
ਇਸੇ ਬੀ. ਓ. ਟੀ. ਪਾਰਕਿੰਗ 'ਚ ਠੇਕੇਦਾਰ ਨੇ 2 ਦੁਕਾਨਾਂ ਵੀ ਬਣਾਈਆਂ ਹੋਈਆਂ ਸਨ, ਇਕ 'ਚ ਮੈਡੀਕਲ ਸ਼ਾਪ ਅਤੇ ਦੂਜੀ 'ਚ ਕਾਰ ਅਸੈਸਰੀ ਹੈ। ਇਥੇ ਇਕ ਟੈਕਸੀ ਸਟੈਂਡ ਵੀ ਹੁੰਦਾ ਸੀ। ਹੁਣ ਇਹ ਸਾਰੀ ਤਾਮ-ਝਾਮ ਸਮੇਟਣ ਦਾ ਸਮਾਂ ਆ ਗਿਆ ਹੈ ਕਿਉਂਕਿ 28 ਦਸੰਬਰ ਦੀ ਰਾਤ 12 ਵਜੇ ਤੋਂ ਬਾਅਦ ਇਸ ਸਾਰੇ ਕੰਪਲੈਕਸ 'ਤੇ ਨਿਗਮ ਦਾ ਕਬਜ਼ਾ ਹੋ ਜਾਵੇਗਾ ਅਤੇ ਨਿਗਮ ਨਵੇਂ ਸਿਰੇ ਤੋਂ ਇਨ੍ਹਾਂ ਦੁਕਾਨਾਂ ਦੀ ਬੋਲੀ ਆਦਿ ਕਰਵਾਏਗਾ।

ਨਿਗਮ ਨੇ 25 ਪਾਰਕਿੰਗ ਦੇ ਟੈਂਡਰ ਲਾਏ
ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਸ਼ਹਿਰ 'ਚ 25 ਅਜਿਹੀਆਂ ਥਾਵਾਂ ਚੁਣੀਆਂ ਹਨ, ਜਿਥੇ ਜਨਤਕ ਪਾਰਕਿੰਗ ਹੋਵੇਗੀ। ਇਨ੍ਹਾਂ 'ਚੋਂ ਜ਼ਿਆਦਾਤਰ ਥਾਵਾਂ ਹਸਪਤਾਲਾਂ, ਹੋਟਲਾਂ ਅਤੇ ਮਾਲਜ਼ ਦੇ ਬਾਹਰ ਹਨ। ਇਨ੍ਹਾਂ ਸਾਰੀਆਂ ਥਾਵਾਂ ਨੂੰ ਨੀਲਾਮ ਕਰਨ ਲਈ ਨਿਗਮ ਨੇ ਅੱਜ ਟੈਂਡਰ ਫਲੋਟ ਕਰ ਦਿੱਤੇ ਹਨ, ਜਿਨ੍ਹਾਂ 'ਚ ਕੰਪਨੀ ਬਾਗ ਦੀ ਬੀ. ਓ. ਟੀ. ਪਾਰਕਿੰਗ ਦਾ ਠੇਕਾ ਵੀ ਸ਼ਾਮਲ ਹੈ, ਜਿਸ ਦੀ ਰਿਜ਼ਰਵ ਪ੍ਰਾਈਸ 25 ਲੱਖ ਰੁਪਏ ਸਾਲਾਨਾ ਰੱਖੀ ਗਈ ਹੈ। ਰੰਗਲਾ ਵਿਹੜਾ ਦੀ ਪਾਰਕਿੰਗ ਦੀ ਰਿਜ਼ਰਵ ਪ੍ਰਾਈਸ 12.50 ਲੱਖ ਰੁਪਏ ਰੱਖੀ ਗਈ ਹੈ।


shivani attri

Content Editor

Related News